ਜਲੰਧਰ, 11 ਫ਼ਰਵਰੀ : ਪੰਜਾਬ ਸਰਕਾਰ ਦੀ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਜਲੰਧਰ ਪੁਲਿਸ ਵੱਲੋਂ ਅੱਜ ਇੱਕ ਹੋਰ ਸਖ਼ਤ ਅਤੇ ਫੈਸਲਾਕੁੰਨ ਕਾਰਵਾਈ ਕੀਤੀ ਗਈ। ਜਲੰਧਰ ਮਿਊਂਸਪਲ ਕਾਰਪੋਰੇਸ਼ਨ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਹਿਯੋਗ ਨਾਲ ਪਿੰਡ ਧੀਨਾ ਦੀ ਇੰਦਰਾ ਕਾਲੋਨੀ ਵਿੱਚ ਇਕ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਇਮਾਰਤ ਨੂੰ ਢਾਹ ਦਿੱਤਾ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਨਗਰ ਨਿਗਮ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਹੈ।
ਮੌਕੇ ’ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਨਾਲ ਜਾਇੰਟ ਸੀ.ਪੀ ਸੰਦੀਪ ਕੁਮਾਰ ਸ਼ਰਮਾ, ਏਸੀਪੀ ਕੈਂਟ ਸਰਵਣਜੀਤ ਸਿੰਘ ਅਤੇ ਐਸ.ਐਚ.ਓ ਸੰਜੀਵ ਕੁਮਾਰ ਹਾਜ਼ਰ ਸਨ।
ਇਹ ਗੈਰ-ਕਾਨੂੰਨੀ ਨਿਰਮਾਣ ਅਮਰਜੀਤ ਪੁੱਤਰ ਪਾਲ ਰਾਮ, ਜੋ ਕਿ ਥਾਣਾ ਸਦਰ ਜਲੰਧਰ ਕਮਿਸ਼ਨਰੇਟ ਦੇ ਅਧੀਨ ਆਉਂਦਾ ਹੈ, ਨਾਲ ਸੰਬੰਧਿਤ ਸੀ। ਅਮਰਜੀਤ ਇੱਕ ਵੱਡਾ ਨਸ਼ਾ ਤਸਕਰ ਹੈ, ਜਿਸ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ, ਐਕਸਾਈਜ਼ ਐਕਟ ਅਤੇ ਬੀ.ਐਨ.ਐਸ ਅਧੀਨ 10 ਮੁਕੱਦਮੇ ਦਰਜ ਹਨ ਅਤੇ ਇਸ ਵੇਲੇ ਉਹ ਫਰਾਰ ਹੈ।
ਇਸ ਦੇ ਨਾਲ ਹੀ ਓਪਰੇਸ਼ਨ ਪਰਹਾਰ 2.0 ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਨਸ਼ਾ ਤਸਕਰੀ ਵਿਰੁੱਧ ਆਪਣੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ਵਿਸ਼ੇਸ਼ ਅਭਿਆਨ ਦੌਰਾਨ 61 ਛਾਪੇ ਮਾਰੇ ਗਏ, 11 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 6 ਪ੍ਰੀਵੇਂਟਿਵ ਕਾਰਵਾਈਆਂ ਕੀਤੀਆਂ ਗਈਆਂ। ਬਰਾਮਦਗੀਆਂ ਵਿੱਚ 2 ਕਿਲੋ 600 ਗ੍ਰਾਮ ਅਫੀਮ, 157 ਗ੍ਰਾਮ ਹੈਰੋਇਨ ਅਤੇ 235 ਨਸ਼ੀਲੀ ਕੈਪਸੂਲ ਸ਼ਾਮਲ ਹਨ।
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੁਹਰਾਇਆ ਹੈ ਕਿ ਨਸ਼ਿਆਂ ਨਾਲ ਸੰਬੰਧਿਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਸਖ਼ਤ ਕਾਰਵਾਈਆਂ ਜਾਰੀ ਰਹਿਣਗੀਆਂ।
ਜਲੰਧਰ ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਤਸਕਰੀ ਜਾਂ ਗੈਰ-ਕਾਨੂੰਨੀ ਨਸ਼ਿਆਂ ਸਬੰਧੀ ਗਤੀਵਿਧੀਆਂ ਬਾਰੇ ਕੋਈ ਵੀ ਜਾਣਕਾਰੀ ਸਰਕਾਰ ਵੱਲੋਂ ਜਾਰੀ ਕੀਤੇ ਵਟਸਐਪ ਨੰਬਰ 9779-100-200 ’ਤੇ ਸਾਂਝੀ ਕਰਨ। ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

















































