ਕਾਂਗਰਸ ਨੇ ਤਰਨਤਾਰਨ ਜਿਮਨੀ ਚੋਣ ਲਈ ਪ੍ਰਚਾਰ ਸ਼ੁਰੂ ਕੀਤਾ, ਪਾਰਟੀ ਨੇ ਫੁੱਟ ਪਾਊ ਤਾਕਤਾਂ ਖਿਲਾਫ਼ ਵਿਚਾਰਧਾਰਕ ਜੰਗ ਦਾ ਐਲਾਨ ਕੀਤਾ

ਤਰਨਤਾਰਨ, 11 ਅਕਤੂਬਰ: ਕਾਂਗਰਸ ਨੇ ਅੱਜ ਉਨ੍ਹਾਂ ਸਾਰੀਆਂ ਫੁੱਟ ਪਾਊ ਤਾਕਤਾਂ ਵਿਰੁੱਧ ਵਿਚਾਰਧਾਰਕ ਜੰਗ ਦਾ ਐਲਾਨ ਕੀਤਾ ਹੈ, ਜਿਹੜੀਆਂ ਪੰਜਾਬ ਨੂੰ ਇੱਕ ਵਾਰ ਫਿਰ ਮੌਤ, ਤਬਾਹੀ ਅਤੇ ਹਨੇਰੇ ਦੇ ਯੁੱਗ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਾਰਟੀ ਨੇ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਚੇਤਾਵਨੀ ਦਿੱਤੀ ਹੈ, ਜਿਹੜੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਤੇ ਪੰਜਾਬ ਵਿੱਚ ਮਿਹਨਤ ਨਾਲ ਪ੍ਰਾਪਤ ਸ਼ਾਂਤੀ ਲਈ ਖ਼ਤਰਾ ਪੈਦਾ ਕਰ ਰਹੀਆਂ ਹਨ।

ਇੱਥੇ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਹੋਰ ਸੀਨੀਅਰ ਪਾਰਟੀ ਆਗੂਆਂ ਦੀ ਮੌਜੂਦਗੀ ਵਿੱਚ ਕਿਹਾ ਕਿ ਇਹ ਚੋਣ ਤੈਅ ਕਰੇਗੀ ਕਿ ਪੰਜਾਬ ਆਪਣੇ ਭਵਿੱਖ ਲਈ ਕਿਹੜਾ ਸਿਆਸੀ ਰਸਤਾ ਚੁਣਨ ਜਾ ਰਿਹਾ ਹੈ।

ਇਸ ਮੌਕੇ ਪਾਰਟੀ ਆਗੂਆਂ ਨੇ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਮੁਹਿੰਮ ਦੀ ਸ਼ੁਰੂਆਤ ਕੀਤੀ। ਪਾਰਟੀ ਨੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਲਈ ਚੋਣ ਦਫ਼ਤਰ ਦਾ ਵੀ ਉਦਘਾਟਨ ਵੀ ਕੀਤਾ।

ਇਸ ਦੌਰਾਨ ਬੋਲਦਿਆਂ, ਸੂਬਾ ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ਇੱਕ ਪਾਸੇ ਅਜਿਹੇ ਲੋਕ ਹਨ, ਜੋ ਦੇਸ਼ ਦੀ ਸ਼ਾਂਤੀ, ਸਦਭਾਵਨਾ ਅਤੇ ਅਖੰਡਤਾ ਲਈ ਖ਼ਤਰਾ ਪੈਦਾ ਕਰ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਹੈ, ਜਿਸਨੇ ਹਮੇਸ਼ਾ ਸੂਬੇ ਵਿੱਚ ਸ਼ਾਂਤੀ ਤੇ ਤਰੱਕੀ ਲਈ ਕੰਮ ਕੀਤਾ ਅਤੇ ਕੁਰਬਾਨੀਆਂ ਦਿੱਤੀਆਂ ਹਨ।



