ਰਾਜਾ ਵੜਿੰਗ ਨੇ ਗਿੱਦੜਬਾਹਾ ਤੋਂ ਅਮਰਜੀਤ ਕੌਰ ਸਾਹੋਕੇ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ

ਚੰਡੀਗੜ੍ਹ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ਵਿਖੇ ਪਾਰਟੀ ਦੇ ਕੇਡਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਅਮਰਜੀਤ ਕੌਰ ਸਾਹੋਕੇ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। 

ਇਕੱਤਰ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਗਿੱਦੜਬਾਹਾ ਦੇ ਲੋਕਾਂ ਦੇ ਦ੍ਰਿੜ ਸਮਰਥਨ ਨੇ ਮੇਰੇ ਸਿਆਸੀ ਸਫ਼ਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੇ ਮੈਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੱਕ ਪਹੁੰਚਾਇਆ ਹੈ। ਗਿੱਦੜਬਾਹਾ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਮੈਂ ਛੋਟੀ ਉਮਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਤਰੱਕੀ ਕੀਤੀ। ਇਲਾਕੇ ਵਿੱਚ ਮੇਰੀਆਂ ਸਰਗਰਮੀਆਂ ਜਿਵੇਂ ਕਿ ਪੋਸਟਰ ਮੁਹਿੰਮ ਅਤੇ ਸਾਥੀ ਨੇਤਾਵਾਂ ਲਈ ਰੈਲੀਆਂ ਵਿੱਚ ਮੇਰੀ ਹਾਜ਼ਰੀ ਦੇ ਲੋਕ ਖੁਦ ਗਵਾਹ ਹਨ। ਕਾਂਗਰਸ ਪਾਰਟੀ ਸਾਰਿਆਂ ਨੂੰ ਮੌਕਾ ਦਿੰਦੀ ਹੈ, ਖਾਸ ਤੌਰ ‘ਤੇ ਉਨ੍ਹਾਂ ਨੂੰ ਜੋ ਮਿਹਨਤ ਕਰਦੇ ਹਨ। ਮਿਹਨਤ ਅਤੇ ਲਗਨ ਨਾਲ ਕੋਈ ਵੀ ਇਨਸਾਨ ਪਾਰਟੀ ਦੇ ਅੰਦਰ ਤਰੱਕੀ ਕਰ ਸਕਦਾ ਹੈ।


ਇਸ ਤੋਂ ਇਲਾਵਾ, ਉਹਨਾਂ ਕਿਹਾ ਕਿ, “ਨਿੱਜੀ ਇੱਛਾਵਾਂ ਕਈ ਵਾਰ ਅਧੂਰੀਆਂ ਰਹਿ ਸਕਦੀਆਂ ਹਨ, ਪਰ ਹਰੇਕ ਨੇਤਾ ਲਈ ਇਹ ਜ਼ਰੂਰੀ ਹੈ ਕਿ ਉਹ ਪਾਰਟੀ ਦੇ ਸਮੂਹਿਕ ਉਦੇਸ਼ਾਂ ਨਾਲ ਇਕਸਾਰ ਹੋਣ ਅਤੇ ਆਉਣ ਵਾਲੀਆਂ ਚੋਣਾਂ ਵਿਚ ਆਪਣੀ ਜਿੱਤ ਲਈ ਯਤਨ ਕਰਨ।”

ਫ਼ਰੀਦਕੋਟ ਤੋਂ ਕਾਂਗਰਸ ਦੀ ਸੰਸਦ ਮੈਂਬਰ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੇਰੀ ਉਮੀਦਵਾਰੀ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਮੈਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਮੈਂ ਕੇਂਦਰੀ ਲੀਡਰਸ਼ਿਪ ਦੀ ਧੰਨਵਾਦੀ ਹਾਂ ਅਤੇ ਇਹ ਸੇਵਾ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕਰਦੀ ਹਾਂ। ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਲਗਨ ਨਾਲ ਸਾਡੇ ਸਾਂਝੇ ਯਤਨ ਕਾਂਗਰਸ ਦੀ ਜਿੱਤ ਵਿੱਚ ਸਿੱਧ ਹੋਣਗੇ, ਜੋ ਕਿ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਹੈ।


ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤ ਮੌਜੂਦਗੀ ‘ਤੇ ਜ਼ੋਰ ਦਿੰਦੇ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ, “ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤੀ ਸਾਡੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਸਮਰਪਣ ਦਾ ਪ੍ਰਮਾਣ ਹੈ। ਇਹ ਸਾਰੇ ਦਿੱਗਜ਼ ਜ਼ਮੀਨੀ ਪੱਧਰ ‘ਤੇ ਕੰਮ ਕਰਦਿਆਂ ਅਤੇ ਚੋਣਾਂ ਦੀ ਇਸ ਪ੍ਰੀਕਿਰਿਆ ਵਿੱਚ ਚੰਗੀ ਰੂਪ ਰੇਖਾ ਤਿਆਰ ਕਰਕੇ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ।”

ਨਰਿੰਦਰ ਮੋਦੀ ਦੇ ਸ਼ਾਸਨ ਨੂੰ ਚੁਣੌਤੀ ਦੇਣ ਦੀ ਜ਼ਰੂਰਤ ‘ਤੇ ਗੱਲਬਾਤ ਕਰਦੇ ਹੋਏ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ, “ਇਹ ਨਰਿੰਦਰ ਮੋਦੀ ਦੇ ਖਿਲਾਫ਼ ਲੜਾਈ ਹੈ। ਆਉਣ ਵਾਲੇ 5 ਸਾਲਾਂ ਵਿੱਚ ਭਾਜਪਾ ਸਰਕਾਰ ਦਾ ਅੰਤ ਹੋਵੇਗਾ। ਇਹ ਕਾਂਗਰਸ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬੀਆਂ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਕਰੇ। ਸਾਡੇ ਰਾਜ ਦਾ ਤਾਣਾ-ਬਾਣਾ, ਜੋ ਕਿ ਖੇਤੀਬਾੜੀ ‘ਤੇ ਟਿੱਕਿਆ ਹੋਇਆ ਹੈ, ਭਾਜਪਾ ਦੀ ਫੁੱਟਪਾਊ ਰਾਜਨੀਤੀ ਦੁਆਰਾ ਪ੍ਰਭਾਵਿਤ ਹੈ। ਪੰਜਾਬ ਤਾਨਾਸ਼ਾਹੀ ਦੇ ਖਿਲਾਫ ਇੱਕ ਮੋਰਚੇ ਵਜੋਂ ਖੜ੍ਹਾ ਹੈ, ਅਤੇ ਸਾਨੂੰ ਮੋਦੀ ਦੀ ਸਰਕਾਰ ਦੇ ਪੁਨਰ-ਉਭਾਰ ਵਿਰੁੱਧ ਲੜਨਾ ਚਾਹੀਦਾ ਹੈ। ”

ਫ਼ਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਦੀ ਉਮੀਦਵਾਰੀ ਬਾਰੇ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ, “ਸ੍ਰੀਮਤੀ ਅਮਰਜੀਤ ਕੌਰ ਸਾਹੋਕੇ, ਸਾਬਕਾ ਸਰਕਾਰੀ ਸਿੱਖਿਅਕ ਅਤੇ ਵਚਨਬੱਧ ਸਮਾਜ ਸੇਵੀ, ਸੁਚੱਜੀ ਲੀਡਰਸ਼ਿਪ ਦਾ ਧਾਰਨੀ ਹਨ। ਕਥਿਤ ਤੌਰ ‘ਤੇ ‘ਆਮ ਆਦਮੀ’ ਦਾ ਮੁਕਾਬਲਾ ਕਰਦੇ ਹੋਏ, ਇਕ ਹੋਰ ਪਾਰਟੀ ਮਸ਼ਹੂਰ ਹਸਤੀਆਂ ਨੂੰ ਟਿਕਟਾਂ ਦਿੰਦੀ ਹੈ। ਇਸ ਦੇ ਉਲਟ ਅਮਰਜੀਤ ਕੌਰ ਸਾਹੋਕੇ ਜੀ ਨੇ ਪੰਜਾਬ ਦੀ ਨਬਜ਼ ਨੂੰ ਨੇੜਿਓਂ ਸਮਝਦਿਆਂ ਲੋਕਾਂ ਨਾਲ ਡੂੰਘੀ ਸਾਂਝ ਬਣਾਈ ਹੈ। ਅਸੀਂ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਹਾਲਾਤ ਸਮਝਣ ਵਾਲੇ ਉਮੀਦਵਾਰ ਨੂੰ ਚੋਣ ਅਖਾੜੇ ਵਿੱਚ ਉਤਾਰਿਆ ਹੈ।”

