ਜਲੰਧਰ, 6 ਦਸੰਬਰ – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਪੁੱਡਾ ਵਿਖੇ ਬਤੌਰ ਜੂਨੀਅਰ ਇੰਜੀਨੀਅਰ ਤਾਇਨਾਤ ਮੋਹਿਤ ਦੁੱਗ ਵਲੋਂ ਹਾਲ ਹੀ ਵਿੱਚ ਯੂ.ਐਸ.ਏ ਵਿੱਚ ਹੋਈ ਡਬਲਿਊ ਪੀ.ਸੀ. ਵਿਸ਼ਵ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਸਫ਼ਲਤਾ ਹਾਸਿਲ ਕਰਨ ’ਤੇ ਸਨਮਾਨ ਕੀਤਾ ਗਿਆ। ਮੋਹਿਤ ਵਲੋਂ ਪਿਛਲੇ ਮਹੀਨੇ ਸ਼ਿਕਾਗੋ ਵਿਖੇ ਹੋਈ ਵਿਸ਼ਵ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ-2024 ਵਿੱਚ 18 ਦੇਸ਼ਾਂ ਜਿਨ੍ਹਾਂ ਵਿੱਚ ਯੂ.ਐਸ.ਏ, ਕੈਨੇਡਾ, ਅਸਟਰੇਲੀਆ ਅਤੇ ਇੰਗਲੈਂਡ ਆਦਿ ਦੇ ਨਾਮਵਰ ਖਿਡਾਰੀਆਂ ਵਲੋਂ ਹਿੱਸਾ ਲਿਆ ਗਿਆ, ਵਿੱਚ ਸਿਲਵਰ ਮੈਡਲ ਜਿੱਤ ਕੇ ਜਲੰਧਰ ਦਾ ਨਾਮ ਦੁਨੀਆਂ ਦੇ ਨਕਸ਼ੇ ’ਤੇ ਰੌਸ਼ਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਮੋਹਿਤ ਨੂੰ ਮਿਲ ਕੇ ਜਾਣਕਾਰੀ ਹਾਸਿਲ ਕੀਤੀ ਕਿ ਉਸ ਨੇ ਇਸ ਚੈਂਪੀਅਨਸ਼ਿਪ ਲਈ ਕਿਸ ਤਰ੍ਹਾਂ ਖੁਦ ਨੂੰ ਤਿਆਰ ਕੀਤਾ। ਉਨ੍ਹਾਂ ਦੱਸਿਆ ਕਿ ਮੋਹਿਤ ਵਲੋਂ 83 ਕਿਲੋ ਭਾਰ ਵਰਗ ਵਿੱਚ ਭਾਗ ਲੈਂਦਿਆਂ 165 ਕਿਲੋਗਰਾਮ ਦੀ ਬੈਂਚ ਪ੍ਰੈਸ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕਰਕੇ ਸਿਲਵਰ ਮੈਡਲ ਜਿੱਤਿਆ। ਇਸ ਮੌਕੇ ਮੋਹਿਤ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 2023 ਵਿੱਚ ਉਹ ਮਾਨਚੇੈਸਟਰ, ਇੰਗਲੈਂਡ ਵਿੱਚ ਗੋਲਡ ਮੈਡਲ ਜਿੱਤ ਕੇ ਵਿਸ਼ਵ ਚੈਂਪੀਅਨ ਬਣਿਆ ਸੀ।
ਇਸ ਮੌਕੇ ਉਜਵੱਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਹਿਤ ਵਲੋਂ ਹਾਸਿਲ ਕੀਤੀ ਗਈ ਪ੍ਰਾਪਤੀ ਅਤੇ ਉਸ ਦੀ ਲਗਨ ਅਨੇਕਾਂ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰਰੇਦੀ ਰਹੇਗੀ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਨੌਜਵਾਨ ਖਿਡਾਰੀਆਂ ਨੂੰ ਵੀ ਸੱਦਾ ਦਿੱਤਾ ਕਿ ਸੂਬੇ ਅਤੇ ਦੇਸ਼ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ ਲਈ ਖੇਡਾਂ ਦੇ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।
————–
- +91 99148 68600
- info@livepunjabnews.com