ਸ਼ਹੀਦ ਤਿਲਕ ਰਾਜ ਸਿੰਘ ਦੀ ਸੂਬੇਦਾਰ ਮੇਜਰ ਤੋਂ ਲੈਕੇ CRPF ਇੰਸਪੈਕਟਰ ਦਾ ਸਫ਼ਰ, ਨਕਸਲੀਆਂ ਨੂੰ ਖਦੇੜਨ ਦੀ ਕਹਾਣੀ

ਜਲੰਧਰ- ਸ਼ਹੀਦ ਤਿਲਕ ਰਾਜ ਸਿੰਘ ਪਿੰਡ ਭਰੋਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜਨਮ 1 ਜੂਨ 1959 ਪਿਤਾ ਭਾਗੂ ਰਾਮ ਦੇ ਘਰ ਹੋਇਆ। ਭਾਗੂ ਰਾਮ ਇਕ ਸਾਧਾਰਨ ਘਰ ਦਾ ਕੀਰਤ ਕਰਨ ਵਾਲਾ ਇਨਸਾਨ ਸੀ। ਤਿਲਕ ਰਾਜ ਦੇ ਜਨਮ ਹੁੰਦੇ ਹੀ ਉਹਨਾਂ ਸਭ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਅਤੇ ਰੱਬ ਦਾ ਸ਼ੁਕਰਾਨਾ ਵੀ ਕੀਤਾ। ਤਿਲਕ ਰਾਜ ਨੇ ਆਪਣੀ ਮੁੱਢਲੀ ਪੜ੍ਹਾਈ ਡੀ. ਸੀ. ਐਮ. ਜੈਨ ਹਾਈ ਸਕੈਂਡਰੀ ਸਕੂਲ ਫਿਰੋਜ਼ਪੁਰ ਵਿਖੇ ਕੀਤੀ। ਪੜਦੇ ਸਮੇਂ ਹੀ ਸਕੂਲ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਤਿਲਕ ਰਾਜ ਹਮੇਸ਼ਾ ਆਰਮੀ ਦੀ ਵਰਦੀ ਪਾ ਕੇ ਕੋਈ ਨਾ ਕੋਈ ਰੋਲ ਅਦਾ ਕਰਦੇ। ਸਕੂਲ ਵਿੱਚ ਵੀ ਇਹਨਾਂ ਨੂੰ ਫੌਜੀ ਕਹਿ ਕੇ ਬੁਲਾਇਆ ਜਾਂਦਾ ਸੀ। ਪੜ੍ਹਾਈ ਵਿੱਚ ਵੀ ਤਿਲਕ ਰਾਜ ਹਮੇਸ਼ਾ ਚੰਗੇ ਨਤੀਜੇ ਹਾਸਲ ਕਰਦਾ। ਇਹਨਾਂ ਨੂੰ ਹਾਕੀ ਅਤੇ ਬੋਕਸਿੰਗ ਕਰਨ ਦਾ ਬਹੁਤ ਸ਼ੌਂਕ ਸੀ। ਸਕੂਲ ਦੇ ਮੁਕਾਬਲੇ ਹੋਣ ਤੇ ਹਮੇਸ਼ਾ ਕੋਈ ਨਾ ਕੋਈ ਮੈਡਲ ਜਿੱਤ ਕੇ ਹੀ ਆਉਂਦੇ। ਇਹਨਾਂ ਦੇ ਸਕੂਲ ਦੀ ਤਿਲਕ ਰਾਜ ਕਰਕੇ ਹਮੇਸ਼ਾ ਬੱਲੇ ਬੱਲੇ ਹੀ ਹੁੰਦੀ ਰਹਿੰਦੀ। ਪੜ੍ਹਾਈ ਦੇ ਨਾਲ ਨਾਲ ਤਿਲਕ ਰਾਜ ਐਨਸੀਸੀ ਦੇ ਕੈਂਪ ਵੀ ਲਗਾਉਂਦੇ ਹੀ ਰਹਿੰਦੇ ਅਤੇ ਉਸ ਵਿੱਚੋਂ ਵੀ ਕੋਈ ਨਾ ਕੋਈ ਮੈਡਲ ਲੈ ਕੇ ਘਰ ਪਰਤਦੇ।

