ਜਲੰਧਰ- ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿਚ ਅਮਨ-ਸਾਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਲ -ਨਾਲ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਨਜ਼ਦੀਕ ਆਉਂਦੇ ਹੀ ਕਮਿਸ਼ਨਰ ਪੁਲਸ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਨੂੰ ਸ਼ਹਿਰ ਵਿਚ ਚੌਕਸੀ ਵਧਾਉਣ ਅਤੇ ਨਾਕਿਆਂ’ਚ ਹੋਰ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ਵਿਚ ਰੈਪਿਡ ਐਕਸ਼ਨ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਸੀ.ਪੀ. ਨੇ ਦੱਸਿਆ ਕਿ ਅੱਜ ਰੈਪਿਡ ਐਕਸ਼ਨ ਫੋਰਸ ਨਾਲ ਕਮਿਸ਼ਨਰ ਪੁਲਸ ਦੇ ਮੁਲਾਜ਼ਮਾਂ ਨੇ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ। ਇਸ ਦੇ ਨਾਲ ਹੀ ਕਮਿਸ਼ਨਰ ਰੇਟ ਪੁਲਸ ਨੇ ਸ਼ਹਿਰ ਵਿਚ ਲੋਕਾਂ ਨੂੰ ਸ਼ਕੀ ਵਿਅਕਤੀਆਂ ਅਤੇ ਚੀਜ਼ਾਂ ਦੀ ਸੂਚਨਾ ਪੁਲਸ ਕੰਟਰੋਲ ਰੂਮ ਵਿਚ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨਾਈਟ ਡੋਮੀਨੇਸਨ ਨੂੰ ਵੀ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਸ਼ਹਿਰ ਦੇ ਐਂਟਰੀ ਪੁਆਇੰਟਾ ਤੇ ਰਾਤ ਨੂੰ ਵਿਸ਼ੇਸ਼ ਨਾਕਾਬੰਦੀ ਕਰਵਾਈ ਜਾ ਰਹੀ ਹੈ। ਦੂਜੇ ਸੂਬਿਆਂ ਤੋ ਆਉਣ ਵਾਲੇ ਸਾਰੇ ਵਾਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼ਹਿਰ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਣ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਨਾਈਟ ਡੋਮੀਨੇਸਨ ਵਿਚ ਕਮਿਸ਼ਨਰ ਪੁਲਸ ਦੇ ਸਮੂਹ ਅਧਿਕਾਰੀਆਂ ਅਤੇ ਸਾਰੇ ਥਾਣਾ ਇੰਚਾਰਜਾਂ ਨੂੰ ਖੁਦ ਫ਼ੀਲਡ ਵਿਚ ਨਿਕਲਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਸਵਪਨ ਸ਼ਰਮਾ ਨੇ ਦੱਸਿਆ ਕਿ ਰੈਪਿਡ ਐਕਸ਼ਨ ਫੋਰਸ ਦੇ ਡਿਪਟੀ ਕਮਾਂਡੈਂਟ ਸੋਨੇ ਲਾਲ ਸਾਹੂ ਅਤੇ ਹੋਰਨਾਂ ਅਧਿਕਾਰੀਆਂ ਨਾਲ ਵੀ ਡੀ.ਸੀ.ਪੀ ਲਾਅ ਐਂਡ ਆਰਡਰ ਅੰਕੁਰ ਗੁਪਤਾ ਨੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸ਼ਹਿਰ ਦੇ ਸਾਰੇ ਹੋਟਲ ਮਾਲਕਾ ਨੂੰ ਵੀ ਦੂਜੇ ਸੂਬਿਆਂ ਤੋਂ ਆਉਣ ਵਾਲੇ ਸਾਰੇ ਲੋਕਾਂ ਦਾ ਰਿਕਾਰਡ ਰੱਖਣ ਅਤੇ ਬਿਨਾਂ ਆਈ.ਡੀ.ਪਰੂਫ ਦੇ ਕਿਸੇ ਨੂੰ ਵੀ ਕਮਰਾ ਨਾ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

















































