ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਜਰੀਵਾਲ ਲਈ ਰਾਜ ਸਭਾ ਲਈ ਜਗ੍ਹਾ ਖਾਲੀ ਕਰਵਾਉਣ ਲਈ ਲੁਧਿਆਣਾ ਦੀਆਂ ਸੜਕਾਂ ‘ਤੇ ਘੁੰਮਣ ਲਈ ਅਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਆਪਣੀ ਹਾਰ ਵੱਲ ਦੇਖ ਰਹੀ ਹੈ ਅਤੇ ਇਸੇ ਲਈ ਇਸ ਦੇ ਦੋ ਸਭ ਤੋਂ ਸੀਨੀਅਰ ਆਗੂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇੱਥੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਭਾਵੇਂ ਕਿ ਅਜੇ ਤੱਕ ਜ਼ਿਮਨੀ ਚੋਣ ਦਾ ਐਲਾਨ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਦੋਵੇਂ ਆਗੂ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਲਈ ਚੋਣ ਪ੍ਰਚਾਰ ਕਰ ਰਹੇ ਹਨ, ਜਿਸ ਦਾ ਅਜੇ ਤੱਕ ਐਲਾਨ ਵੀ ਨਹੀਂ ਹੋਇਆ। “ ਦਰਅਸਲ ਇਹ ਜੋੜੀ ਕੇਜਰੀਵਾਲ ਲਈ ਰਾਜ ਸਭਾ ਵਿੱਚ ਖਾਲੀ ਥਾਂ ਬਣਾਉਣ ਲਈ ਆਪਣੀ ਬੇਚੈਨੀ ਦਿਖਾ ਰਹੀ ਹੈ”, ਉਹਨਾਂ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਕੁਝ ਵੀ ਹੋ ਜਾਵੇ, ‘ਆਪ’ ਲੁਧਿਆਣਾ ਪੱਛਮੀ ਨੂੰ ਕਦੇ ਨਹੀਂ ਜਿੱਤ ਸਕਦੀ।
ਵੜਿੰਗ, ਜੋ ਕਿ ਲੁਧਿਆਣਾ ਤੋਂ ਸਾਂਸਦ ਹਨ, ਨੇ ਦੱਸਿਆ, ਦੋਵੇਂ ਆਗੂ ਪਾਰਟੀ ਸੁਪਰੀਮੋ ਲਈ ਰਾਜ ਸਭਾ ਦੀ ਥਾਂ ਖਾਲੀ ਕਰਨ ਦੀ ਬੇਚੈਨ ਕੋਸ਼ਿਸ਼ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਘੁੰਮਦੇ ਦਿਖਾਈ ਦੇ ਰਹੇ ਹਨ।
ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ‘ਆਪ’ ਦੇ ਆਗੂ ਭਾਵੇਂ ਜਿੰਨੇ ਮਰਜ਼ੀ ਲੁਧਿਆਣੇ ਆਉਣ ਅਤੇ ਜਿੰਨੀ ਮਰਜ਼ੀ ਸਾਧਨਾਂ ਦੀ ਦੁਰਵਰਤੋਂ ਕਰ ਲੈਣ ਪਰ ਲੋਕ ਹੁਣ ਉਨ੍ਹਾਂ ਦੇ ਝੂਠੇ ਵਾਅਦਿਆਂ ਦੇ ਲਾਲਚ ਵਿੱਚ ਨਹੀਂ ਆਉਣਗੇ।
‘ਆਪ’ ਸੁਪਰੀਮੋ ਕੇਜਰੀਵਾਲ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਇੱਕ ਪਾਰਟੀ ਦਾ ਨੇਤਾ ਜੋ ਆਪਣੇ ਆਪ ਨੂੰ “ਰਾਸ਼ਟਰੀ ਪਾਰਟੀ” ਦਾ ਦਾਅਵਾ ਕਰਦੀ ਹੈ, ਵਿਧਾਨ ਸਭਾ ਜ਼ਿਮਨੀ ਚੋਣ ਲਈ ਜਿਸਦੀ ਅਜੇ ਤੱਕ ਘੋਸ਼ਣਾ ਵੀ ਨਹੀਂ ਹੋਈ, ਅੱਜ ਲੁਧਿਆਣਾ ਦੀਆਂ ਗਲੀਆਂ ਵਿੱਚ ਘੁੰਮ ਰਹੀ ਹੈ।

















































