ਬਰਸਾਤ ਦੇ ਮੌਸਮ ਦੌਰਾਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਈ

ਗਿੱਦੜਪਿੰਡੀ/ਜਲੰਧਰ, 3 ਜੁਲਾਈ – ਮਾਨਸੂਨ ਸੀਜ਼ਨ ਤੋਂ ਪਹਿਲਾਂ ਹੜ੍ਹਾਂ ਦੇ ਖਤਰੇ ਨੂੰ ਘੱਟ ਕਰਨ ਲਈ ਅਹਿਮ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਤਲੁਜ ਦਰਿਆ ਨੇੜੇ ਹੜ੍ਹ ਰੋਕੂ ਕਾਰਜਾਂ ਦਾ ਜਾਇਜ਼ਾ ਲਿਆ ।

ਉਨ੍ਹਾਂ ਸਤਲੁਜ ਦਰਿਆ ਵਿੱਚੋਂ ਮਿੱਟੀ ਕੱਢਣ ਦੇ ਕੰਮ ਦਾ ਵੀ ਨਿਰੀਖਣ ਕੀਤਾ । ਜ਼ਿਕਰਯੋਗ ਹੈ ਕਿ ਸ਼ਾਹਕੋਟ ਅਤੇ ਨਕੋਦਰ ਸਬ ਡਵੀਜ਼ਨਾਂ ਦੇ ਜ਼ਿਆਦਾ ਜੋਖਮ ਵਾਲੇ ਖੇਤਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਦਰਿਆ ਵਿੱਚੋਂ ਮਿੱਟੀ ਕੱਢਣ ਦਾ ਕੰਮ ਵਿਆਪਕ ਪੱਧਰ ’ਤੇ ਕੀਤਾ ਜਾ ਰਿਹਾ ਹੈ।

ਡਾ. ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਲ ਮਾਰਗਾਂ ਨੂੰ ਸਾਫ਼ ਕਰਨ ਲਈ ਵੱਡੇ ਪੱਧਰ ’ਤੇ ਕਵਾਇਦ ਸ਼ੁਰੂ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਇਸ ਕੰਮ ਨੂੰ ਜਲਦ ਪੂਰਾ ਕਰਨ ਦੀ ਫੌਰੀ ‘ਤੇ ਲੋੜ ’ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਭਾਰੀ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਮਿੱਟੀ ਕੱਢਣ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਜਗ੍ਹਾ ਪਾਣੀ ਵਹਿਣ ਦੀ ਸਮਰੱਥਾ ਨੂੰ ਵਧਾਉਣ ਲਈ ਦਰਿਆ ਦੇ ਵਹਿਣ ’ਚੋਂ ਮਿੱਟੀ ਦੀ ਨਿਕਾਸੀ ਬੇਹੱਦ ਮਹੱਤਵਪੂਰਣ ਹੈ, ਜਿਸ ਨਾਲ ਜਲ ਪ੍ਰਵਾਹ ਸੁਚਾਰੂ ਹੋ ਸਕੇਗਾ।

ਉਨ੍ਹਾਂ ਭਰੋਸਾ ਦਿਵਾਇਆ ਇਸ ਉਪਰਾਲੇ ਸਦਕਾ ਹੜ੍ਹ ਦਾ ਖ਼ਤਰਾ ਕਾਫੀ ਹੱਦ ਤੱਕ ਘੱਟ ਹੋ ਜਾਵੇਗਾ ਅਤੇ ਇਲਾਕੇ ਦੇ ਲੋਕਾਂ ਦੇ ਜਾਨ-ਮਾਲ ਦੀ ਨੁਕਸਾਨ ਤੋਂ ਰਾਖੀ ਹੋ ਸਕੇਗੀ। 

ਡਾ. ਅਗਰਵਾਲ ਨੇ ਹੜ੍ਹਾਂ ਦੀ ਰੋਕਥਾਮ ਲਈ ਜਲੰਧਰ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਹੜ੍ਹਾਂ ਤੋਂ ਸੁਰੱਖਿਆ ਸਬੰਧੀ ਉਪਰਾਲੇ ਜੰਗੀ ਪੱਧਰ ‘ਤੇ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਸੰਭਾਵਿਤ ਹੜ੍ਹਾਂ ਵਰਗੇ ਕਿਸੇ ਵੀ ਹਾਲਾਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਕੈਪਸ਼ਨ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਸਤਲੁਜ ਦਰਿਆ ਨੇੜਲੇ ਖੇਤਰਾਂ ਦਾ ਦੌਰਾ ਕਰਦੇ ਹੋਏ।

Leave a Comment

Your email address will not be published. Required fields are marked *

Scroll to Top