ਪੰਜਾਬ ਵਿੱਚ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਕਾਂਗਰਸੀ ਆਗੂਆਂ ਨੇ ਸੰਕਲਪ ਲਿਆ

ਹੁਸ਼ਿਆਰਪੁਰ, 23 ਅਗਸਤ: ਪੰਜਾਬ ਕਾਂਗਰਸ ਦੇ ਸੀਨੀਅਰ ਨੇ ਅੱਜ ਸੰਕਲਪ ਲਿਆ ਹੈ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੀ ਸੱਤਾ ਵਿੱਚ ਵਾਪਸ ਆਵੇ। ਉਨ੍ਹਾਂ ਨੇ ਸਰਬਸੰਮਤੀ ਨਾਲ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਜਿਸ ਕਿਸੇ ਨੂੰ ਵੀ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾਵੇਗਾ, ਉਹ ਸਾਰਿਆਂ ਨੂੰ ਸਵੀਕਾਰ ਹੋਵੇਗਾ।

ਇੱਥੇ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ‘ਆਪ’, ਭਾਜਪਾ ਅਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਤੋਂ ਬਚਾਉਣ ਲਈ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਬੋਲਦਿਆਂ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸਾਰੇ ਵਾਅਦੇ ਤੋੜ ਕੇ ਲੋਕਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਰਗੇ ‘ਆਪ’ ਆਗੂਆਂ ‘ਤੇ ਭਰੋਸਾ ਕਰ ਬੈਠੇ ਸਨ ਕਿ ਉਹ ਬਦਲਾਅ ਲਿਆਉਣਗੇ, ਲੇਕਿਨ ਲੋਕਾਂ ਨੂੰ ਕੁਸ਼ਾਸਨ ਅਤੇ ਅਰਾਜਕਤਾ ਮਿਲੇ।

ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੋਈ ਵੀ ਨਿਵੇਸ਼ਕ ਪੰਜਾਬ ਵਿੱਚ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ, ਜਿਹੜੇ ਗੈਂਗਸਟਰਾਂ ਪਾਸੋਂ ਲਗਾਤਾਰ ਫਿਰੌਤੀ ਮੰਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਡਰਿਆ ਅਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਵੀ ਪੈਸੇ ਦਾ ਨਿਵੇਸ਼ ਨਹੀਂ ਕੀਤਾ ਜਾ ਰਿਹਾ ਹੈ ਅਤੇ ਨਤੀਜੇ ਵਜੋਂ ਇੱਥੇ ਕੋਈ ਨੌਕਰੀਆਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਉੱਪਰ ਹੁਣ ਤੱਕ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ।

ਉਨ੍ਹਾਂ ਖ਼ੁਲਾਸਾ ਕੀਤਾ ਕਿ ਪੰਜਾਬ ਦੇ ਵਪਾਰੀ ਅਤੇ ਕਾਰੋਬਾਰੀ ਸੂਬੇ ਅੰਦਰ ਨਿਵੇਸ਼ ਕਰਨ ਲਈ ਤਿਆਰ ਨਹੀਂ ਹਨ ਅਤੇ ਉਹ ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਨਿਵੇਸ਼ ਕਰ ਰਹੇ ਹਨ। ਇਸ ਲੜੀ ਹੇਠ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਲੁਧਿਆਣਾ ਫੇਰੀ ਦੌਰਾਨ 15,000 ਕਰੋੜ ਰੁਪਏ ਦੇ ਨਿਵੇਸ਼ ਨਾਲ ਲੈ ਕੇ ਚਲੇ ਗਏ ਸਨ।

ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ 300 ਰੁਪਏ ਜਾਂ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦੇਣ ਵਰਗੀਆਂ ਯੋਜਨਾਵਾਂ ਬਾਰੇ ਜਨ ਸੰਪਰਕ ਪ੍ਰੋਗਰਾਮ ‘ਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਭੱਤੇ ਦੀ ਲੋੜ ਨਹੀਂ ਹੈ, ਸਗੋਂ ਉਨ੍ਹਾਂ ਦੀਆਂ ਫਸਲਾਂ ਲਈ ਢੁਕਵਾਂ ਐਮ.ਐਸ.ਪੀ ਚਾਹੀਦਾ ਹੈ।

