ਜਲੰਧਰ, 16 ਜਨਵਰੀ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਜ਼ਿਲ੍ਹੇ ਵਿੱਚ ਲੰਘੇ ਵਰ੍ਹੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵੱਖ-ਵੱਖ ਵਿਭਾਗਾਂ ਦੇ 27 ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਪਰਾਲੀ ਪ੍ਰਬੰਧਨ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ ਜ਼ਿਲ੍ਹੇ ਅੰਦਰ ਖੇਤਾਂ ਵਿੱਚ ਪਰਾਲੀ ਸਾੜਨ ਦੇ 1196 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਸਾਲ 2024 ਦੌਰਾਨ 87 ਫੀਸਦੀ ਗਿਰਾਵਟ ਆਈ।

ਸਨਮਾਨ ਹਾਸਲ ਕਰਨ ਵਾਲੇ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪਣਾਈ ਬਹੁਪੱਖੀ ਰਣਨੀਤੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਟੀਮ ਵਰਕ ਸਦਕਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਪਿਛਲੇ ਸਾਲਾਂ ਨਾਲੋਂ ਘੱਟ ਕਰਨ ਵਿੱਚ ਕਾਮਯਾਬੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਨਾ ਸਿਰਫ਼ ਆਪਣੀ ਡਿਊਟੀ ਨਿਭਾਈ ਹੈ ਬਲਕਿ ਵਾਤਾਵਰਣ ਦੀ ਸੰਭਾਲ ਵਿੱਚ ਵੀ ਯੋਗਦਾਨ ਪਾਇਆ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਭਵਿੱਖ ਵਿੱਚ ਵੀ ਆਪਣੀ ਡਿਊਟੀ ਇਸੇ ਜੋਸ਼ ਅਤੇ ਸਮਰਪਣ ਨਾਲ ਨਿਭਾਉਣ ਲਈ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਫ਼ਸਲਾਂ ਦੀ ਰਹਿੰਦ-ਖੂਹੰਦ ਸਾੜਨ ਦੇ ਮਾਮਲਿਆਂ ਨੂੰ ਜ਼ੀਰੋ ਕਰਨ ਲਈ ਉਪਰਾਲਿਆਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਵੀ ਸ਼ਲਾਘਾ ਕੀਤੀ।

ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਐਸ.ਡੀ.ਐਮ. ਆਦਮਪੁਰ ਵਿਵੇਕ ਮੋਦੀ, ਐਸ.ਡੀ.ਐਮ. ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ, ਐਸ.ਡੀ.ਐਮ. ਨਕੋਦਰ ਲਾਲ ਵਿਸ਼ਵਾਸ, ਜਲੰਧਰ-1 ਰਣਦੀਪ ਸਿੰਘ ਹੀਰ, ਐਸ.ਡੀ.ਐਮ. ਸ਼ਾਹਕੋਟ ਸ਼ੁਭੀ ਆਂਗਰਾ, ਐਸ.ਡੀ.ਐਮ. ਫਿਲੌਰ ਅਮਨਪਾਲ ਸਿੰਘ, ਡੀ.ਐਸ.ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ, ਡੀ.ਐਸ.ਪੀ. ਨਕੋਦਰ ਸੁਖਪਾਲ ਸਿੰਘ, ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੰਦੀਪ ਕੁਮਾਰ, ਸਬ ਡਵੀਜ਼ਨਲ ਅਫ਼ਸਰ ਪੀ.ਐਸ.ਪੀ.ਸੀ.ਐਲ.ਬਲਵਿੰਦਰ ਸਿੰਘ, ਨਾਇਬ ਤਹਿਸੀਲਦਾਰ ਨਕੋਦਰ ਗੁਰਦੀਪ ਸੰਧੂ, ਨਾਇਬ ਤਹਿਸੀਲਦਾਰ ਜਲੰਧਰ-2 ਅਮਰਜੀਤ ਸਿੰਘ, ਖੇਤੀਬਾੜੀ ਅਫ਼ਸਰ ਜਸਬੀਰ ਸਿੰਘ, ਏ.ਏ.ਈ. ਨਵਦੀਪ ਸਿੰਘ, ਖੇਤੀ ਵਿਕਾਸ ਅਫ਼ਸਰ ਰਮਨਦੀਪ, ਲਖਵੀਰ ਸਿੰਘ ਅਤੇ ਅਮਰੀਕ ਸਿੰਘ, ਕਾਰਜਕਾਰੀ ਅਫ਼ਸਰ ਨਗਰ ਪੰਚਾਇਤ ਬਿਲਗਾ ਬਲਜੀਤ ਸਿੰਘ, ਡਿਪਟੀ ਪ੍ਰਾਜੈਕਟ ਡਾਇਰੈਕਟਰ (ਆਤਮਾ) ਵਿਪੁਲ ਛਾਬੜਾ, ਐਗਰੀ ਐਕਸਟੈਂਸ਼ਨ ਅਫ਼ਸਰ ਮੋਹਿੰਦਰ ਸਿੰਘ, ਸੁਰਿੰਦਰਪਾਲ, ਜਸਵੰਤ ਸਿੰਘ ਅਤੇ ਕੁਲਵਿੰਦਰ ਕੌਰ, ਇੰਸਪੈਕਟਰ ਕੋ-ਆਪ੍ਰੇਟਿਵ ਸੁਸਾਇਟੀ ਸ਼ਾਹਕੋਟ ਮਿਤਲੇਸ਼ ਕੁਮਾਰ, ਐਸ.ਐਚ.ਓ. ਭੋਗਪੁਰ ਯਾਦਵਿੰਦਰ ਸਿੰਘ ਤੇ ਐਸ.ਐਚ.ਓ. ਫਿਲੌਰ ਸੰਜੀਵ ਕਪੂਰ ਅਤੇ ਪੰਚਾਇਤ ਸਕੱਤਰ ਸ਼ਾਹਕੋਟ ਅਮਨਦੀਪ ਸਿੰਘ ਸ਼ਾਮਲ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
——-


















































