ਵੜਿੰਗ ਨੇ ਸ਼ਾਂਤੀ ਅਤੇ ਤਰੱਕੀ ਲਈ ਕਾਂਗਰਸ ਵਾਸਤੇ ਵੋਟਾਂ ਮੰਗੀਆਂ

ਤਰਨਤਾਰਨ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਤਰਨਤਾਰਨ ਦੇ ਲੋਕਾਂ ਨੂੰ ਸੂਬੇ ਅੰਦਰ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਅੱਜ ਇੱਥੇ ਤਰਨਤਾਰਨ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ਵਿੱਚ ਇੱਕ ਪ੍ਰਭਾਵਸ਼ਾਲੀ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਲੋਕਾਂ ਨੂੰ ਕਿਸੇ ਵੀ ਭਾਵਨਾਤਮਕ ਸ਼ੋਸ਼ਣ ਵਿਰੁੱਧ ਚੇਤਾਵਨੀ ਦਿੱਤੀ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਤਿੰਨੋਂ ਸਰਕਾਰਾਂ – ਕਾਂਗਰਸ, ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ – ਦੇ ਸ਼ਾਸਨ ਅਤੇ ਕੰਮਕਾਜ ਨੂੰ ਦੇਖ ਲਿਆ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਸਹੀ ਚੋਣ ਕਰਨ ਲਈ ਸਭ ਤੋਂ ਵਧੀਆ ਸਥਿਤੀ ਵਿੱਚ ਹੋ। ਇਹ ਕਾਂਗਰਸ ਹੀ ਹੈ, ਜਿਹੜੀ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਸਾਰਿਆਂ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਦੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਇਹ ਹੁਣ ਆਪਣੇ ਆਖਰੀ ਪੜਾਅ ‘ਤੇ ਹੈ। ਪਾਰਟੀ ਇੰਨੀ ਤਰਸਯੋਗ ਹਾਲਤ ਵਿੱਚ ਹੈ ਕਿ ਇਸਨੂੰ ਆਪਣਾ ਉਮੀਦਵਾਰ ਅਕਾਲੀ ਦਲ ਤੋਂ ਆਊਟਸੋਰਸ ਕਰਨਾ ਪਿਆ, ਜਿਸਨੂੰ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਰੱਦ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਆਪ ਦੀ ਦੁਰਦਸ਼ਾ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਕੋਲ ਜਿਮਨੀ ਚੋਣ ਲੜਨ ਲਈ ਪਾਰਟੀ ਦੇ ਅੰਦਰੋਂ ਕੋਈ ਨਹੀਂ ਸੀ ਅਤੇ ਇਸਨੂੰ ਇੱਕ ਅਜਿਹੀ ਪਾਰਟੀ ਤੋਂ ਉਮੀਦਵਾਰ ਲਿਆਉਣਾ ਪਿਆ, ਜਿਸਨੂੰ ਲੋਕਾਂ ਨੇ ਬਹੁਤ ਪਹਿਲਾਂ ਰੱਦ ਕਰ ਦਿੱਤਾ ਸੀ।

ਉੱਥੇ ਹੀ, ਵੜਿੰਗ ਨੇ ਲੋਕਾਂ ਨੂੰ ਇੱਕ ਉਮੀਦਵਾਰ ਦੇ ਸਮਰਥਕਾਂ ਵੱਲੋਂ ਲਗਾਏ ਗਏ ਭਾਵਨਾਤਮਕ ਨਾਅਰਿਆਂ ਤੋਂ ਵੀ ਸਾਵਧਾਨ ਕਰਦਿਆਂ, ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਜਿਹੇ ਲੋਕ ਚੋਣ ਮੈਦਾਨ ਵਿੱਚ ਉਤਰੇ ਹਨ।

ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਅਜਿਹੇ ਲੋਕਾਂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਜਨਤਕ ਸੇਵਾ ਇਨ੍ਹਾਂ ਦੇ ਦਿਮਾਗ ਵਿੱਚ ਆਖਿਰ ਤੇ ਆਉਣ ਵਾਲੀ ਚੀਜ਼ ਹੈ। ਜਿਹੜੇ ਉਸ ਨਿਰਾਧਾਰ ਪ੍ਰਚਾਰ ਵਿੱਚ ਸ਼ਾਮਲ ਹੁੰਦੇ ਹਨ ਜਿਸਦਾ ਕੋਈ ਮਕਸਦ ਨਹੀਂ ਹੁੰਦਾ। ਉਨ੍ਹਾਂ ਨੇ ਲੋਕਾਂ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਚੁਣਨ ਲਈ ਕਿਹਾ, ਜਿਹੜਾ ਵਿਧਾਨ ਸਭਾ ਵਿੱਚ ਹੋਵੇਗਾ, ਨਾ ਕਿ ਕਿਤੇ ਹੋਰ।

ਸੂਬਾ ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਚੁਣਨ ਦੀ ਅਪੀਲ ਕਰਦੇ ਹੋਏ, ਵਾਅਦਾ ਕੀਤਾ ਕਿ ਇਹ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਇਸ ਦੌਰਾਨ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਨਾਅਰਿਆਂ ਵਿਚਾਲੇ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਹੁਣੇ ਤਰਨਤਾਰਨ ਤੋਂ ਸ਼ੁਰੂਆਤ ਕਰੀਏ ਅਤੇ ਇਸਨੂੰ 2027 ਤੱਕ ਪੂਰੇ ਪੰਜਾਬ ਵਿੱਚ ਅੱਗੇ ਲੈ ਕੇ ਜਾਈਏ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top