ਚੰਡੀਗੜ੍ਹ, 16 ਫਰਵਰੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੰਜਾਬ ਨਾਲ “ਹਿਤਾਂ ਦੇ ਟਕਰਾਅ” ਦੇ ਮਾਮਲੇ ਵਿੱਚ ਸਵਾਲ ਕੀਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਅਗਵਾਈ ਨੂੰ ਪਾਣੀਆਂ ਦੇ ਮਸਲੇ ਤੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।
ਅੱਜ ਇੱਥੇ ਕਾਂਗਰਸ ਭਵਨ ਵਿਖੇ ਪਾਰਟੀ ਵੱਲੋਂ ਜਿਲਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ, ਵਿਧਾਇਕਾਂ/ਚੋਣ ਲੜ ਚੁੱਕੇ ਉਮੀਦਵਾਰਾਂ ਸਮੇਤ ਵੱਖ-ਵੱਖ ਅਹੁਦੇਦਾਰਾਂ ਨਾਲ ਲੜੀਵਾਰ ਮੀਟਿੰਗਾਂ ਕਰਕੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ।
ਇਨ੍ਹਾਂ ਮੀਟਿੰਗਾਂ ਦੀ ਅਗਵਾਈ ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਕੀਤੀ ਅਤੇ ਕਈ ਸੀਨੀਅਰ ਆਗੂ ਹਾਜ਼ਰ ਰਹੇ।
ਮੀਟਿੰਗਾਂ ਤੋਂ ਹੱਟ ਕੇ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ, ਵੜਿੰਗ ਨੇ ਕਿਹਾ ਕਿ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਤੋਂ ਪਾਣੀ ਦੀ ਮੰਗ ਕਰ ਰਹੇ ਹਨ। ਇਹ ਦੋਹਰੀ ਚਾਲ ਚੱਲਣ ਸਮਾਨ ਹੈ, ਕਿਉਂਕਿ ਸੈਣੀ ਇੱਕੋ ਸਮੇਂ ਵਿੱਚ ਨਾ ਤਾਂ ਪੰਜਾਬ ਵਿੱਚ ਭਾਜਪਾ ਲਈ ਮੁਹਿੰਮ ਚਲਾ ਸਕਦੇ ਹਨ ਅਤੇ ਨਾ ਹੀ ਪੰਜਾਬ ਦੇ ਪਾਣੀਆਂ ‘ਤੇ ਨਜਾਇਜ਼ ਦਾਅਵਾ ਕਰ ਸਕਦੇ ਹਨ।
ਇਸ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੱਖ-ਵੱਖ ਜਾਤੀਆਂ ਅਤੇ ਧਰਮਾਂ ਨੂੰ ਸ਼ਾਮਿਲ ਕਰਨ ਲਈ ਦੋ ਡਿਪਟੀ ਮੁੱਖ ਮੰਤਰੀ ਨਿਯੁਕਤ ਕਰਨ ਸਬੰਧੀ ਖ਼ਬਰਾਂ ‘ਤੇ ਟਿੱਪਣੀ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਹੁਦੇ ਯੋਗਤਾ ਦੇ ਆਧਾਰ ‘ਤੇ ਮਿਲਣੇ ਚਾਹੀਦੇ ਹਨ, ਨਾ ਕਿ ਸਿਰਫ਼ ਜਾਤੀ ਜਾਂ ਧਰਮ ਦੇ ਆਧਾਰ ‘ਤੇ ਅਜਿਹਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਡਿਪਟੀ ਮੁੱਖ ਮੰਤਰੀ ਦਾ ਕੋਈ ਅਹੁਦਾ ਨਹੀਂ ਹੁੰਦਾ ਹੈ ਅਤੇ ਉਹ ਸਿਰਫ ਕਿਸੇ ਹੋਰ ਮੰਤਰੀ ਦੀ ਤਰ੍ਹਾਂ ਹੀ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਅਸਲੀਅਤ ਵਿੱਚ ਕੋਈ ਤਾਕਤ ਦਿੱਤੇ ਬਗੈਰ ਆਪ ਦੀ ਚੋਣਾਂ ਦੇ ਸਾਲ ਵਿੱਚ ਵੱਖ-ਵੱਖ ਸਮੁਦਾਇਆਂ ਅਤੇ ਜਾਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੇਠ ਸਿਰਫ ਇੱਕ ਨਾਟਕਬਾਜੀ ਹੈ।
ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਭ ਜਾਤੀਆਂ ਅਤੇ ਸਮੁਦਾਇਆਂ ਨੂੰ ਅਸਲ ਅਧਿਕਾਰ ਮਿਲਣਾ ਚਾਹੀਦੇ ਹਨ, ਨਾ ਕਿ ਸਿਰਫ ਦਿਖਾਵਾ ਹੋਣਾ ਚਾਹੀਦਾ ਹੈ, ਜੋ ਆਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜਦਕਿ ਨਸ਼ਿਆਂ ਖ਼ਿਲਾਫ਼ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਬਾਰੇ, ਵੜਿੰਗ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਹੁਣ ‘ਯੁੱਧ ਝਾੜੂ ਵਿਰੁੱਧ’ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਤੋਂ ਨਸ਼ੇ ਮੁੱਕ ਗਏ ਹੁੰਦੇ, ਤਾਂ ਸਰਕਾਰ ਨੂੰ ਇਸ਼ਤਿਹਾਰਾਂ ‘ਤੇ ਪੈਸਾ ਖਰਚਣ ਦੀ ਲੋੜ ਨਾ ਪੈਂਦੀ ਅਤੇ ਲੋਕ ਆਪ ਹੀ ਕਹਿੰਦੇ, ਲੇਕਿਨ ਅਜਿਹਾ ਨਹੀਂ ਹੈ।
ਇਸੇ ਤਰ੍ਹਾਂ, ਅਮਿਤ ਸ਼ਾਹ ਵੱਲੋਂ ਰਾਹੁਲ ਗਾਂਧੀ ‘ਤੇ ਅਮਰੀਕਾ ਨਾਲ ਟਰੇਡ ਡੀਲ ਬਾਰੇ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ਾਂ ‘ਤੇ, ਵੜਿੰਗ ਨੇ ਕਿਹਾ ਕਿ ਸ਼ਾਹ ਨੇ ਕਦੋਂ ਰਾਹੁਲ ਗਾਂਧੀ ਵੱਲੋਂ ਕਹੀ ਸੱਚਾਈ ਮੰਨੀ ਹੈ? ਉਨ੍ਹਾਂ ਕਿਹਾ ਕਿ ਪਹਿਲਾਂ ਵਾਂਗ ਇਸ ਵਾਰ ਵੀ ਰਾਹੁਲ ਗਾਂਧੀ ਸਹੀ ਸਾਬਤ ਹੋਣਗੇ, ਜਦੋਂ ਅਮਰੀਕਾ ਤੋਂ ਆਉਣ ਵਾਲੀਆਂ ਆਯਾਤਾਂ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚੇਗਾ।
ਆਪ ਵੱਲੋਂ ਭਾਜਪਾ ‘ਤੇ ਉਸਦੇ ਵਿਧਾਇਕਾਂ ਨੂੰ ਤੋੜਨ ਦੇ ਦੋਸ਼ਾਂ ਬਾਰੇ, ਵੜਿੰਗ ਨੇ ਕਿਹਾ ਕਿ ਇਹ ਦੋਵਾਂ ਪਾਰਟੀਆਂ ਦਾ ਮਾਮਲਾ ਹੈ, ਪਰ ਆਪ ਪਹਿਲਾਂ ਵੀ ਬਿਨ੍ਹਾਂ ਠੋਸ ਸਬੂਤਾਂ ਤੋਂ ਅਜਿਹੇ ਦਾਅਵੇ ਕਰਦੀ ਆਈ ਹੈ।

















































