ਜਲੰਧਰ, 29 ਸਤੰਬਰ : ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਦੇਸ਼ ਅਤੇ ਵਿਸ਼ਵ ਨੂੰ ਬਿਹਤਰ ਅਤੇ ਸ਼ਾਂਤੀਪੂਰਨ ਸਥਾਨ ਬਣਾਉਣ ਲਈ ਸਰਵ ਧਰਮ ਸੰਗਮ ਦੀ ਭਾਵਨਾ ਨੂੰ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਉਹ ਅੱਜ ਇਥੇ ਐਸ.ਐਸ.ਜੈਨ ਸਭਾ ਜਲੰਧਰ ਵੱਲੋਂ ਅਚਾਰੀਆ ਸ਼੍ਰੀ ਆਤਮ ਮਨੋਹਰ ਜਨਮ ਜਯੰਤੀ ਮੌਕੇ ਕਰਵਾਏ ਗਏ ‘ਵਿਰਾਟ ਸਰਵ ਧਰਮ ਸੰਗਮ’ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਅਨੀਤਾ ਕਟਾਰੀਆ ਵੀ ਮੌਜੂਦ ਸਨ।
ਆਪਣੇ ਸੰਬੋਧਨ ਦੌਰਾਨ ਰਾਜਪਾਲ ਸ਼੍ਰੀ ਕਟਾਰੀਆ ਨੇ ਕਿਹਾ ਕਿ ਅੱਜ ਵਿਸ਼ਵ ਵਿੱਚ ਸ਼ਾਂਤੀ, ਏਕਤਾ ਅਤੇ ਮਨੁੱਖਤਾ ਦੇ ਆਦਰਸ਼ਾਂ ਨੂੰ ਮਜ਼ਬੂਤ ਕਰਨ ਲਈ ਸਰਵ ਧਰਮ ਸੰਗਮ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਮੰਚ ਹੈ, ਜਿਥੇ ਸਾਰੇ ਧਰਮਾਂ ਦੇ ਲੋਕ ਆਪੋ-ਆਪਣੇ ਵਿਚਾਰ, ਵਿਸ਼ਵਾਸ ਅਤੇ ਆਸਥਾਵਾਂ ਨੂੰ ਨਾਲ ਲੈ ਕੇ ਏਕਤਾ ਅਤੇ ਸਦਭਾਵਨਾ ਨਾਲ ਮਿਲਦੇ ਹਨ।
ਜੈਨ ਧਰਮ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਜੈਨ ਧਰਮ ਦੀ ਪੂਰੇ ਵਿਸ਼ਵ ਨੂੰ ਇਕ ਮਹਾਨ ਦੇਣ ਹੈ, ਜਿਸ ਨੇ ਹਮੇਸ਼ਾ ਸ਼ਾਂਤੀ, ਅਹਿੰਸਾ ਅਤੇ ਸਹਿਯੋਗ ਦਾ ਪ੍ਰਚਾਰ-ਪਸਾਰ ਕੀਤਾ। ਉਨ੍ਹਾਂ ਕਿਹਾ ਕਿ ਜੈਨ ਧਰਮ ਮਨੁੱਖ ਦੀ ਭਲਾਈ ਦੇ ਨਾਲ-ਨਾਲ ਧਰਤੀ ’ਤੇ ਮੌਜੂਦ ਹਰ ਪ੍ਰਾਣੀ, ਪੇੜ, ਪੰਛੀ ਆਦਿ ਪ੍ਰਤੀ ਅਹਿੰਸਾ, ਪ੍ਰੇਮ ਅਤੇ ਸਨੇਹ ਦਾ ਸੰਦੇਸ਼ ਦਿੰਦਾ ਹੈ।
ਵਿਸ਼ੇਸ਼ ਸਮਾਗਮ ਆਯੋਜਿਤ ਕਰਨ ਦੀ ਇਸ ਪਹਿਲਕਦਮੀ ਲਈ ਐਸ.ਐਸ.ਜੈਨ ਸਭਾ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਹ ਇਕ ਵਿਲੱਖਣ ਪਹਿਲ ਹੈ, ਜਿਸ ਵਿੱਚ ਵੱਖ-ਵੱਖ ਧਰਮਾਂ, ਪ੍ਰੰਪਰਾਵਾਂ ਦੇ ਸੰਤਾਂ-ਮਹਾਂਪੁਰਖਾ ਨੇ ਇਕ ਮੰਚ ਤੋਂ ਏਕਤਾ ਅਤੇ ਆਪਸੀ ਸਤਿਕਾਰ ਦਾ ਵਡਮੁੱਲਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸਮਾਗਮ ਤੋਂ ਸਾਨੂੰ ਇਕਜੁੱਟ ਹੋ ਕੇ ਬਿਹਤਰ ਸਮਾਜ ਦੀ ਸਿਰਜਣਾ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਦੇਸ਼ ਅਤੇ ਵਿਸ਼ਵ ਦੀ ਭਲਾਈ ਲਈ ਉਨ੍ਹਾਂ ਮੰਚ ’ਤੇ ਬਿਰਾਜਮਾਨ ਸੰਤਾਂ-ਮਹਾਂਪੁਰਖਾਂ ਨੂੰ ਸਾਰੇ ਵਰਗਾਂ ਵਿੱਚ ਸਦਭਾਵ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇਸ ਉਪਰਾਲੇ ਨੂੰ ਹੋਰ ਅੱਗੇ ਲਿਜਾਣ ਦੀ ਅਪੀਲ ਕੀਤੀ।
ਇਸ ਦੌਰਾਨ ਵੱਖ-ਵੱਖ ਧਰਮਾਂ ਤੇ ਸੰਪਰਦਾਵਾਂ ਦੀ ਨੁਮਾਇੰਦਗੀ ਕਰ ਰਹੇ ਸੰਤਾਂ-ਮਹਾਂ ਪੁਰਖਾਂ ਵੱਲੋਂ ਆਪੋ-ਆਪਣੇ ਧਰਮਾਂ ਦੇ ਸਿਧਾਂਤਾ ਨੂੰ ਉਜਾਗਰ ਕਰਦਿਆਂ ਲੋਕਾਂ ਨੂੰ ਆਪਸੀ ਭਾਈਚਾਰੇ ਅਤੇ ਸਦਭਾਵਨਾ ਨਾਲ ਰਹਿਣ ਦੀ ਪ੍ਰੇਰਨਾ ਦਿੰਦਿਆਂ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਮਹਿੰਦਰ ਭਗਤ, ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ, ਹਲਕਾ ਵਿਧਾਇਕ ਵਿਜੈ ਬਾਂਸਲ, ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਐਸ.ਐਸ. ਜੈਨ ਸਭਾ ਜਲੰਧਰ ਦੇ ਪ੍ਰਧਾਨ ਸਤਿਆ ਪਾਲ ਜੈਨ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।
———-
- +91 99148 68600
- info@livepunjabnews.com