ਪੰਜਾਬ ਕਾਂਗਰਸ ਨੇ ‘ਵੋਟ-ਚੋਰੀ’ ਖਿਲਾਫ 26,85,828 ਦਸਤਖ਼ਤ ਸੌਂਪੇ

ਨਵੀਂ ਦਿੱਲੀ/ਚੰਡੀਗੜ੍ਹ, 20 ਨਵੰਬਰ: ਪੰਜਾਬ ਕਾਂਗਰਸ ਦੇ ਆਗੂਆਂ ਨੇ ਅੱਜ ‘ਵੋਟ-ਚੋਰੀ’ ਖਿਲਾਫ਼ ਪਾਰਟੀ ਹਾਈ ਕਮਾਂਡ ਨੂੰ 26,85,828 ਦਸਤਖ਼ਤ ਸੌਂਪੇ।

ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਪੰਜਾਬ ਭੁਪੇਸ਼ ਬਘੇਲ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਜਨਰਲ ਸਕੱਤਰ ਸੰਗਠਨ ਕੇਸੀ ਵੇਣੂਗੋਪਾਲ ਨੂੰ ਦਸਤਖ਼ਤ ਕੀਤੇ ਫਾਰਮ ਸੌਂਪੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਬਘੇਲ ਨੇ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਪਾਰਟੀ ਨੂੰ ਸੂਬੇ ਤੋਂ ਲਗਭਗ 27 ਲੱਖ ਦਸਤਖ਼ਤ ਮਿਲੇ ਹਨ।

ਸੂਬਾ ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ਵੋਟ ਚੋਰੀ ਵਿਰੁੱਧ ਮੁਹਿੰਮ ਨੂੰ ਪੰਜਾਬ ਵਿੱਚ ਸ਼ਾਨਦਾਰ ਸਮਰਥਨ ਮਿਲਿਆ ਹੈ, ਜੋ ਵੋਟ ਚੋਰੀ ਖਿਲਾਫ਼ ਫਾਰਮਾਂ ‘ਤੇ ਦਸਤਖ਼ਤ ਕਰਨ ਵਾਲੇ ਲੋਕਾਂ ਦੀ ਗਿਣਤੀ ਤੋਂ ਸਪੱਸ਼ਟ ਹੈ।

ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਤੋਂ ਇਲਾਵਾ, ਸੂਬਾ ਯੂਥ ਕਾਂਗਰਸ ਅਤੇ ਮਹਿਲਾ ਕਾਂਗਰਸ ਨੇ ਵੀ ਸੂਬੇ ਵਿੱਚ ਵੋਟ ਚੋਰੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਯੋਗਦਾਨ ਪਾਇਆ ਹੈ।

ਉੱਥੇ ਹੀ, ਵਿਰੋਧੀ ਧਿਰ ਦੇ ਲੀਡਰ ਬਾਜਵਾ ਨੇ ਕਿਹਾ ਕਿ ਪੰਜਾਬ ਭਾਜਪਾ ਦੀ “ਵੋਟ ਚੋਰੀ” ਮੁਹਿੰਮ ਨੂੰ ਜ਼ਰੂਰ ਰੋਕੇਗਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਉਹ ਪੂਰੇ ਵਿਸ਼ਵਾਸ ਅਤੇ ਪੂਰੀ ਗਰੰਟੀ ਨਾਲ ਕਹਿ ਸਕਦੇ ਹਨ ਕਿ ਪੰਜਾਬ ਵੋਟ ਚੋਰੀ ਨੂੰ ਰੋਕੇਗਾ।

ਇਸ ਦੌਰਾਨ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ, ਹਰਿਆਣਾ ਕਾਂਗਰਸ ਦੇ ਪ੍ਰਧਾਨ ਰਾਓ ਨਰਿੰਦਰ ਸਿੰਘ ਅਤੇ ਅਸਾਮ ਦੇ ਇੰਚਾਰਜ ਜਨਰਲ ਸਕੱਤਰ ਭੰਵਰ ਜਤਿੰਦਰ ਸਿੰਘ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top