ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ’ਚ ਮਹਿਲਾ ਸਸ਼ਕਤੀਕਰਨ ਸਬੰਧੀ ਪਹਿਲਕਦਮੀਆਂ ਨੂੰ ਹੁਲਾਰਾ ਦੇਣ ’ਤੇ ਦਿੱਤਾ ਜ਼ੋਰ

ਜਲੰਧਰ, 20 ਸਤੰਬਰ:  ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਰਕਾਰੀ ਵਿਭਾਗਾਂ ਨੂੰ ਜ਼ਿਲ੍ਹੇ ਵਿੱਚ ਮਹਿਲਾ ਸਸ਼ਕਤੀਕਰਨ ਸਬੰਧੀ ਪਹਿਲਕਦਮੀਆਂ ਨੂੰ ਹੁਲਾਰਾ ਦੇਣ ਲਈ ਸਰਗਰਮੀਆਂ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਸਾਂਝੇ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ।
ਵੱਖ-ਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਅਗਰਵਾਲ ਨੇ ਲੜਕੀਆਂ ਲਈ ਸਵੈ-ਰੱਖਿਆ ਦੀ ਸਿਖ਼ਲਾਈ, ਛੇੜਛਾੜ (ਈਵ-ਟੀਜ਼ਿੰਗ) ਵਿਰੋਧੀ ਮੁਹਿੰਮਾਂ, ਗ੍ਰੈਫਿਟੀ ਆਰਟ, ਪੈਂਫਲੈਟਾਂ ਦੀ ਵੰਡ, ਪੋਸਟਰ ਬਣਾਉਣ ਅਤੇ ਸਲੋਗਨ ਲਿਖਣ ਦੇ ਮੁਕਾਬਲਿਆਂ ਵਰਗੀਆਂ ਗਤੀਵਿਧੀਆਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਆਉਣ ਵਾਲੇ ਮਹੀਨਿਆਂ ਵਿੱਚ ਆਇਰਨ ਦੀਆਂ ਗੋਲੀਆਂ ਦੀ ਵੰਡ ਰਾਹੀਂ ਅਨੀਮੀਆ ਤੋਂ ਪੀੜਤ ਲੜਕੀਆਂ ਵਿੱਚ ਹੀਮੋਗਲੋਬਿਨ ਦੇ ਪੱਧਰ ’ਚ ਸੁਧਾਰ ਕਰਨ ‘ਤੇ ਕੇਂਦਰਿਤ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਨੀਮੀਆ ਤੋਂ ਪੀੜਤ ਲੜਕੀਆਂ ਦੀ ਸਿਹਤ ਵਿੱਚ ਸੁਧਾਰ ਦੇ ਲਿਹਾਜ਼ ਨਾਲ ਇਸ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਨ੍ਹਾਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਛੇੜਛਾੜ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੜਕਿਆਂ ਨੂੰ ਈਵ ਟੀਜ਼ਿੰਗ ਦੇ ਨਤੀਜਿਆਂ ਬਾਰੇ ਜਾਣੂ ਕਰਵਾਉਣ ਲਈ ਮੁਹਿੰਮ ਚਲਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਸ ਉਪਰਾਲੇ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਲੜਕੀਆਂ ਨੂੰ ਸਮਾਜ ਵਿੱਚ ਹੋਰ ਸਸ਼ਕਤ ਬਣਾਉਣ ਲਈ ਕੋਚਿੰਗ ਕਲਾਸਾਂ ਅਤੇ ਹੁਨਰ ਵਿਕਾਸ ਸਿਖ਼ਲਾਈ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਬੁੱਧੀਰਾਜ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਸਹਾਇਕ ਪੁਲਿਸ ਕਮਿਸ਼ਨਰ ਮਨਮੋਹਨ ਸਿੰਘ, ਡੀ.ਡੀ.ਪੀ.ਓ. ਸੁਖਬੀਰ ਕੌਰ, ਲੀਗਲ ਪ੍ਰੋਬੇਸ਼ਨਰੀ ਅਫ਼ਸਰ ਸੰਦੀਪ ਕੁਮਾਰ, ਡੀ.ਸੀ.ਪੀ.ਓ. ਅਜੈ ਭਾਰਤੀ ਆਦਿ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top