ਇਕ ਦਿਨ ਰੇਡੀਓ ਤੇ ਆਰਮੀ ਦੀ ਭਰਤੀ ਦਾ ਐਲਾਨ ਹੋਇਆ ਤਾਂ ਤਿਲਕ ਰਾਜ ਘਰੋ ਆਗਿਆ ਲੈ ਕੇ ਭਰਤੀ ਦੇਖਣ ਚਲੇ ਗਏ। 15 ਮਈ 1977 ਨੂੰ ਪੂਨੇ ਆਰਮੀ ਵਿੱਚ ਭਰਤੀ ਹੋ ਗਏ। ਆਰਮੀ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਅਲੱਗ ਅਲੱਗ ਜਗ੍ਹਾ ਤੇ ਆਪਣੀ ਡਿਊਟੀ ਕਰਦੇ। ਆਰਮੀ ਵਿੱਚ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਤਿਲਕ ਰਾਜ ਨੂੰ ਸੂਬੇਦਾਰ ਰੈਂਕ ਦਿੱਤਾ ਗਿਆ। ਸੂਬੇਦਾਰ ਬਣਦਿਆਂ ਹੀ ਇਹਨਾਂ ਨੂੰ ਕਾਰਗਿਲ ਦੀ ਲੜਾਈ ਵਿੱਚ ਜਾਣਾ ਪਿਆ। ਕਾਰਗਿਲ ਦੀ ਲੜਾਈ ਵਿੱਚ ਵੀ ਸੂਬੇਦਾਰ ਤਿਲਕ ਰਾਜ ਨੇ ਦੁਸ਼ਮਣਾਂ ਦੇ ਛੱਕੇ ਛੁਡਾ ਦਿੱਤੇ।

ਉਸ ਸਮੇਂ ਆਰਮੀ ਦੇ ਸਾਰੇ ਜਵਾਨਾਂ ਦੀ ਛੁੱਟੀ ਬੰਦ ਸੀ ਤਾਂ ਅਚਾਨਕ ਉਹਨਾਂ ਦੇ ਘਰੋਂ ਇੱਕ ਟੈਲੀਗਰਾਮ ਆ ਗਈ ਜਿਸ ਵਿੱਚ ਉਹਨਾਂ ਦੀ ਪਤਨੀ ਕੁਲਦੀਪ ਕੌਰ ਦੇ ਅਕਾਲ ਚਲਾਣਾ ਦੀ ਖਬਰ ਦਿੱਤੀ ਗਈ। ਉਸ ਸਮੇਂ ਸੂਬੇਦਾਰ ਤਿਲਕ ਰਾਜ ਕਾਰਗਿਲ ਦੀ ਲੜਾਈ ਵਿੱਚ ਸੀ। ਉਹਨਾਂ ਨੂੰ ਛੁੱਟੀ ਆਉਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਪਰ ਸੀਨੀਅਰ ਅਫਸਰਾਂ ਨੇ ਇਹਨਾਂ ਨੂੰ ਇੱਕ ਦਿਨ ਲਈ ਪਤਨੀ ਦੇ ਸੰਸਕਾਰ ਤੇ ਜਾਣ ਦੀ ਇਜਾਜ਼ਤ ਦੇ ਦਿੱਤੀ। ਸੂਬੇਦਾਰ ਤਿਲਕ ਰਾਜ ਆਪਣੇ ਪਿੰਡ ਆਪਣੀ ਪਤਨੀ ਦੇ ਸੰਸਕਾਰ ਤੇ ਪਹੁੰਚਿਆ ਪਰ ਤਿਲਕ ਰਾਜ ਆਪਣੇ ਘਰ ਵੀ ਨਹੀਂ ਜਾ ਸਕਿਆ। ਸੂਬੇਦਾਰ ਤਿਲਕ ਰਾਜ ਦੇ ਦੋ ਬੇਟੇ ਤੇ ਇੱਕ ਬੇਟੀ ਸੀ, ਜਿਨਾਂ ਨੂੰ ਪਤਨੀ ਦੇ ਮਰਨ ਤੋਂ ਬਾਅਦ ਸੰਭਾਲਣ ਵਾਲਾ ਕੋਈ ਵੀ ਨਹੀਂ ਸੀ। ਤਿਲਕ ਰਾਜ ਲਈ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ। ਇੱਕ ਪਾਸੇ ਉਹਨਾਂ ਦੇ ਛੋਟੇ ਛੋਟੇ ਬੱਚੇ ਸੀ ਤੇ ਦੂਜੇ ਪਾਸੇ ਦੇਸ਼ ਦੀ ਲੜਾਈ। ਤਿਲਕਰਾਜ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਛੱਡ ਕੇ ਵਾਪਸ ਕਾਰਗਿਲ ਦੀ ਜੰਗ ਵਿੱਚ ਪਹੁੰਚ ਗਏ।

