ਜਲੰਧਰ ਪ੍ਰੀਮੀਅਰ ਲੀਗ ਤਹਿਤ ਹਰ ਸਾਲ ਕਰਵਾਏ ਜਾਣਗੇ ਖੇਡ ਮੁਕਾਬਲੇ : ਡਿਪਟੀ ਕਮਿਸ਼ਨਰ

ਜਲੰਧਰ, 7 ਫਰਵਰੀ : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ਸਦਕਾ ਕਰਵਾਈ ਗਈ ‘ਜਲੰਧਰ ਪ੍ਰੀਮੀਅਰ ਲੀਗ-2025’ ਦਾ ਅੱਜ ਸਮਾਪਨ ਹੋ ਗਿਆ ਹੈ।

ਅੱਜ ਗ੍ਰੈਂਡ ਫਿਨਾਲੇ ਮੈਚ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ‘ਜਲੰਧਰ ਪ੍ਰੀਮੀਅਰ ਲੀਗ’ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਜਿਸ ਤਹਿਤ ਹਰ ਸਾਲ ਖੇਡ ਮੁਕਾਬਲੇ ਕਰਵਾਏ ਜਾਣਗੇ।

ਡਾ. ਅਗਰਵਾਲ ਨੇ ਦੱਸਿਆ ਕਿ ਜਲੰਧਰ ਪ੍ਰੀਮੀਅਰ ਲੀਗ ਵਿੱਚ 16 ਸਕੂਲਾਂ ਦੀਆਂ ਟੀਮਾਂ ਦੇ 240 ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ 3 ਸਰਕਾਰੀ ਅਤੇ 13 ਪ੍ਰਾਈਵੇਟ ਸਕੂਲ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ 28 ਅਕਤੂਬਰ 2025 ਨੂੰ ਸ਼ੁਰੂ ਹੋਈ ਇਸ ਲੀਗ ਦੌਰਾਨ ਵੱਖ-ਵੱਖ ਟੀਮਾਂ ਦਰਮਿਆਨ ਸੀ.ਟੀ. ਸ਼ਾਹਪੁਰ ਕੈਂਪਸ, ਸੇਂਟ ਸੋਲਜਰ, ਡੀ.ਐਮ.ਐਸ. ਅਤੇ ਆਈ.ਵੀ. ਵਰਲਡ ਸਕੂਲ ਸਮੇਤ ਵੱਖ-ਵੱਖ ਥਾਵਾਂ ’ਤੇ ਕੁੱਲ 59 ਮੈਚ ਖੇਡੇ ਗਏ।

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਸਾਰੂ ਤੇ ਸਕਾਰਾਤਮਕ ਮਾਹੌਲ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਉਪਰਾਲੇ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ।

ਡਾ. ਅਗਰਵਾਲ ਨੇ ਜਲੰਧਰ ਪ੍ਰੀਮੀਅਰ ਲੀਗ ਨੂੰ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਵੀ ਪ੍ਰਗਟ ਕੀਤਾ।

ਇਸ ਮੌਕੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੇ ਖੇਡਾਂ ਨੂੰ ਜ਼ਮੀਨੀ ਪੱਧਰ ’ਤੇ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਾਸਲ ਐਜੂਕੇਸ਼ਨ ਹਰ ਸਮੇਂ ਤਿਆਰ ਹੈ ਅਤੇ ਅਜਿਹੀਆਂ ਪਹਿਲੀਕਦਮੀਆਂ ਲਈ ਭਵਿੱਖ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੰਦਾ ਰਹੇਗਾ। ਉਨ੍ਹਾਂ ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਸਰੀਰ ਤੇ ਦਿਮਾਗ ਦੋਵਾਂ ਦੀ ਤੰਦਰੁਸਤੀ  ਲਈ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
—–

Leave a Comment

Your email address will not be published. Required fields are marked *

Scroll to Top