34.60 ਕਰੋੜ ਰੁਪਏ ਨਾਲ ਕੀਤਾ ਜਾ ਰਿਹੈ ਕਾਲਾ ਸੰਘਿਆ ਡਰੇਨ ਦਾ ਸੁੰਦਰੀਕਰਨ

ਜਲੰਧਰ, 27 ਅਗਸਤ – ਸ਼ਹਿਰ ਵਿੱਚੋਂ ਲੰਘਦੀ ਕਾਲਾ ਸੰਘਿਆ ਡਰੇਨ ਦੇ ਸੁੰਦਰੀਕਰਨ ਦੇ 34.60 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ, ਜਿਸ ਦੇ ਮੁਕੰਮਲ ਹੋਣ ਨਾਲ ਇਸ ਖੇਤਰ ਵਿੱਚ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਨਿਜਾਤ ਮਿਲਣ ਸਦਕਾ ਡਰੇਨ ਦੇ ਕੰਢੇ ਵੱਸਦੀ ਆਬਾਦੀ ਨੂੰ ਵੱਡੀ ਰਾਹਤ ਮਿਲੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਸਮਾਰਟ ਸਿਟੀ ਤਹਿਤ ਇਹ ਪ੍ਰਾਜੈਕਟ ਮਾਨਸਾ ਡਰੇਨੇਜ-ਕਮ-ਮਾਈਨਿੰਗ ਤੇ ਜੀਓਲੋਜੀ ਵਿਭਾਗ ਵੱਲੋਂ ਡਿਪੋਜ਼ਿਟ ਕਾਰਜ ਵਜੋਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਇਸ ਪ੍ਰਾਜੈਕਟ ਤਹਿਤ ਡਰੇਨ ਦੇ ਸ਼ਹਿਰ ਵਿੱਚੋਂ ਲੰਘਦੇ 13 ਕਿਲੋਮੀਟਰ ਹਿੱਸੇ ਦੀ ਅੰਦਰੂਨੀ ਸਫਾਈ ਅਤੇ ਇਸ ਦੇ ਦੋਵੇਂ ਪਾਸੇ ਕਿਨਾਰਿਆਂ ’ਤੇ ‘ਸਟੋਨ ਪਿਚਿੰਗ’ ਰਾਹੀਂ ਸਾਈਡਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ।

ਡਾ. ਅਗਰਵਾਲ ਨੇ ਦੱਸਿਆ ਕਿ ਪ੍ਰਾਜੈਕਟ ਤਹਿਤ ਕਰੀਬ 80 ਫੀਸਦੀ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਪ੍ਰਾਜੈਕਟ ਦੇ ਪੂਰਾ ਹੋਣ ਉਪਰੰਤ ਕਾਲਾ ਸੰਘਿਆ ਡਰੇਨ ਵਿੱਚ ਬਿਸਤ ਦੁਆਬ ਨਹਿਰ ਵਿੱਚੋਂ ਸਾਫ਼ ਪਾਣੀ ਛੱਡਿਆ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਡਰੇਨ ਦੇ ਨਾਲ-ਨਾਲ ਗ੍ਰੀਨ ਏਰੀਆ ਵੀ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਹਰਿਆਵਲ ਵਿੱਚ ਵਾਧਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਸਿਰੇ ਚੜ੍ਹਨ ਨਾਲ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਮਦਦ ਮਿਲੇਗੀ, ਜਿਸ ਸਦਕਾ ਵਾਤਾਵਰਣ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਡਰੇਨ ਦੇ ਆਸ-ਪਾਸ ਵਸਣ ਵਾਲੇ ਲੋਕਾਂ ਨੂੰ ਵੀ ਸਾਫ-ਸੁਥਰਾ ਚੌਗਿਰਦਾ ਮਿਲੇਗਾ।

ਡਰੇਨੇਜ-ਕਮ-ਮਾਈਨਿੰਗ ਤੇ ਜੀਓਲੋਜੀ ਵਿਭਾਗ ਦੇ ਐਸ.ਡੀ.ਓ. ਸਤਿਗੁਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਕਾਲਾ ਸੰਘਿਆ ਡਰੇਨ ਦੇ ਸੁੰਦਰੀਕਰਨ ਪ੍ਰਾਜੈਕਟ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਨੇਪਰੇ ਚਾੜ੍ਹਿਆ ਜਾ ਰਿਹਾ ਹੈ, ਜੋ ਕਿ ਜਲਦ ਮੁਕੰਮਲ ਕਰ ਲਿਆ ਜਾਵੇਗਾ।

ਕੈਪਸ਼ਨ : ਕਾਲਾ ਸੰਘਿਆ ਡਰੇਨ ਦੇ ਸੁੰਦਰੀਕਰਨ ਪ੍ਰਾਜੈਕਟ ਤਹਿਤ ਚੱਲ ਰਿਹਾ ਕੰਮ।

Leave a Comment

Your email address will not be published. Required fields are marked *

Scroll to Top