ਦੋਨਾਂ ਦੇਸ਼ਾਂ ਦੀ ਜੰਗ ਬੜੀ ਜ਼ਬਰਦਸਤ ਜਾਰੀ ਸੀ। ਕੁਝ ਹੀ ਸਮੇਂ ਬਾਅਦ ਇੰਡੀਅਨ ਆਰਮੀ ਨੇ ਜੰਗ ਜਿੱਤ ਲਈ ਅਤੇ ਉੱਚੀਆਂ ਪਹਾੜੀਆਂ ਤੇ ਆਪਣਾ ਤਿਰੰਗੀ ਝੰਡਾ ਲਹਿਰਾ ਦਿੱਤਾ। ਪਰ ਦੂਜੇ ਪਾਸੇ ਸੂਬੇਦਾਰ ਤਿਲਕ ਰਾਜ ਨੂੰ ਆਪਣੇ ਬੱਚਿਆਂ ਦੀ ਯਾਦ ਸਤਾ ਰਹੀ ਸੀ। ਕਾਫੀ ਸੋਚਣ ਤੋਂ ਬਾਅਦ ਸੂਬੇਦਾਰ ਤਿਲਕ ਰਾਜ ਨੇ ਫੈਸਲਾ ਲਿਆ ਕਿ ਉਹ ਪੈਨਸ਼ਨ ਲੈ ਕੇ ਆਪਣੇ ਬੱਚਿਆਂ ਕੋਲ ਰਹੇਗਾ। ਅਖੀਰ ਉਹਨਾਂ 31 ਜਨਵਰੀ 2007 ਨੂੰ ਚੰਡੀਗੜ੍ਹ ਕਾਲਕਾ ਤੋਂ ਸੂਬੇਦਾਰ ਰੈਂਕ ਤੋਂ ਪੈਨਸ਼ਨ ਲੈ ਕੇ ਆਪਣੇ ਘਰ ਆ ਗਏ। ਘਰ ਆ ਕੇ ਆਪਣੇ ਬੱਚਿਆਂ ਦਾ ਉਹਨਾਂ ਨੇ ਪਾਲਣ ਪੋਸ਼ਣ ਸ਼ੁਰੂ ਕਰ ਦਿੱਤਾ। ਸੀ.ਆਰ.ਪੀ.ਐਫ. ਦੀ ਭਰਤੀ ਦਾ ਪਤਾ ਲੱਗਣ ਤੇ ਤਿਲਕ ਰਾਜ ਦੇ ਪਰਿਵਾਰ ਨੇ ਦੁਬਾਰਾ ਭਰਤੀ ਹੋਣ ਦੀ ਸਲਾਹ ਦਿੱਤੀ ਤਾਂ ਤਿਲਕ ਰਾਜ ਵੀ ਭਰਤੀ ਹੋਣ ਲਈ ਤਿਆਰ ਹੋ ਗਿਆ। ਤਿਲਕ ਰਾਜ ਆਰਡਨਰੀ ਇੰਸਪੈਕਟਰ ਰੈਂਕ ਤੇ 28 ਅਗਸਤ 2011 ਨੂੰ ਭਰਤੀ ਕੀਤਾ ਗਿਆ। ਇਹਨਾਂ ਦਾ ਇੱਕ ਭਰਾ ਪਹਿਲਾਂ ਹੀ ਸੀ.ਆਰ.ਪੀ.ਐਫ. ਦੀਆਂ ਸੇਵਾਵਾਂ ਦੇ ਰਹੇ ਸਨ। ਇੰਸਪੈਕਟਰ ਤਿਲਕ ਰਾਜ ਦੀ ਭਰਤੀ ਹੁੰਦਿਆ ਹੀ ਪੋਸਟਿੰਗ ਛੱਤੀਸਗੜ ਸੁਕਮਾ ਗਵਾਲੀਅਰ ਵਿਖੇ ਹੋ ਗਈ।

