ਬਜ਼ੁਰਗਾਂ ਦੀ ਭਲਾਈ, ਸਿਹਤ ਅਤੇ ਜਾਗਰੂਕਤਾ ਲਈ ਪੰਜਾਬ ਸਰਕਾਰ ਵੱਲੋਂ ਕਰੀਬ 24 ਕਰੋੜ ਰੁਪਏ ਖਰਚ ਕੀਤੇ ਜਾਣਗੇ

ਚੰਡੀਗੜ੍ਹ, 1 ਜਨਵਰੀ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ, ਸੁਰੱਖਿਆ ਅਤੇ ਇੱਜ਼ਤ ਭਰੀ ਜ਼ਿੰਦਗੀ ਯਕੀਨੀ ਬਣਾਉਣ ਲਈ ਲਗਾਤਾਰ ਸੰਵੇਦਨਸ਼ੀਲ ਅਤੇ ਕਾਰਜਸ਼ੀਲ ਹੈ। ਇਸੇ ਕੜੀ ਤਹਿਤ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੰਜਾਬ ਭਵਨ, ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਬਜ਼ੁਰਗਾਂ ਲਈ ਰਾਜ-ਪੱਧਰੀ ਮੁਹਿੰਮ “ਸਾਡੇ ਬਜ਼ੁਰਗ ਸਾਡਾ ਮਾਣ” ਦੀ ਸ਼ੁਰੂਆਤ 16 ਜਨਵਰੀ ਤੋਂ ਜ਼ਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਤੋਂ ਕੀਤੀ ਜਾਵੇਗੀ।


ਡਾ. ਬਲਜੀਤ ਕੌਰ ਨੇ ਦੱਸਿਆ ਕਿ ਹਰ ਸਾਲ 1 ਅਕਤੂਬਰ ਨੂੰ ਬਜ਼ੁਰਗਾਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸੰਦਰਭ ਵਿੱਚ ਪੰਜਾਬ ਸਰਕਾਰ ਵੱਲੋਂ ਸਾਲ 2023 ਤੋਂ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਚਲਾਈ ਜਾ ਰਹੀ ਹੈ। ਸਾਲ 2023 ਦੌਰਾਨ ਲਗਾਏ ਗਏ ਕੈਂਪਾਂ ਵਿੱਚ 20,110 ਰਜਿਸਟ੍ਰੇਸ਼ਨ ਹੋਈਆਂ, ਜਿਨ੍ਹਾਂ ਤਹਿਤ ਅੱਖਾਂ, ਕੰਨ-ਨੱਕ-ਗਲਾ (ENT), ਮੋਤੀਆ ਸਰਜਰੀ ਦੀ ਜਾਂਚ, ਐਨਕਾਂ ਦੀ ਵੰਡ, ਪੈਨਸ਼ਨ ਫਾਰਮ, ਸੀਨੀਅਰ ਸਿਟੀਜ਼ਨ ਕਾਰਡ ਅਤੇ ਆਯੁਸ਼ਮਾਨ ਕਾਰਡ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।


ਉਨ੍ਹਾਂ ਕਿਹਾ ਕਿ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਸਾਲ 2026 ਵਿੱਚ ਵੀ ਇਹ ਮੁਹਿੰਮ ਪੂਰੇ ਰਾਜ ਵਿੱਚ ਜ਼ਿਲ੍ਹਾ-ਵਾਰ ਕੈਂਪਾਂ ਰਾਹੀਂ ਚਲਾਈ ਜਾਵੇਗੀ। ਇਨ੍ਹਾਂ ਕੈਂਪਾਂ ਵਿੱਚ ਬਜ਼ੁਰਗਾਂ ਨੂੰ ਮੁਫ਼ਤ ਸਿਹਤ ਸਹੂਲਤਾਂ, ਮੋਤੀਆਬਿੰਦ ਸਰਜਰੀ, ਜੈਰੀਆਟ੍ਰਿਕ ਜਾਂਚ, ਕੰਨ-ਨੱਕ-ਗਲਾ ਜਾਂਚ, ਯੋਗਾ ਸੈਸ਼ਨ, ਕਾਨੂੰਨੀ ਜਾਗਰੂਕਤਾ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।


ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਬਜ਼ੁਰਗਾਂ ਲਈ ਰਾਜ ਸਰਕਾਰ ਦੀ ਕਾਰਜ ਯੋਜਨਾ ਵਿੱਤੀ ਸਾਲ 2025-26 ਤਹਿਤ 786.83 ਲੱਖ ਰੁਪਏ ਖਰਚ ਕੀਤੇ ਜਾਣਗੇ, ਜਿਸ ਅਧੀਨ ਮੁਫ਼ਤ ਮੈਡੀਕਲ ਕੈਂਪ, ਐਨ.ਸੀ.ਡੀ.ਅਤੇ ਡਿਮੈਂਸ਼ੀਆ ਸਕ੍ਰੀਨਿੰਗ, ਜੈਰੀਆਟ੍ਰਿਕ ਕੇਅਰਗਿਵਰਾਂ ਦੀ ਟ੍ਰੇਨਿੰਗ, ਰਾਜ-ਪੱਧਰੀ ਮੀਡੀਆ ਅਤੇ ਜਾਗਰੂਕਤਾ ਅਭਿਆਨ ਚਲਾਏ ਜਾਣਗੇ। ਇਸ ਦੇ ਨਾਲ ਹੀ ਬਜ਼ੁਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੁਫ਼ਤ ਹੈਲਪਲਾਈਨ ਨੰਬਰ 14567 ਵੀ ਚਲਾਈ ਜਾ ਰਹੀ ਹੈ।


ਉਨ੍ਹਾਂ ਨੇ ਸਪਸ਼ਟ ਕੀਤਾ ਕਿ ਬਜ਼ੁਰਗਾਂ ਦੀ ਭਲਾਈ, ਸਿਹਤ ਸੇਵਾਵਾਂ, ਓਲਡ ਏਜ ਹੋਮਾਂ, ਡੇ ਕੇਅਰ ਸੈਂਟਰਾਂ, ਜਾਗਰੂਕਤਾ ਅਭਿਆਨਾਂ ਅਤੇ ਹੋਰ ਸੰਬੰਧਤ ਗਤੀਵਿਧੀਆਂ ਲਈ ਪੰਜਾਬ ਸਰਕਾਰ ਵੱਲੋਂ ਕੁੱਲ ਮਿਲਾ ਕੇ ਕਰੀਬ 24 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜੋ ਕਿ ਬਜ਼ੁਰਗਾਂ ਪ੍ਰਤੀ ਮਾਨ ਸਰਕਾਰ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।


ਡਾ. ਬਲਜੀਤ ਕੌਰ ਨੇ ਦੱਸਿਆ ਕਿ
ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕਾਂ ਦੀ ਪਾਲਣਾ ਅਤੇ ਭਲਾਈ ਐਕਟ, 2007 ਤਹਿਤ ਬਜ਼ੁਰਗਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨੀ ਪ੍ਰਬੰਧ ਕੀਤੇ ਗਏ ਹਨ ਅਤੇ Maintenance Tribunal ਤੇ Appellate Tribunal ਰਾਹੀਂ ਹੁਣ ਤੱਕ ਹਜ਼ਾਰਾਂ ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।


ਉਨ੍ਹਾਂ ਅੱਗੇ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਰਾਜ ਦੇ 14 ਜ਼ਿਲ੍ਹਿਆਂ ਵਿੱਚ ਸਥਿਤ ਓਲਡ ਏਜ ਹੋਮਾਂ ਲਈ 6.82 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ, ਜਦਕਿ ਬਰਨਾਲਾ ਅਤੇ ਮਾਨਸਾ ਵਿਖੇ ਚੱਲ ਰਹੇ ਡੇ ਕੇਅਰ ਸੈਂਟਰਾਂ ਨੂੰ 2.5 ਲੱਖ ਰੁਪਏ ਪ੍ਰਤੀ ਕੇਂਦਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।


ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ 72 ਬੈੱਡਾਂ ਦੀ ਸਮਰੱਥਾ ਵਾਲੇ ਸਰਕਾਰੀ ਬਿਰਧ ਘਰ ਦਾ ਉਦਘਾਟਨ 10 ਜਨਵਰੀ 2026 ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਕੀਤਾ ਜਾਵੇਗਾ।


ਅੰਤ ਵਿੱਚ ਡਾ. ਬਲਜੀਤ ਕੌਰ ਨੇ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪੱਧਰੀ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦਾ ਪੂਰਾ ਲਾਭ ਪ੍ਰਾਪਤ ਕਰਨ।

Leave a Comment

Your email address will not be published. Required fields are marked *

Scroll to Top