ਸਪੋਰਟਸ ਉਦਯੋਗ ਵਲੋਂ ਵੋਟ ਪਾਉਣ ਪਿੱਛੋਂ ਉਂਗਲ ’ਤੇ ਸਿਆਹੀ ਲੱਗੀ ਦਿਖਾਉਣ ’ਤੇ ਖੇਡ ਸਮਾਨ ’ਤੇ ਦਿੱਤੀ ਜਾਵੇਗੀ 25 ਫੀਸਦੀ ਛੋਟ

ਜਲੰਧਰ, 29 ਅਪ੍ਰੈਲ – ਦੇਸ਼ ਦੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵਲੋਂ ਅੱਜ ਟਰੇਡਰਜ਼ ਐਸੋਸੀਏਸ਼ਨ ਅਤੇ ਸਪੋਰਟਸ ਗੁਡਜ਼ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਵੋਟਰ ਜਾਗਰੂਕਤਾ ਦਾ ਹਿੱਸਾ ਬਣਨ ਤਾਂ ਜੋ ਪਹਿਲੀ ਜੂਨ ਨੂੰ ਵੱਧ ਤੋਂ ਵੱਧ ਵੋਟਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਸਪੋਰਟਸ ਉਦਯੋਗਾਂ ਨਾਲ ਸਬੰਧਿਤ ਟਰੇਡਰਾਂ/ਉਦਯੋਗਪਤੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਹਿਮਾਂਸ਼ੂ ਅਗਰਵਾਲ ਨੇ ਉਨ੍ਹਾਂ ਨੂੰ ਕਿਹਾ ਕਿ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਆਪਣੇ ਅਦਾਰਿਆਂ ਵਿੱਚ ਵੋਟਰ ਜਾਗਰੂਕਤਾ ਲਈ ਬੋਰਡ/ਬੈਨਰ ਲਗਾਏ ਜਾਣ ਤਾਂ ਕਰਮਚਾਰੀ ਅਤੇ ਮਜ਼ਦੂਰਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਅਦਾਰਿਆਂ ਦੇ ਵਰਕਰਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਵੀ ਕੀਤਾ ਜਾਵੇ।

ਮੀਟਿੰਗ ਦੌਰਾਨ “ ਖੇਲ ਉਦਯੋਗ ਸੰਘ “ ਵਲੋਂ ਐਲਾਨ ਕੀਤਾ ਗਿਆ ਹੈ ਕਿ ਪਹਿਲੀ ਜੂਨ ਨੂੰ ਵੋਟ ਪਾਉਣ ਵਾਲਿਆਂ ਨੂੰ ਖੇਡਾਂ ਦੇ ਸਮਾਨ ਦੀ ਵਿਕਰੀ ’ਤੇ 25 ਫੀਸਦੀ ਛੋਟ ਦਿੱਤੀ ਜਾਵੇਗੀ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖੇਡ ਉਦਯੋਗਾਂ ਨਾਲ ਸਬੰਧਿਤ ਉਦਯੋਗਿਕ ਯੂਨਿਟਾਂ ਵਲੋਂ ਆਪਣੇ ਕਾਮਿਆਂ ਨੂੰ ਰਾਤ ਦੀ ਸਿਫ਼ਟ ਤੋਂ ਵੀ ਛੋਟ ਦਿੱਤੀ ਜਾਵੇਗੀ ਤਾਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਇਸ ਮੌਕੇ ਉਦਯੋਗਪਤੀਆਂ ਅਤੇ ਟਰੇਡਰਜ ਵਲੋਂ ਕਾਮਿਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨੇ ਜੀ.ਐਮ.ਉਦਯੋਗ ਨੂੰ ਵੀ ਕਿਹਾ ਕਿ ਵੋਟਰ ਜਾਗਰੂਕਤਾ ਵਿੱਚ ਸਹਿਯੋਗ ਕਰਨ ਤੋਂ ਇਲਾਵਾ ਲੋਕਤੰਤਰੀ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਟਰੇਡਰਜ਼ ਐਸੋਸੀਏਸ਼ਨਾਂ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਜਾਵੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫ਼ਸਰ ਸਵੀਪ ਜਸਬੀਰ ਸਿੰਘ, ਪ੍ਰਧਾਨ ਖੇਲ ਉਦਯੋਗ ਸੰਘ ਰਵਿੰਦਰ ਧੀਰ, ਵਿਜੇ ਧੀਰ, ਪ੍ਰਵੀਨ ਆਨੰਦ, ਰਮੇਸ਼ ਆਨੰਦ, ਵਿਪਨ, ਸੁਲੱਭ ਮਹਾਜਨ, ਰਜਿੰਦਰ ਚੱਤਰਥ ਅਤੇ ਸ਼ਿਆਮ ਸੁੰਦਰ ਮਹਾਜਨ ਮੌਜੂਦ ਸਨ।

Leave a Comment

Your email address will not be published. Required fields are marked *

Scroll to Top