ਛੱਤੀਸਗੜ੍ਹ ਦੇ ਜੰਗਲਾਂ ਵਿੱਚ ਉਸ ਸਮੇਂ ਨਸਲਵਾਦੀਆਂ ਦਾ ਕਾਫੀ ਜ਼ੋਰ ਸੀ। ਸੀ.ਆਰ.ਪੀ.ਐਫ. ਦੇ ਉੱਥੇ ਪਹੁੰਚਣ ਤੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਉਥੋਂ ਦੇ ਨਸਲਵਾਦੀ ਵੀ ਆਪਣਾ ਇਲਾਕਾ ਛੱਡ ਕੇ ਦੂਸਰੇ ਜੰਗਲਾਂ ਵਿੱਚ ਚਲੇ ਗਏ। ਪਰ ਨਸਲਵਾਦੀਆਂ ਦੇ ਕੁਝ ਗਰੁੱਪ ਉਸ ਜਗ਼੍ਹਾ ਤੇ ਛੁਪ ਕੇ ਆਪਣੀਆਂ ਗਤੀਵਿਧੀਆਂ ਚਾਲੂ ਰੱਖਦੇ ਸਨ। ਸੀ.ਆਰ.ਪੀ.ਐਫ. ਰੁਟੀਨ ਵਿੱਚ ਆਪਣੀ ਡਿਊਟੀ ਕਰ ਰਹੀ ਸੀ।

ਇਕ ਦਿਨ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਆਪਣੀ ਡਿਊਟੀ ਤੇ ਜਾ ਰਹੀਆਂ ਸਨ ਤਾਂ ਉਸੇ ਰਾਸਤੇ ਤੇ ਨਸਲਵਾਦੀ ਲੁਕੇ ਹੋਏ ਬੈਠੇ ਸੀ। ਜਦੋਂ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਉਹਨਾਂ ਦੀ ਰੇਂਜ ਵਿੱਚ ਆਈਆਂ ਤਾਂ ਨਸਲਵਾਦੀਆਂ ਨੇ ਹੰਦਾ ਧੁੰਦ ਫਾਇਰ ਕਰ ਦਿੱਤੇ। ਕੁਝ ਨਸਲਵਾਦੀ ਦਰਖਤਾਂ ਦੇ ਉੱਪਰੋਂ ਦੀ ਫਾਇਰ ਕਰ ਰਹੇ ਸਨ। ਪਰ ਇੰਸਪੈਕਟਰ ਤਿਲਕ ਰਾਜ ਆਪਣੀ ਸੀ.ਆਰ.ਪੀ.ਐਫ. ਦੀ ਟੁਕੜੀ ਨਾਲ ਨਸਲਵਾਦੀਆਂ ਦੇ ਛੱਕੇ ਛੁਡਾਉਂਦਾ ਹੋਇਆ ਅੱਗੇ ਵੱਧਦਾ ਗਿਆ। ਨਸਲਵਾਦੀਆਂ ਨੂੰ ਵੀ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਫਾਇਰ ਕਿੱਧਰੋਂ ਆ ਰਹੇ ਸਨ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਨਸਲਵਾਦੀਆਂ ਨੂੰ ਖਦੇੜ ਕੇ ਰੱਖ ਦਿੱਤਾ। ਪਰ ਕੁਝ ਲੁੱਕੇ ਹੋਏ ਨਸਲਵਾਦੀਆਂ ਨੇ ਸੀ.ਆਰ.ਪੀ.ਐਫ. ਦੇ ਜਵਾਨਾਂ ਤੇ ਗੋਲਾਬਾਰੀ ਤੇ ਵੱਡੇ ਬਰੂਦਾ ਨਾਲ ਭਾਰੀ ਹਮਲਾ ਕਰ ਦਿੱਤਾ। ਜਿਸ ਵਿੱਚ ਸੀ.ਆਰ.ਪੀ.ਐਫ. ਦੇ ਕਾਫੀ ਜਵਾਨ ਜ਼ਖਮੀ ਹੋ ਗਏ। ਇੰਸਪੈਕਟਰ ਤਿਲਕ ਰਾਜ 11 ਮਾਰਚ 2014 ਨੂੰ ਇਸ ਮੁਕਾਬਲੇ ਵਿੱਚ ਸ਼ਹੀਦ ਹੋ ਗਏ।

