ਜਲੰਧਰ, 1 ਸਤੰਬਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸੋਮਵਾਰ ਸਵੇਰੇ ਜਲੰਧਰ ਵਿੱਚ 12 ਘੰਟਿਆਂ ਤੋਂ ਵੱਧ ਸਮੇਂ ਤੱਕ ਹੋਈ ਲਗਾਤਾਰ ਬਾਰਿਸ਼ ਤੋਂ ਬਾਅਦ ਪਾਣੀ ਜਮ੍ਹਾ ਹੋਣ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ।
ਡਾ. ਅਗਰਵਾਲ, ਜਿਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੀ ਮੌਜੂਦ ਸਨ, ਨੇ ਕਿਹਾ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਇਕੱਤਰ ਹੋਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਜਲੰਧਰ ਪ੍ਰਸ਼ਾਸਨ, ਨਗਰ ਨਿਗਮ ਅਤੇ ਪੁਲਿਸ ਵਿਭਾਗ ਦੇ ਸਾਂਝੇ ਯਤਨਾਂ ਨਾਲ ਜ਼ਿਆਦਾਤਰ ਪ੍ਰਭਾਵਿਤ ਇਲਾਕਿਆਂ ’ਚੋਂ ਮੀਂਹ ਦੇ ਪਾਣੀ ਦੀ ਜਲਦ ਨਿਕਾਸੀ ਨੂੰ ਯਕੀਨੀ ਬਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਕੰਟਰੋਲ ਰੂਮ ਵਿੱਚ ਘਰਾਂ ਅਤੇ ਬੇਸਮੈਂਟਾਂ ਵਿੱਚ ਪਾਣੀ ਦਾਖ਼ਲ ਹੋਣ ਸਬੰਧੀ 200 ਤੋਂ ਵੱਧ ਫੋਨ ਆਏ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਅਤੇ ਇਹ ਕੰਮ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਮੀਂਹ ਦਾ ਪਾਣੀ ਕਾਲਾ ਸੰਘਿਆ ਡਰੇਨ ਵਿੱਚ ਛੱਡਿਆ ਗਿਆ ਹੈ, ਜੋ ਅੱਗੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ।
ਡਾ. ਅਗਰਵਾਲ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਬੰਨ੍ਹ ਦੇ ਟੁੱਟਣ ਦੀ ਕੋਈ ਸੂਚਨਾ ਨਹੀਂ ਹੈ। ਗਿੱਦੜਪਿੰਡੀ ਤੋਂ ਲਗਭਗ 70,000 ਕਿਊਸਿਕ ਪਾਣੀ ਵਹਿ ਰਿਹਾ ਹੈ, ਜਦਕਿ ਬੰਨ੍ਹ ਦੀ ਸਮਰੱਥਾ ਇੱਕ ਲੱਖ ਕਿਊਸਿਕ ਹੈ, ਜਿਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਖੜਾ ਬੰਨ੍ਹ ਤੋਂ ਪਾਣੀ ਛੱਡੇ ਜਾਣ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ।
ਪ੍ਰਸ਼ਾਸਨ ਦੀ ਤਿਆਰੀ ‘ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ 54 ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 8 ਮੌਜੂਦਾ ਸਮੇਂ ਕਾਰਜਸ਼ੀਲ ਹਨ ਅਤੇ ਅਹਿਤਿਆਤ ਦੇ ਤੌਰ ’ਤੇ ਸੰਵੇਦਨਸ਼ੀਲ ਇਲਾਕਿਆਂ ਦੇ ਵਸਨੀਕਾਂ ਨੂੰ ਪਹਿਲਾਂ ਹੀ ਉੱਥੇ ਤਬਦੀਲ ਕਰ ਦਿੱਤਾ ਗਿਆ ਹੈ।
ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਡਾ. ਅਗਰਵਾਲ ਨੇ ਭਰੋਸਾ ਦਿਵਾਇਆ ਕਿ ਸ਼ਹਿਰ ਅਤੇ ਦਰਿਆ ਦੋਵਾਂ ਦੀ ਸਥਿਤੀ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਕਿਉਂਕਿ ਹੜ੍ਹ ਕੰਟਰੋਲ ਸਬੰਧੀ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਨੇ ਸਹਾਇਤਾ ਲਈ ਹੜ੍ਹ ਕੰਟਰੋਲ ਰੂਮ ਨੰਬਰ (0181-2240064) ਅਤੇ ਵਟਸਐਪ ਮੇਸੇਜਿੰਗ ਨੰਬਰ (9646-222-555) ਵੀ ਸਾਂਝੇ ਕੀਤੇ।
——
