Click on the Edit Content button to edit/add the content.

ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ 431 ਵਾਂ ਪ੍ਰਕਾਸ਼ ਪੁਰਬ ਅਤੇ 41ਵਾ ਨਗਰ ਕੀਰਤਨ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ।

ਜਲੰਧਰ, 26 ਜੂਨ (ਦਲਜੀਤ ਸਿੰਘ ਕਲਸੀ)- ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ, ਜੰਡੂ ਸਿੰਘਾ, ਜਲੰਧਰ ਵਿਖੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ 431 ਵਾਂ ਪ੍ਰਕਾਸ਼ ਪੁਰਬ, ਕੀਰਤਨ, ਢਾਡੀ ਦਰਬਾਰ ਅਤੇ 41ਵਾ ਨਗਰ ਕੀਰਤਨ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਇਹਨਾ ਸਮਾਗਮ ਸਬੰਧੀ ਪ੍ਰਧਾਨ ਭੁਪਿੰਦਰ ਸਿੰਘ ਸੰਘਾ ਅਤੇ ਸਮੂਹ ਕਮੇਟੀ ਮੈਂਬਰਾ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 5 ਜੂਨ ਦਿਨ ਸ਼ੁੱਕਰਵਾਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕੀਤੀ ਗਈ। 22 ਜੂਨ ਦਿਨ ਸੋਮਵਾਰ ਸਵੇਰੇ 9:00 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ ਨਗਰ ਕੀਰਤਨ ਜੋ ਕਿ ਪਿੰਡ ਜੰਡੂ ਸਿੰਘਾ, ਜੈਤੇਵਾਲੀ, ਬੁਢਿਆਣਾ, ਕਪੂਰ ਪਿੰਡ, ਨਰੰਗਪੁਰ, ਖਿੱਚੀਪੁਰ, ਹਰੀਪੁਰ, ਤਲਵੰਡੀ, ਉਦੇਸੀਆਂ, ਅਰਜਨਵਾਲ, ਲੇਸੜੀਵਾਲ, ਚਹੂੜਵਾਲੀ, ਮਦਾਰ ਤੇ ਧੋਗੜੀ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਪੰਜ ਤੀਰਥ ਸਾਹਿਬ ਵਿਖੇ ਸਮਾਪਤ ਹੋਇਆ। ਮਿਤੀ 23 ਜੂਨ ਦਿਨ ਮੰਗਲਵਾਰ ਨੂੰ ਨਿਸ਼ਾਨ ਸਾਹਿਬ ਜੀ ਦੇ ਚੋਲਾ ਬਦਲਣ ਦੀ ਸੇਵਾ ਕੀਤੀ ਗਈ। ਇਸੇ ਤਰ੍ਹਾਂ ਹੀ ਮਿਤੀ 24 ਜੂਨ ਦਿਨ ਬੁੱਧਵਾਰ ਨੂੰ ਮਹਾਨ ਢਾਡੀ ਦਰਬਾਰ ਸਜਾਇਆ ਗਿਆ ਜਿਸ ਦੌਰਾਨ ਢਾਡੀ ਬਿਮਲਜੀਤ ਸਿੰਘ ‘ਖਾਲਸਾ’ ਹਜੂਰੀ ਢਾਡੀ ਗੁ. ਪੰਜ ਤੀਰਥ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ, ਗਿਆਨੀ ਜਸਵਿੰਦਰ ਸਿੰਘ ਬਾਗੀ, ਗਿਆਨੀ ਪਰਮਿੰਦਰ ਸਿੰਘ ਅਮੋਲਕ ਜੰਡਿਆਲਾ ਮੰਜਕੀ ਦੇ ਢਾਡੀ ਜੱਥਿਆਂ ਵੱਲੋਂ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਮਿਤੀ 25 ਜੂਨ ਦਿਨ ਵੀਰਵਾਰ ਸਭ ਤੋਂ ਪਹਿਲਾਂ ਸਵੇਰੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਭਾਈ ਕਮਲਜੀਤ ਸਿੰਘ ਕਮਲ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਤਜਿੰਦਰ ਸਿੰਘ (ਜੰਡੂ ਸਿੰਘਾ ਵਾਲੇ), ਭਾਈ ਗੁਰਦੀਪ ਸਿੰਘ (ਪਲਾਹੀ ਵਾਲੇ), ਭਾਈ ਅਮਰਜੀਤ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਪੰਜ ਤੀਰਥ ਸਾਹਿਬ, ਜੰਡੂ ਸਿੰਘਾ) ਅਤੇ ਭਾਈ ਕਰਮ ਸਿੰਘ ਜੀ ਜਲੰਧਰ ਵਾਲਿਆ ਦੇ ਰਾਗੀ ਜੱਥਿਆਂ ਵੱਲੋਂ ਆਈਆਂ ਸੰਗਤਾਂ ਨੂੰ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ। ਸਟੇਜ ਸਕੱਤਰ ਦੀ ਸੇਵਾ ਭਾਈ ਗੁਰਦੇਵ ਸਿੰਘ ਅਤੇ ਭਾਈ ਬਿਮਲਜੀਤ ਸਿੰਘ ਖਾਲਸਾ ਵੱਲੋ ਨਿਭਾਈ ਗਈ। ਇਸ ਮੌਕੇ ਸਿੰਘ ਹਸਪਤਾਲ ਜੰਡੂ ਸਿੰਘਾ ਵਲੋਂ ਹਰ ਸਾਲ ਦੀ ਤਰ੍ਹਾਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜਿਥੇ ਆਈਆਂ ਹੋਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਉੱਥੇ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਆਈਆਂ ਸੰਗਤਾਂ ਨੂੰ ਕਰੀਬ 1700 ਫਲਦਾਰ ਤੇ ਫੁੱਲਦਾਰ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਅਖੀਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ ਕਰਨੈਲ ਸਿੰਘ ਮੈਂਬਰ ਅਮਰਜੀਤ ਸਿੰਘ ਮੈਂਬਰ ਗੁਰਦੇਵ ਸਿੰਘ ਮੈਂਬਰ ਰਣਜੀਤ ਸਿੰਘ ਮੈਂਬਰ ਅਤੇ ਹੋਰ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Table of Contents

Scroll to Top