ਬਾਕੀ ਜਖਮੀ ਜਵਾਨਾਂ ਨੂੰ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ। ਸੀਨੀਅਰ ਅਧਿਕਾਰੀ ਇੰਸਪੈਕਟਰ ਤਿਲਕਰਾਜ ਅਤੇ ਸ਼ਹੀਦ ਹੋਏ ਬਾਕੀ ਜਵਾਨਾਂ ਨੂੰ ਹੈਡ ਕੁਆਰਟਰ ਲੈ ਆਏ। ਸ਼ਹੀਦ ਤਿਲਕ ਰਾਜ ਦੀ ਸ਼ਹੀਦੀ ਦੀ ਖਬਰ ਗਰੁੱਪ ਸੈਂਟਰ ਜਲੰਧਰ ਨੂੰ ਦਿੱਤੀ ਗਈ ਤਾਂ ਉਸ ਸਮੇਂ ਦੇ ਮੌਕੇ ਦੇ ਡੀਆਈਜੀ ਸੁਨੀਲ ਥੋਰਪੇ ਨੇ ਇੱਕ ਜਵਾਨ ਨੂੰ ਉਹਨਾਂ ਦੇ ਘਰ ਭੇਜ ਕੇ ਸ਼ਹੀਦ ਤਿਲਕ ਰਾਜ ਦੀ ਸ਼ਹੀਦੀ ਦੀ ਖਬਰ ਉਹਨਾਂ ਦੇ ਘਰ ਪਹੁੰਚਾਈ। ਜਦੋਂ ਉਹਨਾਂ ਦੇ ਬੱਚਿਆਂ ਨੂੰ ਪਿਤਾ ਦੀ ਸ਼ਹੀਦੀ ਦਾ ਪਤਾ ਲੱਗਿਆ ਤਾਂ ਬੱਚੇ ਰੋਣ ਕੁਰਲਾਉਣ ਲੱਗੇ ਅਤੇ ਸਾਰਾ ਪਿੰਡ ਉਹਨਾਂ ਦੇ ਘਰੇ ਇਕੱਠਾ ਹੋ ਗਿਆ। ਪਿੰਡ ਦੇ ਲੋਕਾਂ ਨੇ ਉਹਨਾਂ ਦੇ ਬੱਚਿਆਂ ਨੂੰ ਸੰਭਾਲਿਆ ਅਤੇ ਹੌਸਲਾ ਦਿੱਤਾ। ਕੁਝ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਬੱਚਿਆਂ ਨੂੰ ਗਲਵੱਕੜੀ ਵਿੱਚ ਲੈ ਕੇ ਹੌਸਲਾ ਦਿੱਤਾ ਪਰ ਬੱਚਿਆਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਪਹਿਲਾਂ ਉਹਨਾਂ ਦੀ ਮਾਂ ਗੁਜ਼ਰ ਗਈ ਅਤੇ ਹੁਣ ਪਿਤਾ ਸ਼ਹੀਦੀ ਪਾ ਗਿਆ ਹੈ ਹੁਣ ਅਸੀਂ ਕਿਸ ਦੇ ਸਹਾਰੇ ਰਹਾਂਗੇ।

