ਜਗਰਾਉਂ ਵਿੱਚ ਤੇਜਪਾਲ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਨੂੰ ਮਿਲੇ ਵੜਿੰਗ

ਜਗਰਾਉਂ (ਲੁਧਿਆਣਾ), 1 ਨਵੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਵਿੱਚ ਗੈਂਗ ਵਾਰ ਸ਼ੁਰੂ ਹੋ ਚੁੱਕੇ ਹਨ ਅਤੇ ਵੱਖ-ਵੱਖ ਗੈਂਗ ਸਰਪ੍ਰਸਤੀ ਹਾਸਲ ਕਰਨ ਲਈ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਹਨ, ਜਦੋਂ ਕਿ ਪੰਜਾਬ ਪੁਲਿਸ ਅਤੇ ਸਰਕਾਰ ਸਿਰਫ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ।

ਵੜਿੰਗ, ਜਿਹੜੇ ਸਥਾਨਕ ਸੰਸਦ ਮੈਂਬਰ ਵੀ ਹਨ, ਨੇ ਇੱਥੇ ਐਸਐਸਪੀ ਦਫ਼ਤਰ ਨੇੜੇ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਕਤਲ ਕੀਤੇ ਗਏ ਕਬੱਡੀ ਖਿਡਾਰੀ ਤੇਜਪਾਲ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਸੂਬਾ ਕਾਂਗਰਸ ਪ੍ਰਧਾਨ ਨੇ ਹਰ ਤਰ੍ਹਾਂ ਦੀ ਮਦਦ ਅਤੇ ਸਹਾਇਤਾ ਦਾ ਭਰੋਸਾ ਦਿੰਦੇ ਹੋਏ, ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।



ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਰਿਵਾਰ ਬੇਸੁਧ ਹੈ, ਜਿਸਨੇ ਆਪਣਾ ਇਕਲੌਤਾ ਪੁੱਤਰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਪੰਜਾਬ ਪੁਲਿਸ, ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਕਿ ਉਹ ਮਾਸੂਮ ਅਤੇ ਬੇਸਹਾਰਾ ਲੋਕਾਂ ਦੀ ਜਾਨ ਦੀ ਰੱਖਿਆ ਵੀ ਨਹੀਂ ਕਰ ਸਕਦੇ ਹਨ।

ਵੜਿੰਗ ਨੇ ਪੰਜਾਬ ਭਰ ਵਿੱਚ ਅਪਰਾਧਿਕ ਗਿਰੋਹਾਂ ਹੋ ਰਹੇ ਵਾਧੇ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ, ਜਿਨ੍ਹਾਂ ਨੇ ਲੋਕਾਂ ਨੂੰ ਬੇਰਹਿਮੀ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਵੀ ਇਸ ਹੱਦ ਤੱਕ ਡਰ ਨਹੀਂ ਸੀ।



ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਪਰਾਧਿਕ ਗਿਰੋਹ ਲੋਕਾਂ ਨੂੰ ਮਾਰਨ ਅਤੇ ਸਰਪ੍ਰਸਤੀ ਹਾਸਲ ਕਰਨ ਲਈ ਇੱਕ ਦੂਜੇ ਨਾਲ ਖੂਨੀ ਮੁਕਾਬਲੇ ਵਿੱਚ ਸ਼ਾਮਲ ਹੋ ਗਏ ਜਾਪਦੇ ਹਨ, ਤਾਂ ਜੋ ਉਹ ਵੱਧ ਤੋਂ ਵੱਧ ਫਿਰੌਤੀ ਵਸੂਲ ਸਕਣ। ਹਾਲਾਤ ਇੰਨੇ ਬਿਗੜ ਚੁੱਕੇ ਹਨ ਕਿ ਅਪਰਾਧੀ ਅਤੇ ਗੈਂਗਸਟਰ ਹੁਣ ਲੋਕਾਂ ਦੇ ਸਾਹਮਣੇ ਕਿਸੇ ਨੂੰ ਮਾਰਨ ਅਤੇ ਫਿਰ ਕਾਨੂੰਨ ਦੇ ਡਰ ਤੋਂ ਬਿਨਾਂ ਇਨ੍ਹਾਂ ਕਤਲਾਂ ਨੂੰ ਆਪਣੇ ਨਾਂਮ ਕਰਨ ਦੀ ਹਿੰਮਤ ਰੱਖਦੇ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਇਨ੍ਹਾਂ ਭਿਆਨਕ ਘਟਨਾਵਾਂ ਦਾ ਪੰਜਾਬ ਦੀ ਤਰੱਕੀ ‘ਤੇ ਵਿਨਾਸ਼ਕਾਰੀ ਪ੍ਰਭਾਵ ਪਵੇਗਾ, ਜਿਹੜੀ ਪਹਿਲਾਂ ਹੀ ਪਟੜੀ ਤੋਂ ਉਤਰ ਗਈ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਖਦਸ਼ਾ ਪ੍ਰਗਟ ਕੀਤਾ ਕਿ ਅਜਿਹੀਆਂ ਘਟਨਾਵਾਂ ਇੱਕ ਰੁਟੀਨ ਬਣ ਜਾਣ ਕਾਰਨ ਉਦਯੋਗ ਚਿੰਤਤ ਹਨ, ਕਿਉਂਕਿ ਉਹ ਹੁਣ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।

ਵੜਿੰਗ ਨੇ ਕਿਹਾ ਕਿ ਹੁਣ ਵੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਇਸ ਤਰ੍ਹਾਂ ਬੇਫਿਕਰ ਜਾਪਦੇ ਹਨ, ਜਿਵੇਂ ਕਿ ਕੁਝ ਹੋਇਆ ਹੀ ਨਾ ਹੋਵੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top