ਤਰਨਤਾਰਨ, 31 ਅਕਤੂਬਰ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀਆਂ ਸਰਕਾਰੀ ਟਰਾਂਸਪੋਰਟ ਸੇਵਾਵਾਂ ਦੇ ਬਹੁਤ ਹੀ ਚਲਾਕੀ ਅਤੇ ਯੋਜਨਾਬੱਧ ਤਰੀਕੇ ਨਾਲ ਨਿੱਜੀਕਰਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਪੀਆਰਟੀਸੀ ਅਤੇ ਪਨਬੱਸ ਕਰਮਚਾਰੀ ਯੂਨੀਅਨ ਦੇ ਕਰਮਚਾਰੀਆਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਹੈ।
ਇੱਥੇ ਤਰਨਤਾਰਨ ਵਿਖੇ ਵਿਰੋਧ ਪ੍ਰਦਰਸ਼ਨ ਕਰਨ ਵਾਲੀਆਂ ਟਰਾਂਸਪੋਰਟ ਯੂਨੀਅਨਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਨੂੰ ਸ਼ਾਮਲ ਕਰਕੇ ਸਰਕਾਰੀ ਟਰਾਂਸਪੋਰਟ ਸੇਵਾਵਾਂ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਵਿੱਚ ਟਰਾਂਸਪੋਰਟ ਸੇਵਾਵਾਂ ਦੇ ਅੰਤਮ ਨਿੱਜੀਕਰਨ ਨੂੰ ਸ਼ੁਰੂ ਕਰਨ ਲਈ ਇਕ ਚਲਾਕੀ ਭਰਿਆ ਕਦਮ ਹੈ।
ਇਸ ਮੌਕੇ ਯੂਨੀਅਨ ਮੈਂਬਰਾਂ ਨੇ ਵੜਿੰਗ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਕਿਸ ਤਰ੍ਹਾਂ ਪਿਛਲੀ ਕਾਂਗਰਸ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਵਜੋਂ ਉਨ੍ਹਾਂ ਦੇ ਥੋੜ੍ਹੇ ਸਮੇਂ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਸਰਕਾਰੀ ਟ੍ਰਾਂਸਪੋਰਟ ਦੇ ਬਚਾਅ ਨੂੰ ਯਕੀਨੀ ਬਣਾਇਆ ਸੀ।
ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ ‘ਆਪ’ ਵੱਲੋਂ ਸਰਕਾਰੀ ਟਰਾਂਸਪੋਰਟ ਦੀਆਂ ਸੇਵਾਵਾਂ ਨੂੰ ਪ੍ਰਾਈਵੇਟ ਖਿਡਾਰੀਆਂ ਨੂੰ ਵੇਚਣ ਦੇ ਇਰਾਦੇ ਤੋਂ ਹੈਰਾਨ ਨਹੀਂ ਹਨ। ਕਿਉਂਕਿ “ਆਪ’ ਵੱਲੋਂ ਭਾਜਪਾ ਦੇ ਨਕਸ਼ੇ ਕਦਮਾਂ ਉੱਪਰ ਚਲਿਆ ਜਾ ਰਿਹਾ ਹੈ, ਜਿਸਨੇ ਪਹਿਲਾਂ ਹੀ ਦੇਸ਼ ਦੇ ਜ਼ਿਆਦਾਤਰ ਪੀਐਸਯੂ ਨੂੰ ਆਪਣੇ ਕੁਝ ਪਸੰਦੀਦਾ ਲੋਕਾਂ ਨੂੰ ਵੇਚ ਦਿੱਤਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਗਲੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ‘ਤੇ, ਜਨਤਕ ਖੇਤਰ ਦੀ ਟ੍ਰਾਂਸਪੋਰਟ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਪੂਰੀ ਤਰ੍ਹਾਂ ਓਵਰਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਜਨਤਕ ਖੇਤਰ ਵਿੱਚ ਸਭ ਤੋਂ ਵਧੀਆ ਸਟੇਟ ਟ੍ਰਾਂਸਪੋਰਟ ਪ੍ਰਣਾਲੀਆਂ ਵਿੱਚੋਂ ਇੱਕ ਹੋਵੇਗਾ।
ਬਾਅਦ ਵਿੱਚ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਸਮਰਥਨ ਵਿੱਚ ‘ਘਰ-ਘਰ’ ਪ੍ਰਚਾਰ ਮੁਹਿੰਮ ਦੌਰਾਨ, ਸੂਬਾ ਕਾਂਗਰਸ ਪ੍ਰਧਾਨ ਨੇ ਤਰਨਤਾਰਨ ਵਿੱਚ ‘ਆਪ’ ਸਰਕਾਰ ਵਿਰੁੱਧ ਵੱਖ-ਵੱਖ ਲੋਕਾਂ ਅਤੇ ਸੰਗਠਨਾਂ ਦੁਆਰਾ ਰੋਜ਼ਾਨਾ ਕੀਤੇ ਜਾ ਰਹੇ ‘ਧਰਨਿਆਂ’ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਹਵਾਲਾ ਦਿੱਤਾ।
ਉਨ੍ਹਾਂ ਨੇ ਆਪ ਸਰਕਾਰ ਦੇ ਧੋਖੇ ਦੇ ਸ਼ਿਕਾਰ ਅਤੇ ਨਿਰਾਸ਼ ਲੋਕਾਂ ਵੱਲੋਂ ਆਏ ਦਿਨ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਪੰਜਾਬ ਵਿੱਚ ‘ਆਪ’ ਸਰਕਾਰ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਾ ਹੈ, ਤਾਂ ਉਸਨੂੰ ਤਰਨਤਾਰਨ ਜਾਣਾ ਚਾਹੀਦਾ ਹੈ ਅਤੇ ਉਥੇ ਖੁਦ ਫੈਸਲਾ ਕਰਨਾ ਚਾਹੀਦਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕ ਕਾਂਗਰਸ ਦੀ ਸੱਤਾ ਵਿੱਚ ਵਾਪਸੀ ਦੀ ਉਡੀਕ ਕਰ ਰਹੇ ਹਨ, ਤਾਂ ਜੋ ਪੰਜਾਬ ਦੀ ਵਾਗਡੋਰ ਉਸ ਹੱਥ ਸੰਭਾਲੀ ਜਾ ਸਕੇ ਅਤੇ ਸੂਬੇ ਨੂੰ ਵਾਪਸ ਤਰੱਕੀ ਦੀ ਪਟੜੀ ‘ਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਇਸ ਗੱਲ ‘ਤੇ ਪਛਤਾਵਾ ਕਰ ਰਹੇ ਹਨ ਕਿ ਉਨ੍ਹਾਂ ਨੇ ‘ਆਪ’ ਦੇ ਲੁਭਾਉਣੇ ਵਾਅਦਿਆਂ ‘ਤੇ ਭਰੋਸਾ ਕਰਕੇ ਪਹਿਲਾਂ ਹੀ ਕੀਮਤੀ ਚਾਰ ਸਾਲ ਬਰਬਾਦ ਕਰ ਦਿੱਤੇ ਹਨ, ਜੋ ਆਖਰਕਾਰ ਝੂਠੇ ਸਾਬਤ ਹੋਏ।