ਦੋ ਤਿੰਨ ਦਿਨਾਂ ਬਾਅਦ ਜਲੰਧਰ ਗਰੁੱਪ ਸੈਂਟਰ ਤੋਂ ਕੁਝ ਗੱਡੀਆਂ ਸ਼ਹੀਦ ਤਿਲਕ ਰਾਜ ਦਾ ਮ੍ਰਿਤਕ ਸਰੀਰ ਲੈ ਕੇ ਉਹਨਾਂ ਦੇ ਪਿੰਡ ਪਹੁੰਚ ਗਈਆਂ। ਪਿੰਡ ਪਹੁੰਚਣ ਤੇ ਗੱਡੀ ਨੂੰ ਪਿੰਡੋਂ ਬਾਹਰ ਹੀ ਲੋਕਾਂ ਦੇ ਵੱਡੇ ਇਕੱਠ ਨੇ ਰੋਕ ਲਿਆ ਅਤੇ ਸ਼ਹੀਦ ਤਿਲਕ ਰਾਜ ਜਿੰਦਾਬਾਦ….ਸ਼ਹੀਦ ਤਿਲਕ ਰਾਜ ਅਮਰ ਰਹੇ….. ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਉਹਨਾਂ ਦੇ ਨਾਲ ਹੀ ਘਰ ਨੂੰ ਚੱਲ ਪਏ। ਘਰ ਪਹੁੰਚਣ ਤੇ ਛੋਟੇ ਛੋਟੇ ਬੱਚੇ ਆਪਣੇ ਪਿਤਾ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸ਼ਹੀਦ ਤਿਲਕ ਰਾਜ ਕਿਹੜੀ ਨੀਂਦ ਸੋ ਗਏ ਜੋ ਉਹ ਹੁਣ ਉੱਠ ਨਹੀਂ ਰਹੇ ਸੀ। ਸੀ.ਆਰ.ਪੀ.ਐਫ. ਦੇ ਜਵਾਨ ਵੀ ਬੱਚਿਆਂ ਨੂੰ ਦਿਲਾਸਾ ਦੇ ਰਹੇ ਸਨ। ਪਰ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਦੇਖਿਆ ਨਹੀਂ ਜਾ ਰਿਹਾ ਸੀ। ਉਹਨਾਂ ਦੇ ਪਿੰਡ ਵਿੱਚ ਸੋਗ ਛਾਇਆ ਹੋਇਆ ਸੀ ਲੋਕ ਕੋਠਿਆਂ ਤੇ ਚੜ ਚੜ ਕੇ ਦੇਖ ਰਹੇ ਸਨ।

