2024 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਲਈ ‘ਕਰੋ ਜਾਂ ਮਰੋ’ ਦੀ ਚੋਣ ਹੈ

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਲਈ ‘ਕਰੋ ਜਾਂ ਮਰੋ’ ਦੀ ਚੋਣ ਹੈ।

ਪਵਨ ਖੇੜਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਦੇਸ਼ ਭਰ ਦਾ ਦੌਰਾ ਕਰਕੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਦੀ ਨਬਜ਼ ਨੂੰ ਮਾਪਣਾ ਆਸਾਨ ਨਹੀਂ ਸੀ, ਪਰ ਅਸੀਂ ਇਸ ਨੂੰ ਸਫਲਤਾਪੂਰਵਕ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ, “ਮੋਦੀ ਜੀ ਨੇ ਇਨ੍ਹਾਂ 10 ਸਾਲਾਂ ‘ਚ ਸਿਰਫ ‘ਮਨ ਕੀ ਬਾਤ’ ਦੀ ਗੱਲ ਕੀਤੀ ਹੈ। ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦੀ ਕੋਈ ਖਾਸ ਜਾਣਕਾਰੀ ਨਹੀਂ ਹੈ।”

ਪਵਨ ਖੇੜਾ ਨੇ ਸਵਾਲ ਕੀਤਾ ਕਿ ਜਦੋਂ ਮੋਦੀ ਜੀ 10 ਸਾਲ ਸੱਤਾ ‘ਚ ਹਨ ਤਾਂ ਉਹ ਚੋਣ ਪ੍ਰਚਾਰ ‘ਚ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਕਿਉਂ ਨਹੀਂ ਦਿਖਾਉਂਦੇ? ਉਨ੍ਹਾਂ ਕਿਹਾ, “ਮੋਦੀ ਜੀ ਸਿਰਫ ਮੱਛੀ, ਮਟਨ ਅਤੇ ਹਿੰਦੂ-ਮੁਸਲਿਮ ਮੁੱਦਿਆਂ ‘ਤੇ ਧਿਆਨ ਦਿੰਦੇ ਹਨ ਅਤੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕੇ ਜ਼ਲੀਲ ਕਰਦੇ ਹਨ।”

ਖੇੜਾ ਨੇ “ਅਗਨੀਵੀਰ” ਯੋਜਨਾ ‘ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ, “ਮੋਦੀ ਜੀ, ਜੋ ਖੁਦ 75 ਸਾਲ ਦੀ ਉਮਰ ‘ਚ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ, 24 ਸਾਲ ਦੀ ਉਮਰ ‘ਚ ਨੌਜਵਾਨਾਂ ਨੂੰ ਰਿਟਾਇਰ ਕਰ ਦਿੰਦੇ ਹਨ। ਇਹ ਕਿਥੋਂ ਦਾ ਇਨਸਾਫ਼ ਹੈ?”

ਪਵਨ ਖੇੜਾ ਨੇ ਕਿਹਾ, “ਉਹ ਸਾਡੇ ‘ਤੇ ਮੰਗਲਸੂਤਰ ਖੋਹਣ ਦਾ ਇਲਜ਼ਾਮ ਲਗਾਉਂਦੇ ਹਨ, ਪਰ ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਰੋਨਾ ਮਹਾਂਮਾਰੀ ਸਮੇਂ ਤਾਲਾਬੰਦੀ ਦੌਰਾਨ ਜਿਨ੍ਹਾਂ ਔਰਤਾਂ ਦੇ ਮੰਗਲਸੂਤਰ ਵੇਚੇ ਗਏ ਸਨ, ਉਨ੍ਹਾਂ ਦਾ ਕੀ ?”

ਉਨ੍ਹਾਂ ਨੇ ਅੱਗੇ ਕਿਹਾ, “ਅਸੀਂ, ਕਾਂਗਰਸ ਪਾਰਟੀ ਵਜੋਂ, ਵਾਅਦਾ ਕਰਦੇ ਹਾਂ ਕਿ ਅਸੀਂ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਦੇਵਾਂਗੇ ਅਤੇ ਕਰਜ਼ਾ ਮੁਆਫੀ ਲਈ ਇੱਕ ਸਖਤ ਕਮਿਸ਼ਨ ਸਥਾਪਤ ਕਰਾਂਗੇ, ਅਸੀਂ ਇਹ ਵੀ ਵਾਅਦਾ ਕਰਦੇ ਹਾਂ ਕਿ ਫਸਲਾਂ ਦੇ ਖਰਾਬ ਹੋਣ ਦੀ ਸਥਿਤੀ ਵਿੱਚ, ਮੁਆਵਜ਼ਾ ਤਬਦੀਲ ਕੀਤਾ ਜਾਵੇਗਾ 30 ਦਿਨਾਂ ਦੇ ਅੰਦਰ-ਅੰਦਰ ਇੱਕ ਨਵੀਂ ਮੁਫਤ ਅਤੇ ਸੁਰੱਖਿਅਤ ਨੀਤੀ ਬਣਾਈ ਜਾਵੇਗੀ, ਇਹ ਸਾਰੇ ਵਾਅਦੇ ਝੂਠੇ ਨਹੀਂ ਹਨ ਜਿਵੇਂ ਕਿ ਭਾਜਪਾ ਨੇ ਹਮੇਸ਼ਾ ਕਿਸਾਨਾਂ ਨਾਲ਼ ਝੂਠੇ ਵਾਅਦੇ ਕਰਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਕਰਦੀ ਰਹੇਗੀ ।

ਅੰਤ ਵਿੱਚ ਪਵਨ ਖੇੜਾ ਨੇ ਕਿਹਾ ਕਿ ਇਹ ਚੋਣ ਦੇਸ਼ ਨੂੰ ਬਚਾਉਣ ਦੀ ਚੋਣ ਹੈ। ਕਾਂਗਰਸ ਪਾਰਟੀ ਲੋਕਾਂ ਨਾਲ ਰਲ ਕੇ ਦੇਸ਼ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹੈ।

Leave a Comment

Your email address will not be published. Required fields are marked *

Scroll to Top