ਜਲੰਧਰ, 29 ਅਕਤੂਬਰ : ਸਿਹਤ ਐਮਰਜੈਂਸੀ ਅਤੇ ਹਾਦਸਿਆਂ ਵਿੱਚ ਜਾਣ ਵਾਲੀਆਂ ਕੀਮਤੀ ਜਾਨਾਂ ਬਚਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੰਗਲਵਾਰ ਨੂੰ ਸਾਂਝੇ ਤੌਰ ’ਤੇ ਨਿਵੇਕਲੀ ਪਹਿਲਕਦਮੀ ਕਰਦਿਆਂ ਚੇਤਨਾ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰਾਜੈਕਟ ਤਹਿਤ ਵੱਖ-ਵੱਖ ਸਕੂਲਾਂ ਦੇ ਲਗਭਗ 400 ਵਿਦਿਆਰਥੀਆਂ ਅਤੇ 30 ਤੋਂ ਵੱਧ ਅਧਿਆਪਕਾਂ ਨੂੰ ਮਾਹਰ ਡਾਕਟਰਾਂ ਵੱਲੋਂ ‘ਲਾਈਫ਼ ਸੇਵਿੰਗ ਸਕਿੱਲਜ਼’ ਸਬੰਧੀ ਇਕ ਦਿਨਾਂ ਟ੍ਰੇਨਿੰਗ ਪ੍ਰਦਾਨ ਕੀਤੀ ਗਈ।
ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਕਿਸੇ ਵੀ ਜ਼ਿਲ੍ਹੇ ਵੱਲੋਂ ਕੀਤਾ ਗਿਆ ਆਪਣੀ ਕਿਸਮ ਦਾ ਇਹ ਪਹਿਲਾ ਉਪਰਾਲਾ ਹੈ, ਜਿਸ ਤਹਿਤ ਵੱਖ-ਵੱਖ ਸਕੂਲਾਂ ਵਿੱਚ ਇਹ ਸਿਖ਼ਲਾਈ ਦਿੱਤੀ ਜਾਵੇਗੀ।
ਅੱਜ ਇਥੇ ਰੈੱਡ ਕਰਾਸ ਭਵਨ ਵਿਖੇ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਮਕਸਦ ਵਿਦਿਆਰਥੀਆਂ ਨੂੰ ਸਿਹਤ ਐਮਰਜੈਂਸੀ ਅਤੇ ਦੁਰਘਟਨਾ ਦੌਰਾਨ ਡਾਕਟਰ ਕੋਲ ਪਹੁੰਚਣ ਤੋਂ ਪਹਿਲਾਂ ਮਰੀਜ਼/ਜ਼ਖਮੀ ਦੀ ਜਾਨ ਕਿਵੇਂ ਬਚਾਈ ਜਾ ਸਕਦੀ ਹੈ, ਦੇ ਢੰਗ ਤਰੀਕਿਆਂ ਬਾਰੇ ਸਿਖ਼ਲਾਈ ਦੇਣਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਨੋਡਲ ਅਫ਼ਸਰ ਸੁਨੀਲ ਫੋਗਟ ਆਈ.ਏ.ਐਸ. (ਯੂ.ਟੀ.) ਵੀ ਮੌਜੂਦ ਸਨ।
ਡਾ. ਅਗਰਵਾਲ ਨੇ ਕਿਹਾ ਕਿ ਮੁੱਢਲੀ ਸਹਾਇਤਾ ਜ਼ਿੰਦਗੀ ਨੂੰ ਬਚਾਉਣ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀ ਹੈ । ਉਨ੍ਹਾਂ ਕਿਹਾ ਕਿ ਪ੍ਰਭਾਵੀ ਮੁੱਢਲੀ ਸਹਾਇਤਾ ਜ਼ਰੀਏ ਜਾਨੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਵੱਲੋਂ ਜਿਥੇ ਵੱਖ-ਵੱਖ ਸਕੂਲਾਂ ਵਿੱਚ ਇਹ ਟ੍ਰੇਨਿੰਗ ਕਰਵਾਈ ਜਾਵੇਗੀ ਉਥੇ ਅੱਜ ਟ੍ਰੇਨਿੰਗ ਲੈਣ ਵਾਲੇ ਅਧਿਆਪਕ ਤੇ ਵਿਦਿਆਰਥੀ ਆਪੋ-ਆਪਣੇ ਸਕੂਲਾਂ ਇਹ ਸਿਖ਼ਲਾਈ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਘੱਟੋ-ਘੱਟ 