ਵੜਿੰਗ ਨੇ ਭਰੋਸਾ ਪ੍ਰਗਟਾਇਆ ਕਿ ਪੰਜਾਬੀ ਮਾਣਮੱਤੇ ਭਾਰਤੀ ਹਨ, ਖਾਲਿਸਤਾਨੀ ਸਮਰਥਕ ਨਹੀਂ। ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਸ਼ਾਂਤੀ-ਪ੍ਰੇਮੀ ਲੋਕ ਅਜਿਹੀਆਂ ਸਾਰੀਆਂ ਤਾਕਤਾਂ ਅਤੇ ਇਨ੍ਹਾਂ ਦੇ ਮਨਸੂਬਿਆਂ ਨੂੰ ਹਰਾ ਦੇਣਗੇ।

ਉਨ੍ਹਾਂ ਕਿਹਾ ਕਿ ਲੋਕ ਇੰਨੇ ਸਿਆਣੇ ਹਨ ਕਿ ਉਹ ਧਿਆਨ ਨਾਲ ਚੋਣ ਕਰ ਸਕਦੇ ਹਨ ਕਿ ਉਹ ਕਿਸ ਨੂੰ ਵੋਟ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਕਿਸੇ ਅਜਿਹੇ ਵਿਅਕਤੀ ਨੂੰ ਵੋਟ ਪਾਉਣੀ ਚਾਹੀਦੀ ਹੈ, ਜੋ ਹਮੇਸ਼ਾ ਉਨ੍ਹਾਂ ਦੇ ਨਾਲ ਰਹੇਗਾ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਜੋ ਜੇਲ੍ਹ ਵਿੱਚ ਰਹੇਗਾ ਅਤੇ ਲੋਕ ਇਹ ਸਭ ਕੁਝ ਜਾਣਦੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਢੁਕਵਾਂ ਉਮੀਦਵਾਰ ਨਾ ਲੱਭਣ ਅਤੇ ਫਿਰ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਖੁਲਾਸਾ ਕੀਤਾ ਕਿ ਲੋਕਾਂ ਨੂੰ ਪਹਿਲਾਂ ਹੀ ਧਮਕੀਆਂ ਅਤੇ ਫਿਰੌਤੀ ਦੇ ਫੋਨ ਆਉਣੇ ਸ਼ੁਰੂ ਹੋ ਗਏ ਸਨ।

ਜਦਕਿ ਆਪ ਉਮੀਦਵਾਰ ਬਾਰੇ, ਵੜਿੰਗ ਨੇ ਦੱਸਿਆ ਕਿ ਉਹ ਇੱਕ ਅਕਾਲੀ ਦਲ ਤੋਂ ਬਦਲੂ ਹੈ, ਜਿਸਨੂੰ ਤਰਨਤਾਰਨ ਦੇ ਲੋਕ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੇ ਹਨ। ਇਸ ਤੋਂ ਇਲਾਵਾ, ‘ਆਪ’ ਸਰਕਾਰ ਦੀ ਉਲਟੀ ਗਿਣਤੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਨ੍ਹਾਂ ਕੋਲ ਇੱਕ ਸਾਲ ਤੋਂ ਵੱਧ ਸਮਾਂ ਬਾਕੀ ਨਹੀਂ ਹੈ।

ਉੱਥੇ ਹੀ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤਰਨਤਾਰਨ ਦੀ ਜਿਮਨੀ ਚੋਣ ਦੇਸ਼ ਅਤੇ ਸੂਬੇ ਨੂੰ ਮਜ਼ਬੂਤ ਕਰਨ ਤੇ ਫੁੱਟ ਪਾਊ ਤਾਕਤਾਂ ਨੂੰ ਹਰਾਉਣ ਲਈ ਇੱਕ ਵਿਚਾਰਧਾਰਕ ਲੜਾਈ ਬਣਨ ਜਾ ਰਹੀ ਹੈ, ਜਿਹੜੀਆਂ ਪੰਜਾਬ ਅਤੇ ਪੰਜਾਬੀਅਤ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।

ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਪੰਜਾਬ ਨੂੰ ਅਸਥਿਰ ਕਰਨ ਵਾਲੀਆਂ ਤਾਕਤਾਂ ਅਤੇ ਹਰ ਕੀਮਤ ‘ਤੇ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਵਾਲੀਆਂ ਤਾਕਤਾਂ ਵਿਚਕਾਰ ਇੱਕ ਲੜਾਈ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਇਹ ਰੁਝਾਨ ਤੈਅ ਕਰੇਗਾ ਕਿ ਪੰਜਾਬ ਕਿਸ ਪਾਸੇ ਜਾ ਰਿਹਾ ਹੈ।

