ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ‘ਸਰੂਪਾਂ’ ਦੇ ਮਾਮਲੇ ਵਿੱਚ ਆਪ ਸਰਕਾਰ ਦੇ ਯੂ-ਟਰਨ ਉਪਰ ਕੱਸਿਆ ਤੰਜ

ਚੰਡੀਗੜ੍ਹ, 20 ਜਨਵਰੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਸੂਬਾ ਕਾਂਗਰਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਧੜੇਬੰਦੀ ਨਹੀਂ ਹੈ। ਇਸੇ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਭਾਜਪਾ ਵਾਂਗ ਕਾਂਗਰਸ ਲੋਕਾਂ ਨੂੰ ਵੰਡਣ ਲਈ ਜਾਤ ਜਾਂ ਧਰਮ ਦੇ ਆਧਾਰ ‘ਤੇ ਸਿਆਸਤ ਨਹੀਂ ਕਰਦੀ ਹੈ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ‘ਸਰੂਪਾਂ’ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਯੂ-ਟਰਨ ਉਪਰ ਵੀ ਤੰਜ ਕੱਸਿਆ ਹੈ।

ਇੱਥੇ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ, ਵੜਿੰਗ ਨੇ ਕਿਹਾ ਕਿ ਭਾਜਪਾ ਤੋਂ ਉਲਟ ਕਾਂਗਰਸ ਲੋਕਾਂ ਨੂੰ ਜਾਤ ਜਾਂ ਧਰਮ ਦੇ ਨਾਂ ‘ਤੇ ਵੰਡਣ ‘ਚ ਯਕੀਨ ਨਹੀਂ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖਾਸ ਕਰਕੇ ਕਦੇ ਵੀ ਜਾਤ ਜਾਂ ਫਿਰਕੇ ਦੇ ਅਧਾਰ ਉੱਤੇ ਵੰਡ ‘ਚ ਵਿਸ਼ਵਾਸ ਨਹੀਂ ਕਰਦਾ ਰਿਹਾ ਹੈ।

ਸੂਬਾ ਕਾਂਗਰਸ ਵਿੱਚ ਧੜਾਬੰਦੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਕਿਹਾ ਕਿ ਪਾਰਟੀ ਸੂਬੇ ‘ਚ ਪੂਰੀ ਤਰ੍ਹਾਂ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਹਰ ਜਥੇਬੰਦੀ, ਇੱਥੋਂ ਤੱਕ ਕਿ ਇੱਕ ਪਰਿਵਾਰ ਵਿੱਚ ਵੀ ਅਕਸਰ ਥੋੜ੍ਹੇ ਬਹੁਤੇ ਮਤਭੇਦ ਹੁੰਦੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਕਿੱਥੇ ਸਾਡੇ ਕਿਸੇ ਆਗੂ ਵੱਲੋਂ ਇਕ-ਦੂਜੇ ਜਾਂ ਫਿਰ ਪਾਰਟੀ ਦੇ ਖ਼ਿਲਾਫ ਕੰਮ ਕੀਤਾ ਗਿਆ ਹੈ?

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਵੇਂ ਅਨੁਸੂਚਿਤ ਜਾਤੀਆਂ ਲਈ 34 ਸੀਟਾਂ ਰਾਖਵੀਆਂ ਹਨ, ਲੇਕਿਨ ਜੇਕਰ ਐੱਸ.ਸੀ. ਭਾਈਚਾਰੇ ਵਿੱਚ ਹੋਰ ਵੀ ਯੋਗ ਉਮੀਦਵਾਰ ਹਨ, ਤਾਂ ਉਨ੍ਹਾਂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਹ ਯੋਗ ਐੱਸ.ਸੀ. ਉਮੀਦਵਾਰ ਹਨ, ਤਾਂ ਉਹ ਸਭ ਟਿਕਟਾਂ ਹਾਸਲ ਕਰਨਗੇ, ਫਿਰ ਭਾਵੇਂ 34 ਸੀਟਾਂ ਹੀ ਐੱਸ.ਸੀ. ਵਰਗ ਲਈ ਰਾਖਵੀਆਂ ਹੀ ਕਿਉਂ ਨਾ ਹੋਣ।

ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਾਲ ਹੀ ਵਿੱਚ ਕੀਤੀਆਂ ਟਿੱਪਣੀਆਂ ਬਾਰੇ ਸਵਾਲ ਉਪਰ ਵੜਿੰਗ ਨੇ ਕਿਹਾ ਕਿ ਉਹ ਇਸ ਮਸਲੇ ਵਿੱਚ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਹਾਲਾਂਕਿ ਇਹ ਵੀ ਸਪੱਸ਼ਟ ਕੀਤਾ ਕਿ ਚੰਨੀ ਨੂੰ ਉੱਚ ਜਾਤੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਮੁੱਖ ਮੰਤਰੀ ਬਣਾਇਆ ਗਿਆ ਸੀ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਉੱਚ ਜਾਤੀ ਦੇ ਆਗੂ ਸੁਨੀਲ ਜਾਖੜ ਨੂੰ ਹਟਾ ਕੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ ਸੀ।

ਵੜਿੰਗ ਨੇ ਇਹ ਵੀ ਯਾਦ ਦਿਵਾਇਆ ਕਿ 2021 ਵਿੱਚ ਖਾਸ ਤੌਰ  ‘ਤੇ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ, ਜਦਕਿ ਕਿਸੇ ਵੀ ਵਿਧਾਇਕ ਨੇ ਪਹਿਲਾਂ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ ਸੀ। ਇਸਦੇ ਬਾਵਜੂਦ ਪਾਰਟੀ ਦੇ ਹਰ ਆਗੂ ਅਤੇ ਵਿਧਾਇਕ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਸੀ।

ਇਸ ਸਵਾਲ ‘ਤੇ ਕਿ ਕੀ ਚੰਨੀ ਭਾਜਪਾ ਦਾ ਏਜੰਡਾ ਅੱਗੇ ਵਧਾ ਰਹੇ ਹਨ ਅਤੇ ਕੁਝ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ, ਦੇ ਸਬੰਧ ਵਿੱਚ ਵੜਿੰਗ ਨੇ ਉਕਤ ਮਾਮਲੇ ‘ਚ ਪੈਣ ਤੋਂ ਇਨਕਾਰ ਕਰ ਦਿੱਤਾ।

ਜਦਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ‘ਸਰੂਪਾਂ’ ਦੇ ਮਾਮਲੇ ‘ਤੇ ਆਪ ਸਰਕਾਰ ਦੇ ਯੂ-ਟਰਨ ਬਾਰੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਵੜਿੰਗ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸੂਬਾ ਸਰਕਾਰ ਨੇ ਅਜਿਹਾ ਕੀਤਾ ਹੋਵੇ। ਸਾਨੂੰ ਖੁਦ ਨਹੀਂ ਪਤਾ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੀ ਗੱਲ ਮੰਨੀਏ ਜਾਂ ਫਿਰ ਵਿੱਤ ਮੰਤਰੀ ਦੀ ਗੱਲ ਮੰਨੀ ਜਾਵੇ।

ਇਸੇ ਤਰ੍ਹਾਂ, ਉਨ੍ਹਾਂ ਨੇ 23 ਜਨਵਰੀ ਨੂੰ ਪਾਰਟੀ ਹਾਈਕਮਾਂਡ ਨਾਲ ਸੂਬਾ ਕਾਂਗਰਸ ਕਮੇਟੀ ਦੇ ਆਗੂਆਂ ਦੀ ਹੋਣ ਵਾਲੀ ਮੀਟਿੰਗ ਬਾਰੇ, ਕਿਹਾ ਕਿ ਇਸਦਾ ਏਜੰਡਾ ਆਪ ਨੂੰ ਸੱਤਾ ਤੋਂ ਹਟਾਉਣ, ਭਾਜਪਾ ਦੀ ਵੰਡਣ ਵਾਲੀ ਸਿਆਸਤ ਦਾ ਮੁਕਾਬਲਾ ਕਰਨ ਅਤੇ ਅਕਾਲੀ ਦਲ ਨੂੰ ਬੇਅਦਬੀ ਮਾਮਲਿਆਂ ‘ਚ ਜਵਾਬਦੇਹ ਬਣਾਉਣ ‘ਤੇ ਕੇਂਦਰਿਤ ਹੋਵੇਗਾ।

Leave a Comment

Your email address will not be published. Required fields are marked *

Scroll to Top