ਉਨ੍ਹਾਂ ਭਾਜਪਾ ਦੇ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਅਜਿਹੇ ਇੱਕ ਵੀ ਪ੍ਰੋਜੈਕਟ ਦਾ ਨਾਮ ਦੱਸਣ, ਜਿਹੜਾ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਨੂੰ ਦਿੱਤਾ ਹੋਵੇ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਭਾਜਪਾ ਸਰਕਾਰ ਫਸਲਾਂ ਉੱਪਰ ਐਮ.ਐਸ.ਪੀ ਨੂੰ ਖਤਮ ਕਰ ਦੇਵੇਗੀ, ਜੋ ਪੰਜਾਬ ਦੀ ਖੇਤੀਬਾੜੀ ਦੁਆਲੇ ਕੇਂਦ੍ਰਿਤ ਆਰਥਿਕਤਾ ਲਈ ਤਬਾਹੀ ਮਚਾ ਸਕਦੀ ਹੈ।

ਇਸ ਮੌਕੇ ਵੜਿੰਗ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਭਾਜਪਾ ਵੱਲੋਂ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ‘ਵੋਟ ਚੋਰੀ’ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਵੀ ਦਿੱਤੀ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਨਿਯਮਿਤ ਤੌਰ ‘ਤੇ ਜਾਂਚ ਕਰਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀਆਂ ਵੋਟਾਂ ਬਿਹਾਰ ਵਾਂਗ ਨਾ ਹਟਾਈਆਂ ਜਾਣ, ਜਿੱਥੇ ਭਾਜਪਾ ਨੇ 60 ਲੱਖ ਵੋਟਾਂ ਹਟਾਈਆਂ ਹਨ।

ਇਸੇ ਤਰ੍ਹਾਂ, ਵੜਿੰਗ ਨੇ ਪੰਜਾਬ ‘ਆਪ’ ਸਰਕਾਰ ਵੱਲੋਂ ‘ਖਾਲੀ ਸਰਕਾਰੀ ਜ਼ਮੀਨਾਂ ਦੀ ਸਰਵੋਤਮ ਵਰਤੋਂ’ (ਓਯੂਵੀਜੀਐਲ) ਤਹਿਤ ਉਨ੍ਹਾਂ ਨੂੰ ਵੇਚਣ ਦੀ ਨੀਤੀ ਦਾ ਵੀ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ‘ਲੈਂਡ ਪੂਲਿੰਗ’ ਰਾਹੀਂ ‘ਲੈਂਡ ਲੁੱਟ ਸਕੀਮ’ ਵਾਪਸ ਲੈਣ ਲਈ ਮਜਬੂਰ ਹੋਣ ਤੋਂ ਬਾਅਦ, ਹੁਣ ਆਮ ਆਦਮੀ ਪਾਰਟੀ ਸਰਕਾਰ ਇਸ ਸਕੀਮ ਰਾਹੀਂ ਸੂਬੇ ਨੂੰ ਹੋਏ ਭਾਰੀ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਖਾਤਿਰ ‘ਪਰਿਵਾਰ ਦੇ ਗਹਿਣੇ’ ਵੇਚਣ ਦਾ ਇੱਕ ਹੋਰ ਵਿਚਾਰ ਲੈ ਕੇ ਆਈ ਹੈ।

ਜਿਸਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਿਰਫ਼ ਇਹ ਸਾਬਤ ਹੁੰਦਾ ਹੈ ਕਿ ‘ਆਪ’ ਸਰਕਾਰ ਪੰਜਾਬ ਲਈ ਆਰਥਿਕ ਅਤੇ ਵਿੱਤੀ ਆਫ਼ਤ ਸਾਬਤ ਹੋਈ ਹੈ ਤੇ ਇਸਨੇ ਸੂਬੇ ਨੂੰ ਦੀਵਾਲੀਆਪਨ ਵੱਲ ਧੱਕ ਦਿੱਤਾ ਹੈ। ਕਿਉਂਕਿ ਤੁਸੀਂ ਸਿਰਫ਼ ਉਦੋਂ ਹੀ ਪਰਿਵਾਰ ਦੇ ਗਹਿਣੇ ਵੇਚਦੇ ਹੋ, ਜਦੋਂ ਤੁਸੀਂ ਸਾਰੇ ਸਾਧਨ ਮੁੱਕਣ ਤੋਂ ਬਾਅਦ ਪੂਰੀ ਤਰ੍ਹਾਂ ਦੀਵਾਲੀਆ ਹੋ ਜਾਂਦੇ ਹੋ।

ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ, ਇੰਦੂ ਬਾਲਾ ਅਤੇ ਸਰਬਜੋਤ ਸਿੰਘ ਸਾਬੀ ਵੀ ਮੌਜੂਦ ਰਹੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top