ਸੀਨੀਅਰ ਕਾਂਗਰਸੀ ਆਗੂ ਨੇ ਉਨ੍ਹਾਂ ਤਾਕਤਾਂ ਦੇ ਉਭਾਰ ਵਿਰੁੱਧ ਚੇਤਾਵਨੀ ਦਿੱਤੀ, ਜੋ ਪੰਜਾਬ ਨੂੰ ਉਸੇ ਹਨੇਰੇ ਯੁੱਗ ਵਿੱਚ ਧੱਕਣਾ ਚਾਹੁੰਦੀਆਂ ਹਨ ਜਦੋਂ ਲਗਭਗ 35,000 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ। ਖੁਦ ਉਨ੍ਹਾਂ ਦਾ ਪਰਿਵਾਰ ਵੀ ਉਸ ਯੁੱਗ ਦਾ ਸ਼ਿਕਾਰ ਹੈ।



ਇਸ ਦੌਰਾਨ ਉਨ੍ਹਾਂ ਨੇ ਬਟਾਲਾ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੀ ਹਾਲ ਹੀ ਦੀ ਘਟਨਾ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਅੱਜ ਪੂਰਾ ਬਟਾਲਾ ਸ਼ਹਿਰ ਬੰਦ ਰਿਹਾ ਹੈ ਅਤੇ ਤਰਨਤਾਰਨ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਅਜਿਹੀ ਸਥਿਤੀ ਨਹੀਂ ਆਉਣ ਦੇਣੀ ਚਾਹੀਦੀ, ਜਿੱਥੇ ਉਨ੍ਹਾਂ ਨੂੰ ਬੰਦ ਵੀ ਕਰਨਾ ਪਵੇ।

ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ‘ਤੇ ਅਫ਼ਸੋਸ ਹੈ ਕਿ ਇਤਿਹਾਸਕ ਪਿਛੋਕੜ ਵਾਲੀ ਪਾਰਟੀ ਨੇ ਗੈਂਗਸਟਰਾਂ ਨਾਲ ਜੁੜੇ ਇੱਕ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਬਾਜਵਾ ਨੇ ਨਾ ਸਿਰਫ਼ ਤਰਨਤਾਰਨ ਦੇ ਲੋਕਾਂ ਨੂੰ, ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਪੰਜਾਬ ਦੀ ਸ਼ਾਂਤੀ ਅਤੇ ਤਰੱਕੀ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਕਾਂਗਰਸ ਪਾਰਟੀ ਹੀ ਅਜਿਹਾ ਕਰਨ ਦੇ ਸਮਰੱਥ ਹੈ, ਕਿਉਂਕਿ ਇਸਨੇ ਪੰਜਾਬ ਵਿੱਚ ਸ਼ਾਂਤੀ ਅਤੇ ਤਰੱਕੀ ਨੂੰ ਬਹਾਲ ਤੇ ਮਜ਼ਬੂਤ ਕਰਨ ਲਈ ਆਪਣੇ ਆਗੂਆਂ ਅਤੇ ਵਰਕਰਾਂ ਦੀਆਂ ਜਾਨਾਂ ਕੁਰਬਾਨ ਕੀਤੀਆਂ ਹਨ।

ਇਸ ਮੌਕੇ ਮੌਜੂਦ ਲੋਕਾਂ ਵਿੱਚ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ, ਓਪੀ ਸੋਨੀ, ਸੁਖਬਿੰਦਰ ਸਿੰਘ ਸਰਕਾਰੀਆ, ਪਰਗਟ ਸਿੰਘ, ਸੁਖਵਿੰਦਰ ਸਿੰਘ ਡੈਨੀ, ਜਸਬੀਰ ਸਿੰਘ ਡਿੰਪਾ, ਕੈਪਟਨ ਸੰਦੀਪ ਸੰਧੂ ਅਤੇ ਹੋਰ ਸ਼ਾਮਲ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top