ਚੰਡੀਗੜ੍ਹ, 3 ਨਵੰਬਰ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਵ. ਸ. ਬੂਟਾ ਸਿੰਘ ਜੀ ਉਨ੍ਹਾਂ ਲਈ ਇੱਕ ਪਿਤਾ ਸਮਾਨ ਸਨ ਅਤੇ ਉਹ ਕਦੇ ਵੀ ਉਨ੍ਹਾਂ ਦਾ ਜਾਂ ਕਿਸੇ ਹੋਰ ਦਾ ਅਪਮਾਨ ਨਹੀਂ ਕਰ ਸਕਦੇ।
ਇਸ ਲੜੀ ਹੇਠ, ਤਰਨਤਾਰਨ ਜ਼ਿਮਨੀ ਚੋਣਾਂ ਲਈ ਪ੍ਰਚਾਰ ਦੌਰਾਨ ਉਨ੍ਹਾਂ ਦੇ ਇੱਕ ਭਾਸ਼ਣ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ‘ਸੁਓ ਮੋਟੋ’ ਨੋਟਿਸ ਲੈਣ ਸਬੰਧੀ ਖਬਰਾਂ ਤੇ ਪ੍ਰਤੀਕ੍ਰਿਆ ਦਿੰਦਿਆਂ, ਵੜਿੰਗ ਨੇ ਕਿਹਾ ਕਿ ਉਹ ਇਕ ਵਾਰ ਫਿਰ ਤੋਂ ਸਪੱਸ਼ਟ ਕਰਦੇ ਅਤੇ ਦੁਹਰਾਉਂਦੇ ਹਨ ਕਿ ਉਨ੍ਹਾਂ ਦਾ ਮਤਲਬ ਸਵ. ਸ. ਬੂਟਾ ਸਿੰਘ ਜੀ ਦਾ ਅਪਮਾਨ ਕਰਨਾ ਨਹੀਂ ਸੀ ਅਤੇ ਜੇਕਰ ਕਿਸੇ ਨੂੰ ਵੀ ਠੇਸ ਪਹੁੰਚੀ ਹੈ, ਤਾਂ ਉਹ ਬਗੈਰ ਕਿਸੇ ਸ਼ਰਤ ਮੁਆਫ਼ੀ ਮੰਗਦੇ ਹਨ।
ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਵ. ਸ. ਬੂਟਾ ਸਿੰਘ ਜੀ ਬਾਰੇ ਜਿਹੜਾ ਵੀ ਜ਼ਿਕਰ ਕੀਤਾ, ਉਹ ਕਾਂਗਰਸ ਪਾਰਟੀ ਦੇ ਇੱਕ ਸੰਮਲਿਤ ਸੰਗਠਨ ਹੋਣ ਦੇ ਸਕਾਰਾਤਮਕ ਸੰਦਰਭ ਵਿੱਚ ਸੀ। ਕਾਂਗਰਸ ਯੋਗਤਾ ਅਤੇ ਕੁਸ਼ਲਤਾ ਦੇ ਅਧਾਰ ‘ਤੇ ਸਾਰਿਆਂ ਨੂੰ ਮੌਕਾ ਪ੍ਰਦਾਨ ਕਰਦੀ ਹੈ ਅਤੇ ਜਾਤ, ਨਸਲ ਜਾਂ ਧਰਮ ਦੇ ਨਾਮ ‘ਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੀ।
ਵੜਿੰਗ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਉਨ੍ਹਾਂ ਨੇ ਸਵ. ਸ. ਬੂਟਾ ਸਿੰਘ ਜੀ ਨੂੰ ਇੱਕ ਮਹਾਨ ਆਗੂ ਅਤੇ ਪਿਤਾ ਸਮਾਨ ਹਸਤੀ ਵਜੋਂ ਸਭ ਤੋਂ ਵੱਧ ਸਤਿਕਾਰ ਦਿੰਦੇ ਹਨ। ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ, ਤਾਂ ਉਹ ਇਕ ਵਾਰ ਫਿਰ ਤੋਂ ਬਿਨ੍ਹਾਂ ਕਿਸੇ ਸ਼ਰਤ ਮੁਆਫੀ ਮੰਗਦੇ ਹਨ।

















































