ਜਲੰਧਰ, 16 ਅਪ੍ਰੈਲ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੈਰ ਸੰਗਠਿਤ ਮਜ਼ਦੂਰਾਂ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟਰਡ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਪਿੰਡ ਸ਼ਾਹਪੁਰ ਸੀਚੇਵਾਲ ਵਿਖੇ ਕੈਂਪ ਲਗਾਇਆ ਗਿਆ, ਜਿਸ ਵਿੱਚ ਰਾਜ ਸਭਾ ਮੈਂਬਰ ਅਤੇ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਉਨ੍ਹਾਂ ਵਲੋਂ ਮਜ਼ਦੂਰਾਂ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਕੇ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।
ਡਿਪਟੀ ਕਮਿਸਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰ ਸੰਗਠਿਤ ਮਜ਼ਦੂਰਾਂ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟਰਡ ਕਰਨ ਲਈ ਸਮੇਂ-ਸਮੇਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਈ-ਸ਼੍ਰਮ ਪੋਰਟਲ ’ਤੇ 3,71,233 ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਇਸ ਪੋਰਟਲ ’ਤੇ ਲਗਭਗ 2500 ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਇਸੇ ਕੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ 17 ਅਪ੍ਰੈਲ 2025 ਨੂੰ ਲੇਬਰ ਚੌਕ ਗੜ੍ਹਾ ਅਤੇ 18 ਅਪ੍ਰੈਲ 2025 ਨੂੰ ਦੋਆਬਾ ਚੌਕ, ਜਲੰਧਰ ਵਿਖੇ ਦੋ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਈ-ਸ਼੍ਰਮ ਪੋਰਟਲ ’ਤੇ ਗੈਰ ਸੰਗਠਿਤ ਮਜ਼ਦੂਰ ਜਿਵੇਂ ਕਿ ਮਕਾਨ ਮਜ਼ਦੂਰ, ਪਰਦੇਸੀ ਮਜ਼ਦੂਰ, ਗਿਗ ਅਤੇ ਪਲੇਟਫਾਰਮ ਵਰਕਰ, ਸੜਕ ਵਿਕਰੇਤਾ, ਘਰੇਲੂ ਮਜ਼ਦੂਰ ਅਤੇ ਖੇਤੀਬਾੜੀ ਨਾਲ ਜੁੜੇ ਮਜ਼ਦੂਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਈ-ਸ਼੍ਰਮ ਪੋਰਟਲ ’ਤੇ ਰਜਿਸਟ੍ਰੇਸ਼ਨ ਲਈ ਉਮੀਦਵਾਰ ਦੀ ਉਮਰ 18 ਤੋਂ 59 ਸਾਲ ਹੋਈ ਚਾਹੀਦੀ ਹੈ ਅਤੇ ਈ.ਪੀ.ਐਫ.ਓ., ਈ.ਐਸ.ਆਈ.ਸੀ. ਜਾਂ ਐਨ.ਪੀ.ਐਸ. ਦਾ ਮੈਂਬਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ’ਤੇ ਰਜਿਸਟਰੇਸ਼ਨ ਲਈ ਉਮੀਦਵਾਰ ਪਾਸ ਆਧਾਰ ਕਾਰਡ, ਆਧਾਰ ਨਾਲ ਜੁੜਿਆ ਮੋਬਾਇਲ ਨੰਬਰ ਅਤੇ ਸੇਵਿੰਗਸ਼ ਬੈਂਕ ਖਾਤੇ ਦੀ ਕਾਪੀ ਆਦਿ ਦਸਤਾਵੇਜ਼ ਹੋਣੇ ਜ਼ਰੂਰੀ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਸ਼੍ਰਮ ਪੋਰਟਲ ’ਤੇ ਰਜਿਸਟ੍ਰੇਸ਼ਨ ਉਪਰੰਤ ਲਾਭਪਾਤਰੀ ਨੂੰ 12 ਅੰਕਾਂ ਵਾਲਾ ਯੂਨੀਵਰਸਲ ਅਕਾਊਂਟ ਨੰਬਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਈ-ਸ਼੍ਰਮ ਪੋਰਟਲ ’ਤੇ ਰਜਿਸਟਰਡ ਗੈਰ ਸੰਗਠਿਤ ਮਜ਼ਦੂਰ 2 ਲੱਖ ਰੁਪਏ ਤੱਕ ਦਾ ਮੁਫ਼ਤ ਦੁਰਘਟਨਾ ਬੀਮਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਸਮਾਜਿਕ ਸੁਰੱਖਿਆ ਅਤੇ ਭਲਾਈ ਸਕੀਮਾਂ ਦਾ ਤਰਜੀਹ ਦੇ ਅਧਾਰ ’ਤੇ ਲਾਭ ਉਠਾ ਸਕਦੇ ਹਨ। ਉਨ੍ਹਾਂ ਗੈਰ ਸੰਗਠਿਤ ਮਜ਼ਦੂਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 17 ਅਪ੍ਰੈਲ ਨੂੰ ਲੇਬਰ ਚੌਕ ਗੜ੍ਹਾ ਅਤੇ 18 ਅਪ੍ਰੈਲ ਨੂੰ ਦੋਆਬਾ ਲੇਬਰ ਚੌਕ, ਜਲੰਧਰ ਵਿਖੇ ਲਗਾਏ ਜਾ ਰਹੇ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਆਪਣੇ ਨਜ਼ਦੀਕੀ ਦੇ ਕਾਮਨ ਸਰਵਿਸ ਸੈਂਟਰ ਜਾਂ ਜ਼ਿਲ੍ਹਾ ਲੇਬਰ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