10 ਹਜ਼ਾਰ ਵਲੰਟੀਅਰ ਤਿਆਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਟ੍ਰੇਨਿੰਗ ਹਾਸਲ ਕਰਨ ਅਤੇ ਦੁਰਘਟਨਾ/ਐਮਰਜੈਂਸੀ ਹਾਲਾਤ ਦੌਰਾਨ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਦੀ ਜਾਨ ਬਚਾਉਣ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤ ਵਿੱਚ ਪਹਿਲੇ ਕੁਝ ਘੰਟਿਆਂ ਵਿੱਚ ਸਾਡੀ ਥੋੜੀ ਜਿਹੀ ਸਿਆਣਪ ਤੇ ਹੁਸ਼ਿਆਰੀ ਕਿਸੇ ਦੀ ਕੀਮਤੀ ਜਾਨ ਬਚਾਅ ਜਾ ਸਕਦੀ ਹੈ। ਉਨ੍ਹਾਂ ਵੱਲੋਂ ‘ਲਾਈਫ਼ ਸੇਵਿੰਗ ਸਕਿੱਲਜ਼’ ਸਿੱਖ ਕੇ ਕਿਸੇ ਦੀ ਜਾਨ ਬਚਾਉਣ ਵਾਲੇ ‘ਚੇਤਨਾ ਹੀਰੋ’ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਗਿਆ।
ਅੱਜ ਦੀ ਟ੍ਰੇਨਿੰਗ ਦੌਰਾਨ 2 ਪ੍ਰਾਈਵੇਟ ਸਕੂਲਾਂ ਅਤੇ 25 ਸਰਕਾਰੀ ਸਕੂਲਾਂ ਦੇ 14 ਸਾਲ ਤੋਂ ਵੱਧ ਉਮਰ ਦੇ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਾਰਡੀਓਜਨਿਕ ਸ਼ਾਕ, ਨਿਊਰੋਲੋਜੀਕਲ ਸ਼ਾਕ, ਦੌਰੇ, ਸੜਕ ਹਾਦਸੇ, ਖੂਨ ਵਹਿ ਜਾਣ, ਸੱਪ ਦੇ ਡੰਗਣ, ਕੁੱਤੇ ਦੇ ਵੱਢਣ, ਡੁੱਬਣ, ਸੜਨ/ਝੁਲਸਣ ਵਰਗੀਆਂ ਘਟਨਾਵਾਂ ਮੌਕੇ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਸਬੰਧੀ ਮਾਸਟਰ ਟ੍ਰੇਨਗ ਡਾ. ਚਸ਼ਮ ਮਿੱਤਰਾ ਦੀ ਅਗਵਾਈ ਵਿੱਚ ਡੰਮੀ ਰਾਹੀਂ ਟ੍ਰੇਨਿੰਗ ਕਰਵਾਈ ਗਈ। ਇਸ ਦੌਰਾਨ ਟ੍ਰੇਨਿੰਗ ਸਬੰਧੀ ਵੀਡੀਓ ਵੀ ਜਾਰੀ ਕੀਤੀ ਗਈ।
ਇਸ ਤੋਂ ਇਲਾਵਾ ਇਸ ਮੌਕੇ ਵੋਟਰ ਰਜਿਸਟ੍ਰੇਸ਼ਨ ਲਈ ਜਾਗਰੂਕ ਵੀ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਗੁਰਮੀਤ ਲਾਲ, ਡਾ. ਰਾਕੇਸ਼ ਚੋਪੜਾ, ਸਕੱਤਰ ਰੈੱਡ ਕਰਾਸ ਸੁਸਾਇਟੀ ਇੰਦਰਦੇਵ ਸਿੰਘ ਮਿਨਹਾਸ, ਪ੍ਰਿੰ. ਤਜਿੰਦਰ ਸਿੰਘ, ਅਸ਼ੋਕ ਸਹੋਤਾ, ਕੰਪਊਟਰ ਸੈਂਟਰ ਦੇ ਇੰਚਾਰਜ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।

















































