ਹੜ੍ਹ ਪੀੜਤਾਂ ਦੀ ਮਦਦ ਲਈ ਸੁਰਜੀਤ ਹਾਕੀ ਸੁਸਾਇਟੀ ਵੱਲੋਂ 5 ਲੱਖ ਰੁਪਏ ਦਾ ਯੋਗਦਾਨ

ਜਲੰਧਰ, 14 ਅਕਤੂਬਰ : ਦੇਸ਼ ਦੀ ਨਾਮਵਰ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਂਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ 5 ਲੱਖ ਰੁਪਏ ਦਾ ਚੈੱਕ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਲਈ ਸੌਂਪਿਆ ਗਿਆ।

ਸੁਸਾਇਟੀ ਵੱਲੋਂ ਸੀ.ਈ.ਓ. ਇਕਬਾਲ ਸਿੰਘ ਸੰਧੂ, ਵਰਕਿੰਗ ਪ੍ਰਧਾਨ ਐਲ.ਆਰ. ਨਈਅਰ ਅਤੇ ਲਖਵਿੰਦਰ ਸਿੰਘ ਨੇ ਇਹ ਚੈੱਕ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਸੌਂਪਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ। ਉਨ੍ਹਾਂ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਸੁਰਜੀਤ ਹਾਕੀ ਸੁਸਾਇਟੀ ਦੀ ਹੋਈ ਮੀਟਿੰਗ ਦੌਰਾਨ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਇਸ ਔਖੀ ਘੜੀ ਵਿੱਚ ਸੁਰਜੀਤ ਹਾਕੀ ਸੁਸਾਇਟੀ ਵੱਲੋਂ 5 ਲੱਖ ਰੁਪਏ ਦਾ ਯੋਗਦਾਨ ਪਾਇਆ ਜਾਵੇਗਾ।

ਡਾ. ਅਗਰਵਾਲ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ।

ਡਾ. ਅਗਰਵਾਲ ਨੇ ਕਿਹਾ ਕਿ ਮੁਸ਼ਕਲ ਸਮੇਂ ਵਿੱਚ ਪੀੜਤਾਂ ਦੀ ਮਦਦ ਕਰਨਾ ਹਰੇਕ ਨਾਗਰਿਕ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਹੋਰਨਾਂ ਸਮਾਜ ਸੇਵੀਆਂ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ।
——–

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top