ਖੇਤੀ ਮਸ਼ੀਨਾਂ ’ਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਡਰਾਅ ਰਾਹੀਂ ਲਾਭਪਾਤਰੀਆਂ ਦੀ ਚੋਣ

ਜਲੰਧਰ, 26 ਸਤੰਬਰ : ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਹੋਰ ਖੇਤੀ ਮਸ਼ੀਨਰੀ ’ਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਅੱਜ ਡਰਾਅ ਰਾਹੀਂ ਲਾਭਪਾਤਰੀਆਂ ਦੀ ਚੋਣ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ ਦੀ ਪ੍ਰਧਾਨਗੀ ਹੇਠ ਡਰਾਅ ਦੀ ਪ੍ਰਕਿਰਿਆ ਨੇਪਰੇ ਚਾੜ੍ਹੀ ਗਈ। ਉਨ੍ਹਾਂ ਦੱਸਿਆ ਕਿ ਕਰਾਪ ਰੈਜ਼ੇਡਿਊ ਮੈਨੇਜਮੈਂਟ (ਸੀ.ਆਰ.ਐਮ.) ਅਤੇ ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜ਼ੇਸ਼ਨ (ਸਮੈਮ) ਸਕੀਮ ਤਹਿਤ ਖੇਤੀ ਮਸ਼ੀਨਰੀ ’ਤੇ ਸਬਸਿਡੀ ਉਪਲਬਧ ਕਰਵਾਉਣ ਲਈ ਕਿਸਾਨਾਂ ਵੱਲੋਂ ਪ੍ਰਾਪਤ ਅਰਜ਼ੀਆਂ ਦੇ ਡਰਾਅ ਕੱਢੇ ਗਏ ਹਨ।
ਉਨ੍ਹਾਂ ਦੱਸਿਆ ਕਿ ਸੀ.ਆਰ.ਐਮ. ਸਕੀਮ ਅਧੀਨ ਵਿਅਕਤੀਗਤ ਕਿਸਾਨ ਨੂੰ 50 ਫੀਸਦੀ ਅਤੇ ਕਿਸਾਨ ਗਰੁੱਪਾਂ, ਕੋਆਪ੍ਰੇਟਿਵ ਸੁਸਾਇਟੀਆਂ, ਐਫ.ਪੀ.ਓ. ਆਦਿ ਨੂੰ 80 ਫੀਸਦੀ ਦਰ ਨਾਲ ਸਬਸਿਡੀ ਦਿੱਤੀ ਜਾਵੇਗੀ। ਜਦਕਿ ਸਮੈਮ ਸਕੀਮ ਅਧੀਨ ਵਿਅਕਤੀਗਤ ਕਿਸਾਨ (ਜਨਰਲ ਸ਼੍ਰੇਣੀ) ਅਤੇ ਕਿਸਾਨ ਗਰੁੱਪਾਂ ਨੂੰ 40 ਫੀਸਦੀ ਦੀ ਦਰ ਨਾਲ ਅਤੇ ਅਨੁਸੂਚਿਤ ਵਰਗ ਨਾਲ ਸਬੰਧਤ ਕਿਸਾਨ, ਕਿਸਾਨ ਔਰਤਾਂ, ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ 50 ਫੀਸਦੀ ਦੀ ਦਰ ਨਾਲ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਮਸ਼ੀਨਰੀ ਦੀ ਖ਼ਰੀਦ ਕਰਨ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਇਸ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਆਪਣੇ ਪੋਰਟਲ agrimachinery.pb ਰਾਹੀਂ ਸੀ.ਆਰ.ਐਮ. ਸਕੀਮ ਦੇ ਦੂਜੇ ਪੜਾਅ ਤਹਿਤ 19 ਸਤੰਬਰ 2024 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਨਿਰਧਾਰਿਤ ਮਿਤੀ ਤੱਕ ਵਿਭਾਗ ਨੂੰ ਵਿਅਕਤੀਗਤ ਕਿਸਾਨਾਂ ਵੱਲੋਂ 494 ਅਤੇ ਕਿਸਾਨ ਗਰੁੱਪਾਂ/ਸੀ.ਐਚ.ਸੀ. ਵੱਲੋਂ 53 ਅਰਜ਼ੀਆਂ ਪ੍ਰਾਪਤ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਟਰੈਕਟਰ, ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਪਲਾਓ, ਬੇਲਰ, ਰੇਕ ਆਦਿ ਮਸ਼ੀਨਾਂ ’ਤੇ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸਮੈਮ ਸਕੀਮ ਤਹਿਤ ਵੀ ਕਿਸਾਨਾਂ ਵੱਲੋਂ ਪੋਰਟਲ ’ਤੇ ਪ੍ਰਾਪਤ ਅਰਜ਼ੀਆਂ ਦੇ ਡਰਾਅ ਕੱਢੇ ਗਏ ਹਨ। ਉਨ੍ਹਾਂ ਦੱਸਿਆ ਕਿ ਨਿਰਧਾਰਿਤ ਮਿਤੀ ਤੱਕ ਵਿਅਕਤੀਗਤ ਕਿਸਾਨਾਂ ਵੱਲੋਂ 373 ਅਤੇ ਸੀ.ਐਚ.ਸੀ. (ਕਿਸਾਨ ਗਰੁੱਪ, ਕੋਆਪ੍ਰੇਟਿਸ ਸੁਸਾਇਟੀਆਂ. ਪੰਚਾਇਤ ਅਤੇ ਐਫ.ਪੀ.ਓ. ਵੱਲੋਂ 320 ਅਰਜ਼ੀਆਂ ਪ੍ਰਾਪਤ ਹੋਈਆਂ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਦੋਵਾਂ ਸਕੀਮਾਂ ਵਿੱਚ ਨਿਯਮਾਂ ਅਨੁਸਾਰ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਮਸ਼ੀਨ ਦੀ ਖ਼ਰੀਦ ਉਪਰੰਤ ਬਲਾਕ ਅਫ਼ਸਰਾਂ ਪਾਸੋਂ ਵੈਰੀਫਾਈ ਕਰਵਾ ਕੇ ਅਤੇ ਉਪਲਬਧ ਬਜਟ ਅਨੁਸਾਰ ਸਬਸਿਡੀ ਲਈ ਪ੍ਰਵਾਨਗੀਆਂ ਜਾਰੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਟਰੈਕਟਰ, ਰੋਟਾਵੇਟਰ, ਪਲਾਂਟਰ, ਕੰਬਾਇਨ, ਪਟੈਟੋ ਡਿੱਗਰ, ਪਟੈਟੋ ਪਲਾਂਟਰ, ਲੇਜ਼ਰ ਲੈਂਡ ਲੈਵਲਰ, ਨਿਊਮੈਟਿਕ ਪਲਾਂਟਰ ਆਦਿ ਮਸ਼ੀਨਾਂ ’ਤੇ ਸਬਸਿਡੀ ਦਿੱਤੀ ਜਾਵੇਗੀ।
ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਇੰਜ. ਨਵਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top