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ, “ਕਾਂਗਰਸ ਪਾਰਟੀ ਦੀ ਔਰਤਾਂ ਦੀ ਨੁਮਾਇੰਦਗੀ ਅਤੇ ਸਸ਼ਕਤੀਕਰਨ ਲਈ ਲੰਬੇ ਸਮੇਂ ਤੋਂ ਵਚਨਬੱਧਤਾ ਹੈ। ਅਲਾਟ ਕੀਤੀਆਂ ਗਈਆਂ ਅੱਠ ਟਿਕਟਾਂ ਵਿੱਚੋਂ, ਦੋ ਮਹਿਲਾ ਉਮੀਦਵਾਰਾਂ ਲਈ ਰੱਖੀਆਂ ਗਈਆਂ ਹਨ। ਅਸੀਂ ਸਾਡੇ ਸਮਾਜ ਵਿੱਚ ਔਰਤਾਂ ਦੀ ਲਾਜ਼ਮੀ ਭੂਮਿਕਾ ਨੂੰ ਪਛਾਣਦੇ ਹਾਂ ਅਤੇ ਉਨ੍ਹਾਂ ਦੇ ਬਰਾਬਰੀ ਨੂੰ ਤਰਜੀਹ ਦਿੰਦੇ ਹਾਂ। ਸਾਰੇ ਖੇਤਰਾਂ ਵਿੱਚ ਨੁਮਾਇੰਦਗੀ ਇਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਆਰਥਿਕ ਤੌਰ ‘ਤੇ ਪਛੜੇ ਪਿਛੋਕੜ ਵਾਲੀਆਂ ਔਰਤਾਂ ਲਈ 50% ਰਾਖਵਾਂਕਰਨ ਲਾਗੂ ਕਰਨ ਦੀ ਗਾਰੰਟੀ ਵੀ ਸ਼ਾਮਲ ਹੈ ਕੰਮਕਾਜੀ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਸਟਲਾਂ ਦੀ ਵਿਵਸਥਾ ਨੂੰ ਦੁੱਗਣਾ ਕਰਨਾ, ਅਤੇ ਸਾਡੇ ਦੇਸ਼ ਭਰ ਵਿੱਚ ਔਰਤਾਂ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਹੋਰ ਉਪਾਅ ਲਾਗੂ ਕਰਨਾ ਵੀ ਕਾਂਗਰਸ ਦਾ ਮੁੱਖ ਉਦੇਸ਼ ਹੈ।”

ਅੰਤ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ, “ਕਾਂਗਰਸ ਭਾਜਪਾ ਦੇ ਖਿਲਾਫ਼ ਇਕੱਲਿਆਂ ਹੀ ਡਟੀ ਹੋਈ ਹੈ, ਇਸ ਲਈ 13 ਦੀਆਂ 13 ਸੀਟਾਂ ‘ਤੇ ਜਿੱਤ ਹਾਸਿਲ ਕਰਨਾ ਬੇਹੱਦ ਜਰੂਰੀ ਹੈ।” 2-3 ਸੰਸਦ ਮੈਂਬਰਾਂ ਦਾ ਕੋਈ ਖਾਸ ਪ੍ਰਭਾਵ ਨਹੀਂ ਹੋਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹਨਾਂ ਚੋਣਾਂ ਵਿੱਚ ਇੱਕ ਹਨੇਰੀ ਦਾ ਸਾਹਮਣਾ ਕਰਨਾ ਪਵੇਗਾ। ਮੈਂ ਪੂਰੇ ਯਕੀਨ ਨਾਲ ਕਹਿੰਦਾ ਹਾਂ ਕਿ ਹਰਸਿਮਰਤ ਕੌਰ ਬਾਦਲ ਨੂੰ ਇਹਨਾਂ ਚੋਣਾਂ ਵਿੱਚ ਬਠਿੰਡੇ ਤੋਂ ਹਾਰ ਮਿਲੇਗੀ। ਸਿਰਫ਼ ਕਾਂਗਰਸ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਪੰਜਾਬ ਦੀ ਅਵਾਜ਼ ਸੰਸਦ ਵਿੱਚ ਪਹੁੰਚਾਉਣ ਲਈ ਕਾਂਗਰਸ ਦੀ ਜਿੱਤ ਹੋਣੀ ਲਾਜ਼ਮੀ ਹੈ।”

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top