ਵਿਦਿਆਰਥੀਆਂ ਨੇ ‘ਫਲੈਸ਼ ਮੋਬ’ ਰਾਹੀਂ ਵੋਟ ਪਾਉਣ ਦਾ ਦਿੱਤਾ ਸੁਨੇਹਾ, ਫਿਲੌਰ ਤੇ ਸ਼ਾਹਕੋਟ ਵਿਖੇ ਗਿੱਧੇ ਤੇ ਡਾਂਸ ਦੀ ਦਿੱਤੀ ਪੇਸ਼ਕਾਰੀ

ਜਲੰਧਰ, 22 ਮਈ – ਜਲੰਧਰ ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਤਹਿਤ ਅੱਜ ਵਿਧਾਨ ਸਭਾ ਹਲਕਾ ਫਿਲੌਰ ਅਤੇ ਸ਼ਾਹਕੋਟ ਵਿਖੇ ‘ਫਲੈਸ਼ ਮੋਬ’ ਗਤੀਵਿਧੀ ਰਾਹੀਂ ਵੋਟਰਾਂ ਨੂੰ 1 ਜੂਨ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਗਿਆ।
ਸਵੀਪ ਪ੍ਰੋਗਰਾਮ ਤਹਿਤ ਕਰਵਾਈ ਇਸ ਗਤੀਵਿਧੀ ਦੌਰਾਨ ਸਕੂਲਾਂ ਦੇ ਵਿਦਿਆਰਥੀਆਂ ਨੇ ਗਿੱਧੇ ਦੀ ਪੇਸ਼ਕਾਰੀ ਅਤੇ ਵੱਖ-ਵੱਖ ਗੀਤਾਂ ’ਤੇ ਨੱਚ ਕੇ ਵੋਟਰਾਂ ਦਾ ਧਿਆਨ ਖਿੱਚਦਿਆਂ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।


ਫਿਲੌਰ ਵਿਖੇ ਸਵੀਪ ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਨੇੜੇ ‘ਫਲੈਸ਼ ਮੋਬ’ ਗਤੀਵਿਧੀ ਕਰਵਾਈ ਗਈ, ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ ਅਤੇ ਬੋਲੀਆਂ ਜ਼ਰੀਏ ਵੋਟਰਾਂ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਫਿਲੌਰ ਅਮਨਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵੋਟਰਾਂ ਨੂੰ ਜਮਹੂਰੀ ਤਾਣੇ-ਬਾਣੇ ਦੀ ਮਜ਼ਬੂਤੀ ਲਈ ਪਹਿਲੀ ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ।


ਇਸੇ ਤਰ੍ਹਾਂ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਰਿਸ਼ਭ ਬਾਂਸਲ ਦੀਆਂ ਹਦਾਇਤਾਂ ’ਤੇ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੇ ਸਹਿਯੋਗ ਨਾਲ ਕਰਵਾਈ ਇਹ ਗਤੀਵਿਧੀ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗੀਤਾਂ ’ਤੇ ਡਾਂਸ ਪੇਸ਼ ਕੀਤਾ ਅਤੇ ਵੋਟਰਾਂ ਨੂੰ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਦਾ ਹੋਕਾ ਦਿੱਤਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top