ਮੁੱਖ ਮੰਤਰੀ ਵੱਲੋਂ ਗ੍ਰਾਮ ਪੰਚਾਇਤ ਪਿੰਡ ਰੁੜਕਾ ਕਲਾਂ ਨੂੰ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਲਾਨਾ ਵਾਤਾਵਰਣ ਐਵਾਰਡ’ ਪ੍ਰਦਾਨ

ਜਲੰਧਰ, 17 ਅਗਸਤ : ਆਜ਼ਾਦੀ ਦਿਹਾੜੇ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮਨਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗ੍ਰਾਮ ਪੰਚਾਇਤ ਪਿੰਡ ਰੁੜਕਾ ਕਲਾਂ ਨੂੰ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਲਾਨਾ ਵਾਤਾਵਰਣ ਐਵਾਰਡ-2024’ ਨਾਲ ਸਨਮਾਨਿਤ ਕੀਤਾ ਗਿਆ।
ਮੁੱਖ ਮੰਤਰੀ ਵੱਲੋਂ ਪੰਜਾਬ ਭਰ ਵਿੱਚ ਵਾਤਾਵਰਣ ਦੀ ਸੁਰੱਖਿਆ ਤੇ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਸ਼ਾਨਦਾਰ ਕੰਮ ਕਰਨ ਲਈ ਇਹ ਐਵਾਰਡ ਪਿੰਡ ਰੁੜਕਾ ਕਲਾਂ ਦੀ ਪੰਚਾਇਤ ਨੂੰ ਪੰਚਾਇਤੀ ਵਰਗ ਦਿੱਤਾ ਗਿਆ, ਜੋ ਕਿ ਪੰਚਾਇਤ ਪ੍ਰਬੰਧਕ ਅਜਨੀਸ਼ ਕੁਮਾਰ ਅਤੇ ਪੰਚਾਇਤ ਸਕੱਤਰ ਅਸ਼ੋਕ ਕੁਮਾਰ ਵੱਲੋਂ ਪ੍ਰਾਪਤ ਕੀਤਾ ਗਿਆ। ਇਸ ਐਵਾਰਡ ਵਿੱਚ ਇਕ ਲੱਖ ਰੁਪਏ ਦਾ ਚੈੱਕ ਤੋਂ ਇਲਾਵਾ ਸ਼ੀਲਡ ਅਤੇ ਸਨਮਾਨ ਪੱਤਰ ਸ਼ਾਮਲ ਹੈ।
ਪਿੰਡ ਰੁੜਕਾ ਕਲਾਂ ਵਿਖੇ ਵਾਤਾਵਰਣ ਦੀ ਸੰਭਾਲ ਲਈ ਕਈ ਉਪਰਾਲੇ ਕੀਤੇ ਗਏ ਹਨ। ਸਰਕਾਰ, ਸਥਾਨਕ ਲੋਕਾਂ ਅਤੇ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਪਿੰਡ ਦੇ 4 ਛੱਪੜਾਂ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕੀਤਾ ਗਿਆ। 400 ਏਕੜ ਵਾਹੀਯੋਗ ਜ਼ਮੀਨ 5 ਕਿਲੋਮੀਟਰ ਜ਼ਮੀਨਦੋਜ਼ ਪਾਈਪਲਾਈਨ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ 20 ਕਿਲੋਵਾਟ ਦੀ ਸਮਰੱਥਾ ਵਾਲੇ ਪੰਪ ਦੀ ਸਹਾਇਤਾ ਨਾਲ ਸਿੰਜਾਈ ਹੇਠ ਲਿਆਂਦੀ ਗਈ । ਐਨ.ਆਰ.ਆਈਜ਼ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ 1.5 ਕਰੋੜ ਦੀ ਰਾਸ਼ੀ ਇਕੱਤਰ ਕਰਕੇ ਪਿੰਡ ਵਿੱਚ ਵਾਤਾਵਰਣ ਸਬੰਧੀ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਪਿੰਡ ਵਿੱਚ ਲਗਭਗ 100 ਸੌਕ ਪਿੱਟ ਰਾਹੀਂ ਨਿਕਾਸੀ ਪਾਣੀ ਦਾ ਪ੍ਰਬੰਧ ਕੀਤਾ ਗਿਆ। ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਪੰਚਾਇਤ ਨੇ ਹਰ ਸਾਲ ਕਰੀਬ 600 ਬੂਟੇ ਲਾਏ ਅਤੇ 1 ਲੱਖ ਪੌਦਿਆਂ ਦੀ ਨਰਸਰੀ ਸਥਾਪਤ ਕੀਤੀ ਹੈ। ਇਸ ਤੋਂ ਇਲਾਵਾ ਮੀਂਹ ਦੇ ਪਾਣੀ ਨੂੰ ਛੱਤਾਂ ਤੋਂ ਇਕੱਤਰ ਕਰਕੇ ਜ਼ਮੀਨ ਵਿੱਚ ਰਿਚਾਰਜ ਲਈ ਵਰਤਿਆ ਜਾ ਰਿਹਾ ਹੈ। ਪਾਣੀ ਦੀ ਸੰਭਾਲ ਲਈ ਸਮੇਂ-ਸਮੇਂ ’ਤੇ ਟ੍ਰੇਨਿੰਗਾਂ ਕੈਂਪ ਵੀ ਲਗਾਏ ਗਏ। ਪਿੰਡ ਵਿੱਚ ਵਾਤਾਵਰਣ ਦੀ ਸੰਭਾਲ ਲਈ ਕੀਤੇ ਉਪਰਾਲਿਆਂ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਨਿੱਗਰ ਯੋਗਦਾਨ ਰਿਹਾ।   
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵਾਤਾਵਰਣ ਇੰਜੀਨੀਅਰ (ਖੇਤਰੀ ਦਫ਼ਤਰ-1) ਸੰਦੀਪ ਕੁਮਾਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top