ਵੜਿੰਗ ਵਲੋਂ ਫੁੱਟ ਪਾਊ, ਦੇਸ਼ ਵਿਰੋਧੀ ਤਾਕਤਾਂ ਨੂੰ ਹਰਾਉਣ ਦਾ ਸੱਦਾ

ਬਾਬਾ ਬਕਾਲਾ (ਅੰਮ੍ਰਿਤਸਰ), 9 ਅਗਸਤ: ਪੰਜਾਬ ਕਾਂਗਰਸ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਵਰ੍ਹਦਿਆਂ ਹੋਇਆਂ ਕਿਹਾ ਹੈ ਕਿ ਇਸਨੇ ਪੰਜਾਬ ਨੂੰ ਗੈਂਗਲੈਂਡ ਵਿੱਚ ਬਦਲਦਿਆਂ ਹੋਇਆਂ, ਸੂਬੇ ਨੂੰ ਪੂਰੀ ਤਰ੍ਹਾਂ ਨਾਲ ਅਰਾਜਕਤਾ ਅਤੇ ਕਾਨੂੰਨਹੀਣਤਾ ਵਿੱਚ ਧੱਕ ਦਿੱਤਾ ਹੈ।

ਅੱਜ ਇੱਥੇ ਰੱਖੜ ਪੁੰਨਿਆ ਦੇ ਮੌਕੇ ਆਯੋਜਿਤ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਸੁਖਵਿੰਦਰ ਡੈਨੀ, ਭਗਵੰਤ ਪਾਲ ਸਿੰਘ ਸੱਚਰ ਅਤੇ ਹੋਰਨਾਂ ਸਮੇਤ ਕਾਂਗਰਸੀ ਆਗੂਆਂ ਨੇ ਇਹ ਵੀ ਜ਼ੋਰ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਕਾਂਗਰਸੀ ਵਰਕਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਉਨ੍ਹਾਂ ਉੱਪਰ ਕੀਤੇ ਅਤਿਆਚਾਰ ਨੂੰ ਨਾ ਤਾਂ ਭੁਲਾਇਆ ਜਾਵੇਗਾ ਅਤੇ ਨਾ ਹੀ ਮਾਫ਼ ਕੀਤਾ ਜਾਵੇਗਾ।

ਇਸ ਮੌਕੇ ਬੋਲਦਿਆਂ, ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਨ੍ਹਾਂ ਲੋਕਾਂ ਦਾ ਸਖ਼ਤ ਵਿਰੋਧ ਕੀਤਾ, ਜਿਹੜੇ ਪੰਜਾਬ ਵਿੱਚ ਖਾਲਿਸਤਾਨ ਦਾ ਨਾਅਰਾ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਅਜਿਹੀ ਫੁੱਟ ਪਾਊ ਅਤੇ ਦੇਸ਼ ਵਿਰੋਧੀ ਵਿਚਾਰਧਾਰਾ ਆਮ ਪੰਜਾਬੀਆਂ ਨੂੰ ਸਵੀਕਾਰ ਨਹੀਂ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹਾਂ, ਸਾਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੇਂਦਰ ਵਿਰੁੱਧ ਲੜਨਾ ਪਵੇਗਾ, ਲੇਕਿਨ ਸਿਰਫ ਆਪਣੇ ਦੇਸ਼ ਦਾ ਹਿੱਸਾ ਰਹਿ ਕੇ, ਨਾ ਕਿ ਵੱਖਰੇ ਤੌਰ ਤੇ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਭਾਰਤੀ ਰਾਸ਼ਟਰ ਦਾ ਸਭ ਤੋਂ ਮਜ਼ਬੂਤ ਥੰਮ੍ਹ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ‘ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸਨੇ ਪੰਜਾਬ ਨੂੰ ਤਬਾਹੀ ਅਤੇ ਦੀਵਾਲੀਆਪਨ ਦੀ ਸਥਿੱਤੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਆਰਥਿਕਤਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਕਰਜ਼ਾ ਲਗਭਗ 5.25 ਲੱਖ ਕਰੋੜ ਰੁਪਏ ਤੱਕ ਵੱਧ ਗਿਆ ਹੈ। ਉੱਥੇ ਹੀ, ਕਾਨੂੰਨ ਵਿਵਸਥਾ ਸਭ ਤੋਂ ਮਾੜੀ ਹਾਲਤ ਵਿੱਚ ਪਹੁੰਚ ਗਈ ਹੈ ਅਤੇ ਗੈਂਗਸਟਰ ਰਾਜ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ‘ਆਪ’ ਦੇ ਪਿਛਲੇ ਸਾਢੇ ਤਿੰਨ ਸਾਲਾਂ ਦੇ ਸ਼ਾਸਨਕਾਲ ਦੌਰਾਨ, ਸੂਬੇ ਵਿੱਚ ਕੋਈ ਨਵਾਂ ਨਿਵੇਸ਼ ਨਹੀਂ ਹੋਇਆ। ਸਗੋਂ ਸੁਰੱਖਿਆ ਸਬੰਧੀ ਚਿੰਤਾਵਾਂ ਕਾਰਨ ਕਈ ਕਾਰੋਬਾਰੀ ਪੰਜਾਬ ਤੋਂ ਬਾਹਰ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਡਰ ਤੇ ਸਹਿਮ ਮਹਿਸੂਸ ਕਰ ਰਹੇ ਹਨ।

ਇਸ ਦੌਰਾਨ ਵੜਿੰਗ ਨੇ ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਪ੍ਰਤੀ ਆਪਣੀ ਪਾਰਟੀ ਦੇ ਸਖ਼ਤ ਵਿਰੋਧ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ।  ਉਨ੍ਹਾਂ ਕਿਹਾ ਕਿ ਇੱਕ ਪਾਸੇ ਇਹ ਕਿਸਾਨਾਂ ਦੀ ਜ਼ਮੀਨ ਲੁੱਟਣ ਦੀ ਯੋਜਨਾ ਹੈ, ਦੂਜੇ ਧਿਰ ਇਸ ਯੋਜਨਾ ਵਿੱਚ ਸੂਬੇ ਦੀ ਖੇਤੀਬਾੜੀ ਆਰਥਿਕਤਾ ਨੂੰ ਤਬਾਹ ਕਰਨ ਦੀ ਸਮਰੱਥਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਇਸ ਪਾਲਿਸੀ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਵੇਗੀ।

ਸੂਬਾ ਕਾਂਗਰਸ ਪ੍ਰਧਾਨ ਨੇ ਐਲਾਨ ਕੀਤਾ ਕਿ ਸੂਬੇ ਵਿੱਚ ਕਾਂਗਰਸੀ ਵਰਕਰਾਂ ਨੂੰ ਡਰਾਉਣ-ਧਮਕਾਉਣ, ਤੰਗ-ਪ੍ਰੇਸ਼ਾਨ ਕਰਨ ਅਤੇ ਅਤਿਆਚਾਰ ਕਰਨ ਵਾਲਿਆਂ ਨੂੰ ਨਾ ਤਾਂ ਭੁਲਾਇਆ ਜਾਵੇਗਾ ਅਤੇ ਨਾ ਹੀ ਮਾਫ਼ ਕੀਤਾ ਜਾਵੇਗਾ। ਸਾਡੇ ਪਾਰਟੀ ਵਰਕਰਾਂ ਦੇ ਹਰ ਕੇਸ ਅਤੇ ਘਟਨਾ ਦੀ ਜਾਂਚ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

Leave a Comment

Your email address will not be published. Required fields are marked *

Scroll to Top