ਚੰਡੀਗੜ੍ਹ, 5 ਅਕਤੂਬਰ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਭਾਰਤੀ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ‘ਵੋਟ ਚੋਰੀ’ ਅੱਜ ਦੇ ਭਾਰਤ ਵਿੱਚ ਇੱਕ ਕੌੜੀ ਹਕੀਕਤ ਹੈ।
ਅੱਜ ਕੁਰਾਲੀ ਵਿਖੇ ‘ਵੋਟ ਚੋਰੀ’ ਵਿਰੁੱਧ ਦਸਤਖਤ ਮੁਹਿੰਮ ਦੌਰਾਨ ਪੱਤਰਕਾਰਾਂ ਨਾਲ ਇਕ ਗੈਰ-ਰਸਮੀ ਗੱਲਬਾਤ ਦੌਰਾਨ ਵੜਿੰਗ ਨੇ ਕਿਹਾ ਕਿ ਭਾਜਪਾ ਇਹ ਸੱਭ ਸੂਖਮ ਤਰੀਕੇ ਨਾਲ ਕਰ ਰਹੀ ਹੈ, ਤਾਂ ਜੋ ਇਸ ‘ਤੇ ਧਿਆਨ ਨਾ ਦਿੱਤਾ ਜਾਵੇ। ਪਰ ਸੱਚਾਈ ਇਹ ਹੈ ਕਿ ਵੋਟ ਚੋਰੀ ਕਈ ਤਰੀਕਿਆਂ ਨਾਲ ਹੋ ਰਹੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਇਹ ਇੱਕ ਚਲਾਕ ਚੋਰ ਦੁਆਰਾ ਕੀਤੀ ਗਈ ਚੋਰੀ ਵਰਗੀ ਚੀਜ਼ ਹੈ, ਜੋ ਸਾਰੇ ਸਬੂਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਉਹ ਫੜਿਆ ਨਾ ਜਾਵੇ। ਲੇਕਿਨ ਅੰਤ ਵਿੱਚ ਹਰ ਅਪਰਾਧ ਫੜਿਆ ਜਾਂਦਾ ਹੈ। ਜਦਕਿ ਕੁਝ ਅਪਰਾਧਾਂ ਵਿੱਚ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਪਹਿਲਾਂ ਹੀ ਇਸ ‘ਤੇ ਕੰਮ ਕਰ ਰਹੇ ਸਨ ਅਤੇ ਠੋਸ ਸਬੂਤ ਲੈ ਕੇ ਆਏ ਸਨ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਗਾਂਧੀ ਜਲਦੀ ਹੀ ਹੋਰ ਅਹਿਮ ਸਬੂਤ ਲੈ ਕੇ ਆਉਣਗੇ, ਜਿਨ੍ਹਾਂ ਨੂੰ ਨਕਾਰਨਾ ਭਾਜਪਾ ਲਈ ਅਸੰਭਵ ਹੋਵੇਗਾ।
ਵੜਿੰਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਵੋਟਰ ਸੂਚੀਆਂ ਤੋਂ ਆਪਣੇ ਨਾਮ ਹਟਾਉਣ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜਿੱਥੇ ਵੀ ਭਾਜਪਾ ਨੂੰ ਲੱਗਦਾ ਹੈ ਕਿ ਉਹ ਕਮਜ਼ੋਰ ਹੈ ਜਾਂ ਲੋਕਾਂ ਦਾ ਇੱਕ ਖਾਸ ਵਰਗ ਇਸਨੂੰ ਵੋਟ ਨਹੀਂ ਦੇਵੇਗਾ, ਉੱਥੇ ਪਾਰਟੀ ਚੋਣ ਕਮਿਸ਼ਨ ਨਾਲ ਮਿਲ ਕੇ ਉਨ੍ਹਾਂ ਖਾਸ ਖੇਤਰਾਂ ਵਿੱਚ ਅਜਿਹੇ ਲੋਕਾਂ ਦੀਆਂ ਵੋਟਾਂ ਹਟਾ ਦਿੰਦੀ ਹੈ।
ਜਦਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੇ ਹੱਥਕੰਡੇ ਵਰਤਣ ਦੀ ਕੋਸ਼ਿਸ਼ ਕਰਨ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਉਹ ਹੈਰਾਨ ਨਹੀਂ ਹੋਣਗੇ। ਕਿਉਂਕਿ ‘ਆਪ’ ਕਿਸੇ ਵੀ ਹਾਲਤ ਵਿੱਚ ਭਾਜਪਾ ਦੀ ਬੀ-ਟੀਮ ਹੈ ਅਤੇ ਇਹ ਆਪਣੀ ਮੂਲ-ਟੀਮ ਦੇ ਹਰ ਕਦਮ ਦੀ ਪਾਲਣਾ ਕਰਦੀ ਹੈ।
ਵੜਿੰਗ ਦੇ ਦਸਤਖ਼ਤ ਮੁਹਿੰਮ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਮੁੱਖ ਵਰਕਰ ਵੀ ਨਾਲ ਸਨ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ 15 ਅਕਤੂਬਰ ਨੂੰ ਦੇਸ਼ ਵਿੱਚ ‘ਵੋਟ-ਚੋਰੀ’ ਦੇ ਵਿਰੁੱਧ, ਭਾਰਤ ਦੇ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਉਣ ਲਈ 5 ਕਰੋੜ ਦਸਤਖ਼ਤ ਇਕੱਠੇ ਕਰਨ ਲਈ ਏ.ਆਈ.ਸੀ.ਸੀ. ਦੀ ਮੁਹਿੰਮ ਦੇ ਹਿੱਸੇ ਵਜੋਂ 15 ਲੱਖ ਦਸਤਖ਼ਤ ਜਮ੍ਹਾਂ ਕਰਵਾਏਗੀ।

















































