ਵੋਟਰ ਸੂਚੀ ’ਚ ਨਾਮ ਦਰਜ ਕਰਵਾਉਣ ਲਈ ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 31 ਜੁਲਾਈ

ਜਲੰਧਰ, 27 ਜੁਲਾਈ – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਪਾਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਦੇ ਪ੍ਰੋਗਰਾਮ ਅਨੁਸਾਰ ਐਸ.ਜੀ.ਪੀ.ਸੀ. ਦੀ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 31 ਜੁਲਾਈ 2024 ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਬਿਨੈਕਾਰ ਆਪਣਾ ਫਾਰਮ ਪੇਂਡੂ ਖੇਤਰਾਂ ਵਿੱਚ ਸਬੰਧਤ ਪਟਵਾਰ ਹਲਕੇ ਦੇ ਪਟਵਾਰੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲ ਜਾਂ ਲੋਕਲ ਅਥਾਰਟੀਜ਼ ਦੇ ਕਰਮਚਾਰੀਆਂ, ਜਿਨ੍ਹਾਂ ਨੂੰ ਸਬੰਧਤ ਏਰੀਏ ਦੀ ਰਿਵਾਈਜ਼ਿੰਗ ਅਥਾਰਟੀ ਵੱਲੋਂ ਨਾਮਜ਼ਦ ਕੀਤਾ ਗਿਆ ਹੈ, ਪਾਸ ਯੋਗ ਵਿਅਕਤੀ ਆਪਣੇ-ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਫਾਰਮ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਫਾਰਮ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ http://jalandhar.nic.in ’ਤੇ ਉਪਲਬਧ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਜ਼ਿਲ੍ਹੇ ਵਿੱਚ 6 ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਾਮਜ਼ਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 78-ਫਿਲੌਰ ਲਈ ਉਪ ਮੰਡਲ ਮੈਜਿਸਟ੍ਰੇਟ ਫਿਲੌਰ ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਹਲਕਾ 79-ਨਕੋਦਰ ਲਈ ਉਪ ਮੰਡਲ ਮੈਜਿਸਟ੍ਰੇਟ ਨਕੋਦਰ, 80-ਸ਼ਾਹਕੋਟ ਲਈ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ, 81-ਆਦਮਪੁਰ ਲਈ ਉਪ ਮੰਡਲ ਮੈਜਿਸਟ੍ਰੇਟ ਜਲੰਧਰ-1, 82-ਜਲੰਧਰ ਸ਼ਹਿਰ ਲਈ ਜੁਆਇੰਟ ਕਮਿਸ਼ਨਰ ਨਗਰ ਨਿਗਮ, ਜਲੰਧਰ ਅਤੇ 83-ਕਰਤਾਰਪੁਰ ਲਈ ਉਪ ਮੰਡਲ ਮੈਜਿਸਟ੍ਰੇਟ ਜਲੰਧਰ-2 ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 78-ਫਿਲੌਰ ਵਿੱਚ ਫਿਲੌਰ ਤਹਿਸੀਲ (ਸਿਵਾਏ ਨਗਰ ਕੌਂਸਲ ਨੂਰਮਹਿਲ, ਕਾਨੂੰਨਗੋ ਸਰਕਲ ਨੂਰਮਹਿਲ, ਜੰਡਿਆਲਾ ਤੇ ਤਲਵਣ) ਸ਼ਾਮਲ ਹਨ। ਇਸੇ ਤਰ੍ਹਾਂ 79-ਨਕੋਦਰ ਵਿੱਚ ਨਗਰ ਕੌਂਸਲ ਨੂਰਮਹਿਲ, ਕਾਨੂੰਨਗੋ ਸਰਕਲ ਨੂਰਮਹਿਲ, ਜੰਡਿਆਲਾ ਤੇ ਤਲਵਣ (ਤਹਿਸੀਲ ਫਿਲੌਰ) ਅਤੇ ਨਕੋਦਰ ਤਹਿਸੀਲ (ਸਿਵਾਏ ਕਾਨੂੰਗੋ ਸਰਕਲ ਉਗੀ ਅਤੇ ਗਿੱਲ) ਅਤੇ 80-ਸ਼ਾਹਕੋਟ ਵਿੱਚ ਸ਼ਾਹਕੋਟ ਤਹਿਸੀਲ ਅਤੇ ਤਹਿਸੀਲ ਨਕੋਦਰ ਦੇ ਕਾਨੂੰਨਗੋ ਸਰਕਲ ਉਗੀ ਤੇ ਗਿੱਲ ਸ਼ਾਮਲ ਹਨ।
81-ਆਦਮਪੁਰ ਚੋਣ ਹਲਕੇ ਵਿੱਚ ਜਲੰਧਰ-1 ਤਹਿਸੀਲ (ਸਿਵਾਏ ਨਗਰ ਨਿਗਮ, ਜਲੰਧਰ) ਤਹਿਸੀਲ ਆਦਮਪੁਰ ਦੇ ਕਾਨੂੰਨਗੋ ਸਰਕਲ ਆਦਮਪੁਰ, ਕਾਲਰਾ, ਅਲਾਵਲਪੁਰ ਅਤੇ ਤਹਿਸੀਲ ਜਲੰਧਰ-2 ਦਾ ਕਾਨੂੰਨਗੋ ਸਰਕਲ ਲਾਂਬੜਾ ਦੇ ਪਟਵਾਰ ਸਰਕਲ ਮਲਕੋ, ਕਲਿਆਣਪੁਰ, ਲੱਲੀਆਂ ਕਲਾਂ, ਚਿੱਟੀ, ਸਿੰਘ ਅਤੇ ਲਾਂਬੜਾ ਸ਼ਾਮਲ ਹਨ।
82-ਜਲੰਧਰ ਸ਼ਹਿਰ ਹਲਕੇ ਵਿੱਚ ਤਹਿਸੀਲ ਜਲੰਧਰ-1 ਵਿੱਚ ਪੈਂਦਾ ਨਗਰ ਨਿਗਮ ਦਾ ਖੇਤਰ ਅਤੇ 83-ਕਰਤਾਰਪੁਰ ਹਲਕੇ ਵਿੱਚ ਤਹਿਸੀਲ ਜਲੰਧਰ-2 (ਸਿਵਾਏ ਕਾਨੂੰਨਗੋ ਸਰਕਲ ਲਾਂਬੜਾ ਦੇ ਪਟਵਾਰ ਸਰਕਲ ਮਲਕੋ, ਕਲਿਆਣਪੁਰ, ਲੱਲੀਆਂ ਕਲਾਂ, ਚਿੱਟੀ, ਸਿੰਘ ਅਤੇ ਲਾਂਬੜਾ) ਅਤੇ ਤਹਿਸੀਲ ਆਦਮਪੁਰ ਦੇ ਕਾਨੂੰਨਗੋ ਸਰਕਲ ਨੰਗਲ ਫੀਦਾ, ਭੋਗਪੁਰ ਅਤੇ ਪਚਰੰਗਾ ਸ਼ਾਮਲ ਹਨ।
ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਲਈ ਵੋਟਰ ਬਣਨ ਲਈ ਵਿਅਕਤੀ ਕੇਸਾਧਾਰੀ ਸਿੱਖ ਹੋਣਾ ਲਾਜ਼ਮੀ ਹੈ। ਵਿਅਕਤੀ ਆਪਣੀ ਦਾੜੀ ਜਾਂ ਕੇਸ ਨਾ ਕੱਟਦਾ/ਕੱਟਦੀ ਹੋਵੇ ਅਤੇ ਨਾ ਹੀ ਸ਼ੇਵ ਕਰਦਾ/ਕਰਦੀ ਹੋਵੇ, ਕਿਸੇ ਵੀ ਰੂਪ ਵਿੱਚ ਤੰਬਾਕੂਨੋਸ਼ੀ ਨਾ ਕਰਦਾ/ਕਰਦੀ ਹੋਵੇ ਅਤੇ ਨਾ ਹੀ ਕੁੱਠਾ (ਹਲਾਲ) ਮਾਸ ਦਾ ਸੇਵਨ ਕਰਦਾ/ਕਰਦੀ ਹੋਵੇ, ਸ਼ਰਾਬ ਨਾ ਪੀਂਦਾ/ਪੀਂਦੀ ਹੋਵੇ, ਪਤਿਤ ਨਾ ਹੋਵੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top