ਡਿਪਟੀ ਕਮਿਸ਼ਨਰ ਵਲੋਂ ਸਰਦੀ ਦੇ ਮੌਸਮ ਦੌਰਾਨ ਧੁੰਦ ’ਚ ਸੁਰੱਖਿਅਤ ਅਵਾਜਾਈ ਯਕੀਨੀ ਬਣਾਉਣ ’ਤੇ ਜ਼ੋਰ

ਜਲੰਧਰ, 3 ਦਸੰਬਰ – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਦੀਆਂ ਵਿੱਚ ਧੁੰਦ ਦੇ ਮੌਸਮ ਦੌਰਾਨ ਸੁਰੱਖਿਅਤ ਅਵਾਜਾਈ ਨੂੰ ਸੁਚੱਜੇ ਢੰਗ ਨਾਲ ਜਾਰੀ ਰੱਖਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ।
ਡਾ.ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਕੀਤੀਆਂ ਕਿ ਧੁੰਦ ਦੌਰਾਨ ਸੜਕਾਂ ’ਤੇ ਘੱਟ ਦਿਸਣ ਕਾਰਨ ਹੋਣ ਵਾਲੀਆਂ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਮਾਪਦੰਡਾਂ ਨੂੰ ਅਪਣਾਇਆ ਜਾਵੇ। ਉਨ੍ਹਾਂ ਵਲੋਂ ਬਲੈਕ ਸਪੌਟ ਥਾਵਾਂ ਦੀ ਪਹਿਚਾਣ ਕਰਨ ਅਤੇ ਸੜਕੀ ਸੁਰੱਖਿਆ ਨੂੰ ਵਧਾਉਣ ਲਈ ਵਾਹਨਾਂ ’ਤੇ ਧੁੰਦ ਵਾਲੀਆਂ ਲਾਈਟਾਂ ਲਗਾਉਣ  ਅਤੇ ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਰੋਕਥਾਮ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਟ੍ਰੈਫ਼ਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਧੁੰਦ ਦੇ ਸਮੇਂ ਦੌਰਾਨ ਸੁਰੱਖਿਅਤ ਡਰਾਇਵਿੰਗ ਅਤੇ ਵਾਹਨਾਂ ’ਤੇ ਐਮਰਜੰਸੀ ਲਾਈਟਾਂ ਦੀ ਵਰਤੋਂ ਕਰਨ ਅਤੇ ਘੱਟ ਵਿਜੀਬਿਲਟੀ ਦੌਰਾਨ ਹੌਲੀ ਗੱਡੀ ਚਲਾਉਣ ਪ੍ਰਤੀ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ।
ਟਰੈਫਿਕ ਵਿਵਸਥਾ ਸਬੰਧੀ ਮੁੱਦਿਆਂ ਦਾ ਜਾਇਜ਼ਾ ਲੈਂਦਿਆਂ ਡਾ. ਅਗਰਵਾਲ ਨੇ ਸਿੱਖਿਆ ਅਤੇ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਅਵਾਜਾਈ ਨਿਯਮਾਂ ਪ੍ਰਤੀ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ। ਉਨ੍ਹਾਂ ਨਗਰ ਨਿਗਮ ਜਲੰਧਰ ਨੂੰ ਵੀ ਹਦਾਇਤ ਕੀਤੀ ਕਿ ਸ਼ਹਿਰ ਦੇ ਮੁੱਖ ਚੌਕਾਂ ਵਿਖੇ ਅਵਾਜਾਈ ਨੂੰ ਨਿਰਵਿਘਨ ਢੰਗ ਨਾਲ ਜਾਰੀ ਰੱਖਣ ਲਈ ਅਵਾਜਾਈ ਅਨੁਸਾਰ ਟਰੈਫਿਕ ਲਾਈਟਾਂ ਦੇ ਸਮੇਂ ਨੂੰ ਨਿਸ਼ਚਿਤ ਕੀਤਾ ਜਾਵੇ। ਉਨ੍ਹਾਂ ਟਰੈਫਿਕ ਪੁਲਿਸ ਨੂੰ ਇਹ ਵੀ ਕਿਹਾ ਕਿ ਰਾਮਾ ਮੰਡੀ ਚੌਕ ਵਿਖੇ ਅਣਅਧਿਕਾਰਤ ਬੱਸਾਂ ਦੇ ਰੁਕਣ ਨਾਲ ਅਵਾਜਾਈ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇ। 
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਤਿਉਹਾਰਾਂ ਅਤੇ ਧਾਰਮਿਕ ਸਮਾਗਮਾਂ ਦੌਰਾਨ ਸੁਚੱਜੇ ਅਵਾਜਾਈ ਪ੍ਰਬੰਧਾਂ ਲਈ ਕੀਤੀ ਗਈ ਵਿਉਂਤਬੰਦੀ ਦਾ ਵੀ ਜਾਇਜ਼ਾ ਲੈਂਦਿਆਂ ਸਖ਼ਤ ਹਦਾਇਤਾਂ ਕੀਤੀਆਂ ਕਿ ਓਵਰ ਲੋਡਿੰਗ, ਘੱਟ ਉਮਰ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਅਤੇ ਸੜਕੀ ਕਬਜ਼ਿਆਂ ਵਰਗੇ ਮੁੱਦਿਆਂ ਨੂੰ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਮੇਟੀ ਮੈਂਬਰਾਂ ਵਲੋਂ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ।
—————–

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top