ਜਲੰਧਰ, 29 ਅਗਸਤ: ਪੰਜਾਬ ਸਰਕਾਰ ਦੀ ਪਹਿਲਕਦਮੀ ‘ਤੇ ਕਰਵਾਈ ਜਾ ਰਹੀ ਸ਼ਾਨਦਾਰ ਨਾਟਕੀ ਅਤੇ ਸੰਗੀਤਕ ਪੇਸ਼ਕਾਰੀ ‘ਹਮਾਰੇ ਰਾਮ’ ਨੂੰ ਜਲੰਧਰ ਵਿੱਚ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ ਵਿਖੇ ਇਸ ਪੇਸ਼ਕਾਰੀ ਨੂੰ ਦੇਖਣ ਲਈ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ।
ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਜਲੰਧਰ ਵਿਖੇ ਕਰਵਾਈ ਜਾ ਰਹੀ ‘ਹਮਾਰੇ ਰਾਮ’ ਨਾਟਕ ਦੀ ਪੇਸ਼ਕਾਰੀ ਦੇ ਦੂਜੇ ਦਿਨ ਦਰਸ਼ਕਾਂ ਵਿੱਚ ਸ਼ਾਮਲ ਹੋ ਕੇ ਸ਼ੋਅ ਦਾ ਆਨੰਦ ਮਾਣਿਆ। ਇਸ ਮੌਕੇ ਡਵੀਜ਼ਨਲ ਕਮਿਸ਼ਨਰ ਰਾਮਵੀਰ, ਅਮਿਤ ਕੁਮਾਰ ਆਈ.ਏ.ਐਸ., ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਮੰਗਲ ਸਿੰਘ ਬੱਸੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਅਜਿਹੇ ਸ਼ਾਨਦਾਰ ਸ਼ੋਅ ਕਰਵਾਉਣ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਰਾਹੀਂ ਲੋਕਾਂ ਨੂੰ ਨਾਟਕ ਦੇ ਮਾਧਿਅਮ ਨਾਲ ਭਾਰਤ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨਾਲ ਰੂ-ਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ।।
ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ‘ਹਮਾਰੇ ਰਾਮ’ ਦਾ ਮੰਚਨ ਲੋਕਾਂ ਲਈ ਇੱਕ ਜੀਵਨ ਭਰ ਯਾਦ ਰਹਿਣ ਵਾਲਾ ਮੌਕਾ ਹੈ, ਜਿੱਥੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ, ਰਾਹੁਲ ਆਰ ਭੁੱਚਰ ਅਤੇ ਹੋਰ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਟੀਮ ਵੱਲੋਂ ਸ਼ਾਨਦਾਰ ਪੇਸ਼ਕਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਾਟਕ ਰਾਮਾਇਣ ਵਿੱਚ ਦਰਸਾਏ ਗਏ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ, ਚਰਿੱਤਰ, ਆਦਰਸ਼ਾਂ ਅਤੇ ਦਰਸ਼ਨ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਜੀਵੰਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਰਾਮਾਇਣ ਸਿਰਫ਼ ਇੱਕ ਮਹਾਂਕਾਵਿ ਨਹੀਂ, ਸਗੋਂ ਗਿਆਨ ਅਤੇ ਜੀਵਨ ਜਾਚ ਦਾ ਸਰੋਤ ਹੈ, ਜੋ ਮਨੁੱਖ ਨੂੰ ਸੱਚ, ਧਰਮ, ਦਇਆ, ਤਿਆਗ, ਕਰਤੱਵ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਜੀਵਨ ਜਿਊਣ ਦੀ ਸਿੱਖਿਆ ਦਿੰਦਾ ਹੈ।
ਮੁੱਖ ਸਕੱਤਰ ਨੇ ਲੋਕਾਂ, ਖਾਸ ਕਰ ਨੌਜਵਾਨ ਪੀੜ੍ਹੀ ਨੂੰ ਰਾਮਾਇਣ ਦੇ ਡੂੰਘੇ ਸੰਦੇਸ਼ ਨੂੰ ਸਮਝਣ ਅਤੇ ਇਸ ਵਿੱਚ ਦਰਸਾਏ ਗਏ ਉੱਚੇ ਜੀਵਨ ਮੁੱਲਾਂ ਨੂੰ ਅਪਣਾ ਕੇ ਆਪਣਾ ਜੀਵਨ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਮਹਾਨ ਉਪਦੇਸ਼ ਵਿਅਕਤੀ ਨੂੰ ਮੁਸ਼ਕਲ ਹਾਲਾਤ ਵਿੱਚ ਵੀ ਆਪਣੇ ਸਿਧਾਂਤਾਂ ’ਤੇ ਦ੍ਰਿੜ ਰਹਿਣ, ਰਿਸ਼ਤਿਆਂ ਦਾ ਸਤਿਕਾਰ ਕਰਨ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਹਮੇਸ਼ਾ ਧਰਮ ਤੇ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ।
ਉਨ੍ਹਾਂ ਕਲਾਕਾਰਾਂ, ਖਾਸ ਕਰਕੇ ਆਸ਼ੂਤੋਸ਼ ਰਾਣਾ, ਰਾਹੁਲ ਭੁੱਚਰ, ਤਰੁਣ ਖੰਨਾ ਅਤੇ ‘ਹਮਾਰੇ ਰਾਮ’ ਦੀ ਪੂਰੀ ਟੀਮ ਦੀ ਦਮਦਾਰ ਪੇਸ਼ਕਾਰੀ ਲਈ ਸ਼ਲਾਘਾ ਕੀਤੀ।
ਦਰਸ਼ਕਾਂ ਨੇ ਵੀ ‘ਹਮਾਰੇ ਰਾਮ’ ਨੂੰ ਭਰਪੂਰ ਉਤਸ਼ਾਹ ਨਾਲ ਦੇਖਿਆ ਅਤੇ ਜਲੰਧਰ ਵਿੱਚ ਇਸ ਪ੍ਰਸਿੱਧ ਨਾਟਕ ਦੀ ਪੇਸ਼ਕਾਰੀ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਰਜੀਤ ਬੈਂਸ, ਐਸ.ਡੀ.ਐਮ. ਸ਼ੁਭੀ ਆਂਗਰਾ, ਐਸ.ਡੀ.ਐਮ. ਸ਼ਾਇਰੀ ਮਲਹੋਤਰਾ, ਨਸ਼ਾ ਮੁਕਤੀ ਮੋਰਚਾ ਦੇ ਦੁਆਬਾ ਇੰਚਾਰਚ ਅਤਿਨ ਅਗਨੀਹੋਤਰੀ, ਸੀ.ਟੀ. ਗਰੁੱਪ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।