ਗੁਰਾਇਆ, 18 ਜੁਲਾਈ:- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਰੋਜਮੱਰਾ ਦੀਆਂ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ ਆਪ ਦੀ ਸਰਕਾਰ, ਆਪ ਦੇ ਦੁਆਰ’ ਲੜੀ ਤਹਿਤ ਗੁਰਾਇਆ ਦੇ ਸਰਕਾਰੀ ਸਕੂਲ ਲੜਕੇ ਵਿਖੇ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਰਲ ਤਰੀਕੇ ਨਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਗੁਰਾਇਆ ਵਿਖੇ ਕੈਂਪ ਦੌਰਾਨ ਲੋਕਾਂ ਵਲੋਂ ਸੀਵਰੇਜ਼ , ਜਨਤਕ ਪਖਾਨਿਆਂ ਦੇ ਜਲਦ ਨਿਰਮਾਣ ਦੇ ਮੁੱਦੇ ਵੀ ਰੱਖੇ ਗਏ ਜਿਸ ਉੱਪਰ ਡਿਪਟੀ ਕਮਿਸ਼ਨਰ ਵਲੋਂ ਸੀਵਰੇਜ਼ ਬੋਰਡ ਤੇ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਕੰਮ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ । ਕੈਂਪ ਦੌਰਾਨ ਬਿਨੈਕਾਰਾਂ ਨੂੰ ਪੈਨਸ਼ਨ, ਸ਼੍ਰੇਣੀ ਤੇ ਜਾਤ ਨਾਲ ਸਬੰਧਿਤ ਸਰਟੀਫਿਕੇਟ ਵੀ ਜਾਰੀ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਲੋਕ ਘਰ ਬੈਠੇ 1076 ਉੱਪਰ ਕਾਲ ਕਰਕੇ 43 ਤਰ੍ਹਾਂ ਦੀਆਂ ਸੇਵਾਵਾਂ ਲੈ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਿੰਡਾਂ ਅੰਦਰ ਲਾਏ ਜਾ ਰਹੇ ਕੈਂਪਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ।
ਕੈਂਪ ਦੌਰਾਨ ਲੋਕਾਂ ਵਲੋਂ ਮਾਲ ਵਿਭਾਗ, ਪਾਵਰਕੌਮ, ਸਮਾਜਿਕ ਨਿਆਂ, ਖੇਤੀਬਾੜੀ, ਸਹਿਕਾਰਤਾ, ਸਿਹਤ ਵਿਭਾਗ, ਤਹਿਸੀਲ ਨਾਲ ਸਬੰਧਿਤ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ ।
ਕੈਪਸ਼ਨ- ਗੁਰਾਇਆ ਵਿਖੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਕੈਂਪ ਦੌਰਾਨ ਲੋਕ ਸਮੱਸਿਆਵਾਂ ਸੁਣਦੇ ਹੋਏ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ।