ਜਲੰਧਰ, 25 ਨਵੰਬਰ : ਜਨਗਣਨਾ-2027 ਸਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਇਸ ਕੌਮੀ ਮਹੱਤਵ ਵਾਲੇ ਕਾਰਜ ਵਿੱਚ ਹਰੇਕ ਨਾਗਰਿਕ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਜਲੰਧਰ ਵਿੱਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਡਿਜੀਟਲ ਐੱਲਈਡੀ ਵੈਨ ਸਬ-ਡਵੀਜ਼ਨ ਜਲੰਧਰ-1 ਦੇ ਵੱਖ-ਵੱਖ ਇਲਾਕਿਆਂ ਅਤੇ ਪਿੰਡਾਂ ਵਿੱਚ ਆਡੀਓ-ਵੀਡੀਓ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਇਸ ਦੇ ਮਹੱਤਵ ਅਤੇ ਇਸ ਨਾਲ ਜੁੜੀਆਂ ਆਨਲਾਈਨ ਸਹੂਲਤਾਂ ਬਾਰੇ ਜਾਣਕਾਰੀ ਦੇ ਰਹੀ ਹੈ।
ਸੈਂਸਜ਼ ਚਾਰਜ ਅਫ਼ਸਰ-ਕਮ-ਮੁੱਖ ਕਾਰਜਕਾਰੀ ਅਫ਼ਸਰ ਕੰਟੋਨਮੈਂਟ ਬੋਰਡ, ਜਲੰਧਰ ਓਮਪਾਲ ਸਿੰਘ ਵੱਲੋਂ ਅੱਜ ਡਿਜੀਟਲ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਵੈਨ ਜਲੰਧਰ ਛਾਉਣੀ ਦੇ ਇਲਾਕੇ ਵਿੱਚ ਲੋਕਾਂ ਨੂੰ ਜਨਗਣਨਾ-2027 ਦੇ ਅਹਿਮ ਕਾਰਜ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਦੱਸਿਆ ਕਿ ਜਾਗਰੂਕਤਾ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਡਿਜੀਟਲ ਵੈਨ ਤੋਂ ਇਲਾਵਾ ਨੁੱਕੜ ਨਾਟਕ, ਸਕੂਲਾਂ ਵਿੱਚ ਭਾਸ਼ਣ, ਪੈਂਫਲੈੱਟਾਂ ਦੀ ਵੰਡ ਸਮੇਤ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਜਨਗਣਨਾ ਸਬੰਧੀ ਜਾਣਕਾਰੀ ਹਰ ਵਰਗ ਦੇ ਲੋਕਾਂ ਤੱਕ ਪਹੁੰਚਾਈ ਜਾ ਸਕੇ। ਇਸ ਮੌਕੇ ਸਹਾਇਕ ਚਾਰਜ ਅਫ਼ਸਰ ਰਾਜਨ ਸ਼ਰਮਾ, ਦਫ਼ਤਰ ਸੁਪਰਡੈਂਟ ਰਾਜੇਸ਼ ਅਟਵਾਲ, ਵਿਨੋਦ ਕੁਮਾਰ, ਸੁਨੀਲ ਕੁਮਾਰ, ਤਜਿੰਦਰ ਕੁਮਾਰ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਜਨਗਣਨਾ-2027 ਤਹਿਤ 30 ਨਵੰਬਰ 2026 ਤੱਕ ਸਵੈ-ਗਣਨਾ ਦੀ ਸਹੂਲਤ ਉਪਲਬਧ ਹੈ। ਇਸ ਸਹੂਲਤ ਰਾਹੀਂ ਨਾਗਰਿਕ ਘਰ ਬੈਠੇ ਅਧਿਕਾਰਤ ਪੋਰਟਲ se.census.gov.in ‘ਤੇ ਜਾ ਕੇ ਆਪਣੇ ਪਰਿਵਾਰ ਸਬੰਧੀ ਲੋੜੀਂਦੇ ਵੇਰਵੇ ਆਨਲਾਈਨ ਦਰਜ ਕਰਵਾ ਸਕਦੇ ਹਨ। ਸਵੈ-ਗਣਨਾ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਪਰਿਵਾਰ ਨੂੰ ਇੱਕ ਵਿਲੱਖਣ ਸਵੈ-ਗਣਨਾ ਪਛਾਣ ਨੰਬਰ (ਐੱਸ.ਈ. ਆਈ.ਡੀ.) ਮਿਲੇਗਾ, ਜਿਸ ਨੂੰ ਬਾਅਦ ਵਿੱਚ ਘਰ-ਘਰ ਆਉਣ ਵਾਲੇ ਅਧਿਕਾਰਤ ਜਨਗਣਨਾ ਕਰਮਚਾਰੀ ਨਾਲ ਸਾਂਝਾ ਕਰਨਾ ਹੋਵੇਗਾ। ਉਨ੍ਹਾਂ ਨਾਗਰਿਕਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਸਵੈ ਗਣਨਾ ਦੀ ਸਹੂਲਤ ਦਾ ਲਾਭ ਉਠਾਉਣ, ਸਹੀ ਜਾਣਕਾਰੀ ਦਰਜ ਕਰਵਾਉਣ ਅਤੇ ਇਸ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾ ਕੇ ਇਸ ਕੌਮੀ ਕਾਰਜ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਮੰਗਲਵਾਰ ਨੂੰ ਡਿਜੀਟਲ ਵੈਨ ਸਬ ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਵਿੱਚ ਵੀ ਪਹੁੰਚੀ। ਵੈਨ ਰਾਹੀਂ ਰਹਿਮਾਨਪੁਰ, ਬੜਿੰਗ, ਅਲੀਪੁਰ, ਕੋਟ ਕਲਾਂ, ਕੋਟ ਖੁਰਦ, ਦੀਵਾਲੀ, ਬੰਬਿਆਵਾਲੀ ਅਤੇ ਜਮਸ਼ੇਰ ਖਾਸ ਪਿੰਡਾਂ ਵਿੱਚ ਲੋਕਾਂ ਨੂੰ ਜਨਗਣਨਾ ਦੀ ਮਹੱਤਤਾ, ਇਸ ਦੀ ਪ੍ਰਕਿਰਿਆ ਅਤੇ ਸਵੈ-ਗਣਨਾ ਦੀ ਆਨਲਾਈਨ ਸਹੂਲਤ ਬਾਰੇ ਜਾਗਰੂਕ ਕੀਤਾ ਗਿਆ।