ਕੁਝ ਹੀ ਦੇਰ ਵਿੱਚ ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਸੁਨੀਲ ਥੋਰਪੇ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਤੇ ਹੋਰ ਅਹੁਦੇਦਾਰ ਉਹਨਾਂ ਦੇ ਪਿੰਡ ਭਰੋਲੀ ਵਿਖੇ ਪਹੁੰਚ ਗਏ। ਕੁਝ ਹੀ ਦੇਰ ਵਿੱਚ ਸੀ.ਆਰ.ਪੀ.ਐਫ. ਦੀ ਟੁਕੜੀ ਤੇ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਸ਼ਹੀਦ ਤਿਲਕ ਰਾਜ ਦਾ ਸਰੀਰ ਲੈ ਕੇ ਸਿਵਿਆਂ ਨੂੰ ਚੱਲ ਪਏ। ਮੌਕੇ ਦੇ ਡੀਆਈਜੀ ਸੁਨੀਲ ਥੋਰਪੇ ਨੇ ਖੁਦ ਇਹਨਾਂ ਨੂੰ ਆਪਣਾ ਮੋਢਾ ਲਗਾਇਆ ਹੋਇਆ ਸੀ ਤੇ ਆਪਣੇ ਸ਼ਹੀਦ ਹੋਏ ਜਵਾਨ ਨੂੰ ਲੈ ਕੇ ਸਿਵਿਆ ਵਿੱਚ ਪਹੁੰਚ ਗਏ। ਸ਼ਹੀਦ ਤਿਲਕ ਰਾਜ ਅਮਰ ਰਹੇ ਦੇ ਨਾਅਰੇ ਵੀ ਲੱਗ ਰਹੇ ਸਨ। ਹੌਲੀ ਹੌਲੀ ਸਿਵਿਆਂ ਦੇ ਪਹੁੰਚ ਗਏ ਜਿੱਥੇ ਸੰਸਕਾਰ ਦੀਆਂ ਤਿਆਰੀਆਂ ਹੋਈਆਂ ਪਈਆਂ ਸਨ। ਸੀ.ਆਰ.ਪੀ.ਐਫ. ਦੀ ਟੁਕੜੀ ਨੇ ਅਸਮਾਨ ਵਿੱਚ ਫਾਇਰ ਕਰਕੇ ਸ਼ਹੀਦ ਤਿਲਕ ਰਾਜ ਨੂੰ ਸਲਾਮੀ ਦੇ ਦਿੱਤੀ। ਡੀਆਈਜੀ ਸੁਨੀਲ ਥੋਰਪੇ ਨੇ ਸਲੂਟ ਮਾਰ ਕੇ ਆਪਣੇ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਤਿਲਕ ਰਾਜ ਦੇ ਦੋਨਾਂ ਬੇਟਿਆਂ ਵੱਲੋਂ ਉਹਨਾਂ ਨੂੰ ਅਗਨੀ ਭੇਟ ਕਰ ਦਿੱਤਾ ਗਿਆ। ਆਏ ਹੋਏ ਲੋਕਲ ਪ੍ਰਸ਼ਾਸਨ ਨੇ ਬੱਚਿਆਂ ਨੂੰ ਦਿਲਾਸਾ ਦਿੱਤਾ ਅਤੇ ਹਰ ਸਹਾਇਤਾ ਦੇਣ ਦਾ ਵਾਅਦਾ ਵੀ ਕੀਤਾ।

ਡੀ ਆਈ ਜੀ ਸੁਨੀਲ ਥੋਰਪੇ ਨੇ ਉਹਨਾਂ ਦੇ ਬੱਚਿਆਂ ਨੂੰ ਗਰੁੱਪ ਸੈਂਟਰ ਜਲੰਧਰ ਬੁਲਾਇਆ ਅਤੇ ਉਹਨਾਂ ਦੇ ਪਿਤਾ ਸ਼ਹੀਦ ਤਿਲਕ ਰਾਜ ਦਾ ਮੈਡਲ ਇਹਨਾਂ ਬੱਚਿਆਂ ਦੇ ਹਵਾਲੇ ਕਰ ਦਿੱਤਾ। ਇਹਨਾਂ ਬੱਚਿਆਂ ਨੂੰ ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਮਿਲਾਇਆ ਅਤੇ ਐਸੋਸੀਏਸ਼ਨ ਨੇ ਭਰੋਸਾ ਦਿੱਤਾ ਕਿ ਅਸੀਂ ਹਮੇਸ਼ਾ ਤੁਹਾਡਾ ਸਾਥ ਦੇਵਾਂਗੇ।

