ਬਠਿੰਡਾ ਵਿੱਚ ਟਾਰਗੇਟ ਕਿਲਿੰਗ ਦੀ ਵਾਰਦਾਤ ਟਲ਼ੀ ; ਅਰਸ਼ ਡੱਲਾ ਗੈਂਗ ਨਾਲ ਜੁੜੇ ਤਿੰਨ ਵਿਅਕਤੀ 4 ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਯੋਜਨਾਬੱਧ ਗੋਲੀਬਾਰੀ ਨੂੰ ਅੰਜਾਮ ਦੇਣ ਲਈ ਕੈਨੇਡਾ ਤੋਂ ਪਹੁੰਚਿਆ ਸੀ ਬਠਿੰਡਾ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ/ਬਠਿੰਡਾ, 6 ਜਨਵਰੀ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ, ਕਾਊਂਟਰ ਇੰਟੈਲੀਜੈਂਸ (ਸੀ.ਆਈ.) ਬਠਿੰਡਾ ਨੇ ਬਠਿੰਡਾ ਪੁਲਿਸ ਨਾਲ ਤਾਲਮੇਲ ਕਰਕੇ ਅਰਸ਼ ਡੱਲਾ ਗੈਂਗ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਚਾਰ ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਚਾਰ ਮੈਗਜ਼ੀਨ ਅਤੇ 26 ਜ਼ਿੰਦਾ ਕਾਰਤੂਸ ਨਾਲ ਗ੍ਰਿਫ਼ਤਾਰ ਕਰਕੇ ਮਿੱਥ ਕੇ ਕਤਲ ਕਰਨ ਦੀ ਇੱਕ ਵਾਰਦਾਤ ਨੂੰ ਟਾਲ ਦਿੱਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਠਿੰਡਾ ਦੇ ਗਿੱਲ ਪੱਤੀ ਦੇ ਵਸਨੀਕ ਕੁਲਦੀਪ ਸਿੰਘ, ਜੋ ਇਸ ਵੇਲੇ ਕੈਨੇਡਾ ਵਿੱਚ ਰਹਿ ਰਿਹਾ ਹੈ, ਬਠਿੰਡਾ ਦੇ ਕੋਟਸ਼ਮੀਰ ਦਾ ਵਸਨੀਕ ਗੁਰਵਿੰਦਰ ਸਿੰਘ ਅਤੇ ਬਠਿੰਡਾ ਦੇ ਪਿੰਡ ਭੋਖੜਾ ਦੇ ਵਸਨੀਕ ਗਗਨਦੀਪ ਸਿੰਘ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਇੱਕ ਗਲੌਕ, ਇੱਕ ਜ਼ਿਗਾਨਾ, ਇੱਕ .30 ਬੋਰ ਦਾ ਪਿਸਤੌਲ ਅਤੇ ਇੱਕ .32 ਬੋਰ ਦਾ ਪਿਸਤੌਲ ਸ਼ਾਮਲ ਹਨ। ਚਾਰ ਪਿਸਤੌਲਾਂ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਬਿਨਾਂ ਰਜਿਸਟਰੇਸ਼ਨ ਨੰਬਰ ਵਾਲੀ ਇੱਕ ਹੁੰਡਈ ਵਰਨਾ ਕਾਰ ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਉਹ ਅਪਰਾਧਿਕ ਗਤੀਵਿਧੀਆਂ ਵਿੱਚ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਕੁਲਦੀਪ ਸਿੰਘ ਹਾਲ ਹੀ ਵਿੱਚ ਯੋਜਨਾਬੱਧ ਗੋਲੀਬਾਰੀ ਨੂੰ ਅੰਜਾਮ ਦੇਣ ਲਈ ਵਿਸ਼ੇਸ਼ ਤੌਰ ’ਤੇ ਕੈਨੇਡਾ ਤੋਂ ਬਠਿੰਡਾ ਆਇਆ ਸੀ।

ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਬਠਿੰਡਾ ਅਮਨੀਤ ਕੌਂਡਲ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਚੱਲ ਰਹੀ ਅੰਤਰ-ਗੈਂਗ ਦੁਸ਼ਮਣੀ ਵਿੱਚ ਆਪਣੀ ਸ਼ਮੂਲੀਅਤ ਬਾਰੇ ਵੀ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਪੁਲਿਸ ਸਟੇਸ਼ਨ ਥਰਮਲ ਵਿਖੇ  ਐਫਆਈਆਰ ਦਰਜ ਕੀਤੀ ਗਈ ਹੈ, ਜਦੋਂ ਕਿ ਅਗਲੇਰੇ ਪਿਛਲੇਰੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਏ.ਆਈ.ਜੀ. ਸੀ.ਆਈ. ਬਠਿੰਡਾ ਅਵਨੀਤ ਕੌਰ ਸਿੱਧੂ ਨੇ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਸੀ.ਆਈ. ਬਠਿੰਡਾ ਨੂੰ ਭਰੋਸੇਯੋਗ ਸੂਤਰਾਂ ਤੋਂ ਪੁਖਤਾ ਇਤਲਾਹ ਮਿਲੀ ਸੀ ਕਿ ਅਰਸ਼ ਡੱਲਾ ਗੈਂਗ ਨਾਲ ਜੁੜੇ ਸ਼ੂਟਰਾਂ ਕੋਲ ਗੈਰ-ਕਾਨੂੰਨੀ ਹਥਿਆਰ ਹਨ ਅਤੇ ਉਹ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਤਲਾਹ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ, ਸੀ.ਆਈ. ਬਠਿੰਡਾ ਦੀ  ਟੀਮ ਨੇ ਜ਼ਿਲ੍ਹਾ ਪੁਲਿਸ ਬਠਿੰਡਾ ਨਾਲ ਮਿਲ ਕੇ ਗੋਨਿਆਣਾ ਰੋਡ ’ਤੇ ਸੁੱਚਾ ਸਿੰਘ ਨਗਰ ਨੇੜੇ ਨਾਕਾ ਲਗਾਇਆ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਸਬੰਧ ਵਿੱਚ, ਬਠਿੰਡਾ ਦੇ ਥਰਮਲ ਸਥਿਤ ਪੁਲਿਸ ਸਟੇਸ਼ਨ  ਵਿਖੇ ਆਰਮਜ਼ ਐਕਟ ਦੀ ਧਾਰਾ 25 ਅਤੇ 27 ਤਹਿਤ ਐਫਆਈਆਰ ਨੰਬਰ 3 ਮਿਤੀ 05.01.2026 ਅਧੀਨ ਕੇਸ  ਦਰਜ ਕੀਤਾ ਗਿਆ  ਹੈ।

Leave a Comment

Your email address will not be published. Required fields are marked *

Scroll to Top