ਪੰਜਾਬ ਵਿੱਚ ‘ਵੋਟ ਚੋਰੀ’ ਵਿਰੁੱਧ ਦਸਤਖ਼ਤ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ਚੰਡੀਗੜ੍ਹ, 10 ਅਕਤੂਬਰ: ਕਾਂਗਰਸ ਦੇ ਦੇਸ਼ ਵਿਆਪੀ ‘ਵੋਟ ਚੋਰ, ਗੱਦੀ ਛੋੜ’ ਅੰਦੋਲਨ ਤਹਿਤ ਪੰਜਾਬ ਅੰਦਰ ਵੋਟ ਚੋਰੀ ਵਿਰੁੱਧ ਦਸਤਖ਼ਤ ਮੁਹਿੰਮ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਇਸਦੇ ਤਹਿਤ 15 ਲੱਖ ਫਾਰਮਾਂ ਉੱਪਰ ਦਸਤਖ਼ਤ ਦੇ ਟੀਚੇ ਦੇ ਵਿਰੁੱਧ, ਪਾਰਟੀ ਨੇ ਹੁਣ ਤੱਕ ਇਨ੍ਹਾਂ ਵਿੱਚੋਂ ਲਗਭਗ 8 ਲੱਖ ਫਾਰਮ ਇਕੱਠੇ ਕਰ ਲਏ ਹਨ। ਇਹ ਮੁਹਿੰਮ 15 ਅਕਤੂਬਰ ਨੂੰ ਸਮਾਪਤ ਹੋ ਜਾਵੇਗੀ।

ਇਸ ਬਾਰੇ ਇੱਥੇ ਖੁਲਾਸਾ ਕਰਦੇ ਹੋਏ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਹੜੇ ਸੂਬੇ ਵਿੱਚ ਮੁਹਿੰਮ ਦੀ ਨਿੱਜੀ ਤੌਰ ‘ਤੇ ਅਗਵਾਈ ਅਤੇ ਤਾਲਮੇਲ ਕਰ ਰਹੇ ਹਨ, ਨੇ ਕਿਹਾ ਕਿ “ਵੋਟ ਚੋਰੀ” ਦੇ ਵਿਚਾਰ ਨੇ ਦੇਸ਼ ਭਰ ਅਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਕਲਪਨਾ ਨੂੰ ਆਪਣੇ ਵੱਲ ਖਿੱਚਿਆ ਹੈ।

ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਦਸਤਖ਼ਤ ਮੁਹਿੰਮ ਦੌਰਾਨ ਉਹ ਜਿੱਥੇ ਵੀ ਗਏ, ਉੱਥੇ ਲੋਕਾਂ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਸੀ, ਕਿਉਂਕਿ ਉਹ ਪਹਿਲਾਂ ਹੀ ਇਸ ਬਾਰੇ ਜਾਣਦੇ ਸਨ।  ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ, ਪੰਜਾਬ ਭਰ ਦੇ ਲੋਕਾਂ ਨੂੰ ਹੁਣ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ਦੀ ਨਿਰਪੱਖਤਾ ਬਾਰੇ ਪੱਕਾ ਸ਼ੱਕ ਹੈ। ਲੋਕ ਹੁਣ ਉਨ੍ਹਾਂ ਦੀ ਪ੍ਰਸਿੱਧੀ ਬਾਰੇ ਮਜਬੂਤੀ ਨਾਲ ਸ਼ੱਕ ਕਰਦੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿੱਚ ਵੀ ਅਜਿਹੀ ਕਿਸੇ ਵੀ ਚੋਰੀ ਵਿਰੁੱਧ ਸੁਚੇਤ ਰਹਿਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਵਿੱਚ ਲੋਕਾਂ ਨੂੰ ਧੋਖਾ ਦੇਣ ਲਈ ਭਾਰਤੀ ਚੋਣ ਕਮਿਸ਼ਨ ਨਾਲ ਮਿਲ ਕੇ ਕਈ ਤਰੀਕੇ ਅਤੇ ਸਾਧਨ ਤਿਆਰ ਕੀਤੇ ਹਨ।

ਇਸੇ ਤਰ੍ਹਾਂ, ਉਨ੍ਹਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਸੰਭਾਵਿਤ ਹੇਰਾਫੇਰੀਆਂ ਅਤੇ ਚਾਲਾਂ ਵਿਰੁੱਧ ਵੀ ਚੇਤਾਵਨੀ ਦਿੱਤੀ, ਜਿਹੜੀ ਭਾਜਪਾ ਤੋਂ ਵੱਖਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਕਾਂਗਰਸ ਦੀ ਮੁਹਿੰਮ ਇਸ ਸਮੇਂ ਰਾਸ਼ਟਰੀ ਪੱਧਰ ‘ਤੇ ਭਾਜਪਾ ਦੀਆਂ ਚੋਣ ਧੋਖਾਧੜੀਆਂ ‘ਤੇ ਕੇਂਦ੍ਰਿਤ ਹੈ, ਇਸਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਕਾਂਗਰਸ ਪੰਜਾਬ ਵਿੱਚ ‘ਆਪ’ ਉੱਪਰ ਆਪਣੀ ਨਿਗਰਾਨੀ ਘਟਾ ਦੇਵੇਗੀ।

ਵੜਿੰਗ ਨੇ ਭਾਜਪਾ ਅਤੇ ‘ਆਪ’ ਬਾਰੇ ਕਿਹਾ ਕਿ ਸਾਡੇ ਲਈ ਦੋਵੇਂ ਇੱਕੋ ਜਿਹੇ ਹਨ ਅਤੇ ਅਸੀਂ ਦੋਵਾਂ ਨਾਲ ਇੱਕੋ ਜਿਹਾ ਵਤੀਰਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਅਧਾਰ ਜਾਂ ਗੁੰਜਾਇਸ਼ ਨਹੀਂ ਹੈ, ਫਿਰ ਭਾਵੇਂ ਉਹ ਕਿੰਨੀ ਵੀ ਜ਼ਿਆਦਾ ਕੋਸ਼ਿਸ਼ ਕਰ ਲਵੇ।

ਸੂਬਾ ਕਾਂਗਰਸ ਪ੍ਰਧਾਨ ਨੇ ਐਲਾਨ ਕੀਤਾ ਕਿ ਪੰਜਾਬ ਕਾਂਗਰਸ ਦੇਸ਼ ਵਿਆਪੀ ਅੰਦੋਲਨ “ਵੋਟ ਚੋਰ, ਗੱਦੀ ਛੋੜ” ਦੇ ਹਿੱਸੇ ਵਜੋਂ ਦੇਸ਼ ਵਿੱਚ “ਵੋਟ ਚੋਰੀ” ਵਿਰੁੱਧ 15 ਲੱਖ ਦਸਤਖਤ ਕੀਤੇ ਫਾਰਮ 15 ਅਕਤੂਬਰ ਤੱਕ ਜਮ੍ਹਾਂ ਕਰਵਾਏਗੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top