ਐਸੋਸੀਏਸ਼ਨ ਦੇ ਉਪਰਾਲਿਆਂ ਨਾਲ ਉਹਨਾਂ ਦੇ ਪਿੰਡ ਭਰੋਲੀ ਵਿਖੇ ਸ਼ਹੀਦ ਤਿਲਕ ਰਾਜ ਦੀਆਂ ਦੋ ਯਾਦਗਾਰਾਂ ਵੀ ਬਣਾਈਆਂ ਗਈਆਂ। ਇੱਕ ਉਹਨਾਂ ਦੇ ਪਿੰਡ ਵਿੱਚ ਉਹਨਾਂ ਦਾ ਬੁੱਤ ਬਣਾਇਆ ਗਿਆ ਅਤੇ ਦੂਸਰਾ ਉਹਨਾਂ ਦੇ ਨਾਮ ਤੇ ਪਾਰਕ ਵੀ ਬਣਾਈ ਗਈ। ਇਹ ਦੋਨਾਂ ਯਾਦਗਾਰਾਂ ਦੀ ਗਰਾਂਟ ਉਸ ਸਮੇਂ ਦੇ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਣ ਨੇ ਦਿੱਤੀ ਤਾਂ ਸ਼ਹੀਦ ਤਿਲਕ ਰਾਜ ਨੂੰ ਸ਼ਰਧਾਂਜਲੀ ਭੇਟ ਕਰਕੇ ਸਲੂਟ ਵੀ ਕੀਤਾ। ਸੋਹਣ ਸਿੰਘ ਠੰਡਲ ਨੇ ਬੱਚਿਆਂ ਨੂੰ ਵੀ ਭਰੋਸਾ ਦਿੱਤਾ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ।

ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਹਰ ਸਾਲ  ਸ਼ਹੀਦ ਤਿਲਕ ਰਾਜ ਦੇ ਪਿੰਡ ਜਾ ਕੇ ਉਹਨਾਂ ਦੀ ਬਰਸੀ ਵੀ ਮਨਾਉਂਦੀ ਹੈ ਅਤੇ ਬੱਚਿਆਂ ਨੂੰ ਭਰੋਸਾ ਵੀ ਦਿੰਦੀ ਹੈ। ਸ਼ਹੀਦ ਤਿਲਕ ਰਾਜ ਦਾ ਬੇਟਾ ਬਲਵਿੰਦਰ ਸਿੰਘ ਸੀ.ਆਰ.ਪੀ.ਐਫ. ਦੀ ਮਹੀਨਾਵਾਰ ਮੀਟਿੰਗ ਵਿੱਚ ਹਰ ਮਹੀਨੇ ਹਾਜ਼ਰ ਹੁੰਦੇ ਹਨ। ਜਦੋਂ ਸ਼ਹੀਦ ਪਰਿਵਾਰਾਂ ਦਾ ਦਿਵਾਲੀ ਤੇ ਹੋਰ ਤਿਉਹਾਰਾਂ ਤੇ ਸਤਿਕਾਰ ਕਰਦੇ ਹਨ ਤਾਂ ਇਹਨਾਂ ਬੱਚਿਆਂ ਦਾ ਵੀ ਨਾਲ ਸਤਿਕਾਰ ਕੀਤਾ ਜਾਂਦਾ ਹੈ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸ਼ੋਸੀਏਸ਼ਨ ਪੰਜਾਬ ਇਹਨਾਂ ਸਾਰਿਆਂ ਸ਼ਹੀਦਾਂ ਨੂੰ ਸਲਾਮ ਕਰਦੀ ਹੈ ਅਤੇ ਹਮੇਸ਼ਾ ਇਹਨਾਂ ਦੀਆਂ ਯਾਦਾਂ ਨੂੰ ਸਮੇਂ-ਸਮੇਂ ਤੇ ਤਾਜ਼ਾ ਵੀ ਕਰਦੀ ਰਹਿੰਦੀ ਹੈ। ਜੈ ਹਿੰਦ

Leave a Comment

Your email address will not be published. Required fields are marked *

Scroll to Top