ਪੰਜਾਬ ਸਰਕਾਰ ਖੇਡਾਂ ’ਚ ਸੂਬੇ ਨੂੰ ਮੋਹਰੀ ਬਣਾਉਣ ਲਈ ਵਚਨਬੱਧ :  ਹਰਦੀਪ ਸਿੰਘ ਮੁੰਡੀਆਂ

ਜਲੰਧਰ, 25 ਅਕਤੂਬਰ : ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਜਲੰਧਰ ਦੇ ਬਰਲਟਨ ਪਾਰਕ ਵਿਖੇ 41ਵੇਂ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਸ਼ਿਰਕਤ ਕੀਤੀ ਗਈ। ਪਹਿਲੇ ਮੈਚ ‘ਚ ਭਾਰਤ ਪੈਟਰੋਲੀਅਮ ਨੇ ਭਾਰਤੀ ਰੇਲਵੇ ‘ਤੇ ਜਿੱਤ ਦਰਜ ਕੀਤੀ, ਜਦਕਿ ਦੂਜੇ ਮੈਚ ‘ਚ ਇੰਡੀਅਨ ਆਇਲ ਅਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ।
ਮੰਤਰੀ ਨੇ ਇਸ ਵੱਕਾਰੀ ਖੇਡ ਸਮਾਗਮ ਦੌਰਾਨ ‘ਸਪੋਰਟਸ ਸਿਟੀ’ ਜਲੰਧਰ ਦੀ ਆਪਣੀ ਪਹਿਲੀ ਅਧਿਕਾਰਕ ਫੇਰੀ ‘ਤੇ ਮਾਣ ਪ੍ਰਗਟ ਕੀਤਾ।ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ। ਉਨ੍ਹਾਂ ਇਸ ਮੌਕੇ ਖੇਡਾਂ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਬਹਾਲ ਕਰਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ। ‘ਖੇਡ ਵਤਨ ਪੰਜਾਬ ਦੀਆਂ’ ਵਰਗੀਆਂ ਪਹਿਲਕਦਮੀਆਂ ਦੀ ਸਫ਼ਲਤਾ ਨੂੰ ਉਜਾਗਰ ਕਰਦਿਆਂ ਮੰਤਰੀ ਨੇ ਵੱਡੀ ਗਿਣਤੀ ਲੋਕਾਂ ਦੀ ਭਾਗੀਦਾਰੀ ਅਤੇ ਉੱਭਰਦੇ ਅਥਲੀਟਾਂ ਨੂੰ ਭਰਪੂਰ ਮੌਕੇ ਮੁਹੱਈਆ ਕਰਵਾਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਵੀ ਜ਼ਿਕਰ ਕੀਤਾ।
ਸ਼੍ਰੀ ਮੁੰਡੀਆਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਮਗਾ ਜਿੱਤਣ ਵਾਲੇ ਅਥਲੀਟਾਂ ਨੂੰ ਹੁਣ ਉੱਚ ਪੱਧਰੀ ਸਰਕਾਰੀ ਅਹੁਦਿਆਂ ਸਮੇਤ ਢੁੱਕਵੀਂ ਮਾਨਤਾ ਮਿਲ ਰਹੀ ਹੈ, ਜੋ ਕਿ ਸੂਬੇ ਦੀ ਨਵੀਂ ਖੇਡ ਨੀਤੀ ਨੂੰ ਦਰਸਾਉਂਦਾ ਹੈ।


ਓਲੰਪੀਅਨ ਸੁਰਜੀਤ ਹਾਕੀ ਸੁਸਾਇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਸੁਰਜੀਤ ਸਿੰਘ ਰੰਧਾਵਾ ਦੀ ਯਾਦ ਵਿੱਚ ਕਰਵਾਏ ਸਾਲਾਨਾ ਟੂਰਨਾਮੈਂਟ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖਿੱਤੇ ਵਿੱਚ ਹਾਕੀ ਅਤੇ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਕੈਡਮੀ ਅਤੇ ਸੁਸਾਇਟੀ ਨੂੰ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਮੰਗਲ ਸਿੰਘ, ਸੀਨੀਅਰ ਆਪ ਆਗੂ ਰਾਜਵਿੰਦਰ ਕੌਰ ਥਿਆੜਾ, ਹਨੀ, ਸਕੱਤਰ ਓਲੰਪੀਅਨ ਸੁਰਜੀਤ ਹਾਕੀ ਸੁਸਾਇਟੀ ਰਣਬੀਰ ਸਿੰਘ ਟੁੱਟ ਆਦਿ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਮੰਤਰੀ ਨੇ ਹਾਫ਼ ਟਾਈਮ ਦੌਰਾਨ ਦੋਵੇਂ ਟੀਮਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਮੈਚ ਦੌਰਾਨ ਖੇਡ ਭਾਵਨਾ ਦਿਖਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਭਰਦੇ ਖਿਡਾਰੀਆਂ ਨੂੰ ਹਾਕੀ ਦੀ ਸਿਖ਼ਲਾਈ ਦੇਣ ਲਈ ਕੁਝ ਹਾਕੀ ਕੋਚਾਂ ਦਾ ਸਨਮਾਨ ਵੀ ਕੀਤਾ।

Leave a Comment

Your email address will not be published. Required fields are marked *

Scroll to Top