ਪ੍ਰਧਾਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਵੱਲੋਂ ‘ਓਲਡ ਏਜ ਹੋਮ’ ਦਾ ਦੌਰਾ

ਜਲੰਧਰ, 20 ਸਤੰਬਰ: ਪ੍ਰਧਾਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ, ਜਲੰਧਰ ਬੇਬੀ ਸੱਭਰਵਾਲ ਧਰਮਪਤਨੀ ਡਵੀਜ਼ਨਲ ਕਮਿਸ਼ਨਰ ਵੱਲੋਂ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ‘ਓਲਡ ਏਜ ਹੋਮ’, ਸਕੂਲ ਫਾਰ ਡੈੱਫ ਅਤੇ ਪ੍ਰਯਾਸ ਸਕੂਲ ਦਾ ਦੌਰਾ ਕੀਤਾ ਗਿਆ।
ਸ਼੍ਰੀਮਤੀ ਸੱਭਰਵਾਲ ਨੇ ਓਲਡ ਏਜ ਹੋਮ ਵਿਖੇ ਬਜ਼ੁਰਗਾਂ ਲਈ ਕਮਰਿਆਂ, ਕਾਮਨ ਰੂਮ, ਰਸੋਈ ਤੇ ਮੈੱਸ ਦਾ ਦੌਰਾ ਕੀਤਾ ਅਤੇ ਬਜ਼ੁਰਗਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ’ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਬਜ਼ੁਰਗਾਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਨੂੰ ਫ਼ਲ ਵੰਡੇ। ਸਟਾਫ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਓਲਡ ਏਜ ਹੋਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੀ ਗਿਣਤੀ, ਉਨ੍ਹਾਂ ਦੇ ਰਹਿਣ-ਸਹਿਣ, ਨਿਯਮਿਤ ਮੈਡੀਕਲ ਚੈੱਕਅਪ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਬਜ਼ੁਰਗਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ।
ਇਸ ਉਪਰੰਤ ਰੈਡ ਕਰਾਸ ਸਕੂਲ ਫਾਰ ਡੈੱਫ ਦਾ ਦੌਰਾ ਕਰਦਿਆਂ ਉਨ੍ਹਾਂ ਬੱਚਿਆਂ ਦੇ ਹੋਸਟਲ, ਕਲਾਸਾਂ, ਰਸੋਈ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਸਟਾਫ਼ ਵੱਲੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਮੌਜੂਦਾ ਸਮੇਂ ਸਕੂਲ ਵਿੱਚ 55 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿੱਚੋਂ 40 ਹੋਸਟਲ ਦੀ ਸੁਵਿਧਾ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਸਟਾਫ਼ ਨੂੰ ਬੱਚਿਆਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਤੇ ਸ਼ਿੱਦਤ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਪੇਸ਼ਕਾਰੀ ਵੀ ਦਿੱਤੀ ਗਈ।
ਇਸ ਤੋਂ ਬਾਅਦ ਸ਼੍ਰੀਮਤੀ ਸੱਭਰਵਾਲ ਨੇ ਪ੍ਰਯਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਸਮਾਂ ਬਿਤਾਇਆ। ਇਥੇ ਸਟਾਫ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਬੱਚਿਆਂ ਲਈ ਚਲਾਈਆਂ ਜਾਂਦੀਆਂ ਵੋਕੇਸ਼ਨਲ ਕਲਾਸਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਵੱਲੋਂ ਰੈਡ ਕਰਾਸ ਸਕੂਲ ਫਾਰ ਡੈੱਫ ਅਤੇ ਪ੍ਰਯਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਤੋਹਫੇ ਵੀ ਵੰਡੇ ਗਏ।
ਇਸ ਤੋਂ ਪਹਿਲਾਂ ਵਾਈਸ ਪ੍ਰਧਾਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ, ਜਲੰਧਰ ਹਰਜੋਤ ਕੌਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਮਿਨਹਾਸ ਵੱਲੋਂ ਸ਼੍ਰੀਮਤੀ ਸੱਭਰਵਾਲ ਦਾ ਓਲਡ ਏਜ ਹੋਮ ਪੁੱਜਣ ’ਤੇ ਸਵਾਗਤ ਕੀਤਾ ਗਿਆ।
ਇਸ ਮੌਕੇ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ, ਜਲੰਧਰ ਦੇ ਐਗਜ਼ੈਕਵਿਟ ਮੈਂਬਰ ਪਰਮਿੰਦਰ ਬੇਰੀ, ਪ੍ਰੋਮਿਲਾ ਦਾਦਾ ਆਦਿ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top