Click on the Edit Content button to edit/add the content.

ਰੂਡਸੈਟ ਸੰਸਥਾ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ, ਭਾਗੀਦਾਰਾਂ ਨੇ ਯੋਗ ਨੂੰ ਆਪਣੀ ਜੀਵਨ ਸ਼ੈਲੀ ਦਾ ਅਟੁੱਟ ਹਿੱਸਾ ਬਣਾਉਣ ਦਾ ਲਿਆ ਸੰਕਲਪ

ਜਲੰਧਰ, 22 ਜੂਨ : ਰੂਡਸੈਟ ਸੰਸਥਾ, ਜਲੰਧਰ ਵੱਲੋਂ ਮਾਡਲ ਹਾਊਸ ਸਥਿਤ ਕੈਂਪਸ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਇੰਸਟਰਕਟਰਾਂ, ਸਿਖਿਆਰਥਣਾਂ ਅਤੇ ਕਰਮਚਾਰੀਆਂ ਨੇ ਭਾਗ ਲੈਂਦਿਆਂ ਯੋਗ ਨੂੰ ਆਪਣੀ ਜੀਵਨ ਸ਼ੈਲੀ ਦਾ ਅਟੁੱਟ ਹਿੱਸਾ ਬਣਾਉਣ ਦਾ ਸੰਕਲਪ ਲਿਆ।

ਸਮਾਗਮ ਦੇ ਮੁੱਖ ਮਹਿਮਾਨ ਕੇਨਰਾ ਬੈਂਕ, ਖੇਤਰੀ ਦਫ਼ਤਰ, ਜਲੰਧਰ ਦੇ ਡਵੀਜ਼ਨਲ ਮੈਨੇਜਰ ਅਭਿਸ਼ੇਕ ਜਿੰਦਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਣਿਤ ਯੋਗ ਟ੍ਰੇਨਰ ਦੀ ਅਗਵਾਈ ਹੇਠ ਸਮੂਹਿਕ ਯੋਗ ਅਭਿਆਸ ਨਾਲ ਹੋਈ, ਜਿਸ ਵਿੱਚ ਭਾਗੀਦਾਰਾਂ ਨੇ ਵੱਖ-ਵੱਖ ਯੋਗ ਆਸਨ, ਪ੍ਰਾਣਾਯਾਮ, ਧਿਆਨ ਦਾ ਅਭਿਆਸ ਕੀਤਾ।

ਅਭਿਸ਼ੇਕ ਜਿੰਦਲ ਨੇ ਨੌਜਵਾਨਾਂ ਨੂੰ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਤੰਦਰੁਸਤ ਸਰੀਰ, ਸਕਾਰਾਤਮਕ ਸੋਚ ਅਤੇ ਸੰਤੁਲਿਤ ਜੀਵਨ ਹੀ ਸਫ਼ਲਤਾ ਦੀ ਸਭ ਤੋਂ ਮਜ਼ਬੂਤ ਨੀਂਹ ਹੈ। ਉਨ੍ਹਾਂ ਇਸ ਸਾਲ ਦੀ ਥੀਮ “ਇੱਕ ਧਰਤੀ, ਇੱਕ ਸਿਹਤ ਲਈ ਯੋਗ” ਦਾ ਜ਼ਿਕਰ ਕਰਦਿਆਂ ਕਿਹਾ ਕਿ ਯੋਗ ਕੇਵਲ ਸਰੀਰ ਅਤੇ ਮਨ ਨੂੰ ਹੀ ਤੰਦਰੁਸਤ ਨਹੀਂ ਬਣਾਉਂਦਾ, ਸਗੋਂ ਮਨੁੱਖ ਨੂੰ ਕੁਦਰਤ ਨਾਲ ਤਾਲਮੇਲ ਬਣਾ ਕੇ ਜੀਵਨ ਜਿਊਣ ਦੀ ਪ੍ਰੇਰਨਾ ਵੀ ਦਿੰਦਾ ਹੈ।

ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਰੂਡਸੈਟ ਸੰਸਥਾ, ਜਲੰਧਰ ਦੇ ਡਾਇਰੈਕਟਰ ਮੰਜੀਤ ਸਿੰਘ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਵਿਰਾਸਤ ਦਾ ਅਨਮੋਲ ਤੋਹਫ਼ਾ ਹੈ ਅਤੇ ਕਰੋੜਾਂ ਲੋਕ ਇਸ ਨੂੰ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਕੇ ਤੰਦਰੁਸਤ ਅਤੇ ਸਕਾਰਾਤਮਕ ਜੀਵਨ ਵੱਲ ਅੱਗੇ ਵੱਧ ਰਹੇ ਹਨ।

ਸਮਾਗਮ ਦੇ ਅੰਤ ਵਿੱਚ ਸੀਨੀਅਰ ਫੈਕਲਟੀ ਮੈਂਬਰ ਪਰਗਟ ਸਿੰਘ ਨੇ ਮੁੱਖ ਮਹਿਮਾਨ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਰੂਡਸੈਟ ਸੰਸਥਾ ਵਿੱਚ ਜਲਦ ਹੀ ਮੈਨਜ਼ ਪਾਰਲਰ, ਫਾਸਟ ਫੂਡ ਸਮੇਤ ਵੱਖ-ਵੱਖ ਮੁਫ਼ਤ ਸਵੈ-ਰੋਜ਼ਗਾਰ ਸਿਖ਼ਲਾਈ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਚਾਹਵਾਨ ਨੌਜਵਾਨ ਲੜਕੇ ਅਤੇ ਲੜਕੀਆਂ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਇਨ੍ਹਾਂ ਕੋਰਸਾਂ ਦਾ ਲਾਭ ਲੈ ਸਕਦੇ ਹਨ।

ਸਮਾਗਮ ਅਖੀਰ ਵਿੱਚ ਸਾਰੇ ਭਾਗੀਦਾਰਾਂ ਨੇ ਹਰ ਰੋਜ਼ ਯੋਗ ਕਰਨ ਅਤੇ ਆਪਣੇ ਪਰਿਵਾਰਾਂ ਤੇ ਸਮਾਜ ਵਿੱਚ ਯੋਗ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੰਕਲਪ ਲਿਆ। ਇਸ ਮੌਕੇ ਮੀਨਲ, ਦੀਪਿਕਾ, ਅਤੀਕਾ, ਜੋਤੀ ਡਾਲੀਆ, ਸ਼੍ਰੀ ਪੰਕਜ ਦਾਸ, ਵਿਸ਼ਾਲ ਤੋਂ ਇਲਾਵਾ ਸੰਸਥਾ ਦੀਆਂ ਸਿਖਿਆਰਥਣਾਂ ਵੀ ਮੌਜੂਦ ਸਨ।

Table of Contents

Scroll to Top