ਜਲੰਧਰ (ਸੁਲਿੰਦਰ ਕੰਢੀ) – SI ਸ਼ਹੀਦ ਜੋਗਿੰਦਰ ਸਿੰਘ ਦਾ ਜਨਮ 08/11/1944 ਨੂੰ ਪਿੰਡ ਕੁਤਬਪੁਰ ਨਵੀਂ ਆਬਾਦੀ ਜਿਲ੍ਹਾ ਹੁਸ਼ਿਆਰਪੁਰ ਵਿੱਚ ਪਿਤਾ ਪੂਰਨ ਚੰਦ ਦੇ ਘਰ ਹੋਇਆ। ਜੋਗਿੰਦਰ ਸਿੰਘ ਦੇ ਜਨਮ ਤੇ ਉਨ੍ਹਾਂ ਦੇ ਪਿਤਾ ਨੇ ਸਭ ਤੋਂ ਪਹਿਲਾਂ ਕੁਦਰਤ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਭਾਈਚਾਰੇ ਵਿੱਚ ਲੱਡੂ ਵੰਡ ਕੇ ਖੁਸ਼ੀ ਸਾਂਝੀ ਵੀ ਕੀਤੀ। ਜੋਗਿੰਦਰ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਵਿੱਚ ਹੀ ਕੀਤੀ। ਜੋਗਿੰਦਰ ਸਿੰਘ ਤਿੰਨ ਭੈਣ ਭਰਾ ਸਨ। ਰੇਡੀਓ ਤੋਂ ਸੀ.ਆਰ.ਪੀ.ਐਫ. ਦੀ ਭਰਤੀ ਦੀ ਖਬਰ ਸੁਣਕੇ ਜੋਗਿੰਦਰ ਸਿੰਘ ਆਪਣੇ ਮਾਤਾ ਪਿਤਾ ਦੀ ਆਗਿਆ ਲੈਕੇ ਹੁਸ਼ਿਆਰਪੁਰ ਭਰਤੀ ਦੇਖਣ ਚੱਲੇ ਗਏ।
ਜੋਗਿੰਦਰ ਸਿੰਘ ਸਰੀਰਕ ਪੱਖੋਂ ਬਹੁਤ ਹੀ ਫੁਰਤੀਲਾ ਮੰਨਿਆ ਜਾਂਦਾ ਸੀ। ਸ਼ੁਰੂ ਤੋਂ ਹੀ ਜੋਗਿੰਦਰ ਸਿੰਘ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿੰਦੇ ਸਨ। ਜੋਗਿੰਦਰ ਸਿੰਘ ਨੂੰ ਫਿਜੀਕਲ ਫਿਟ ਦੇਖ ਕੇ ਸੀ.ਆਰ.ਪੀ.ਐਫ. ਵਿੱਚ ਭਰਤੀ ਕਰ ਲਿਆ ਗਿਆ। ਕੁਝ ਹੀ ਦਿਨਾਂ ਬਾਅਦ ਜੋਗਿੰਦਰ ਸਿੰਘ ਟ੍ਰੇਨਿੰਗ ਲਈ ਨਿਮਚ ਵਿੱਚ ਪਹੁੰਚ ਗਏ। ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਨੇ ਦੂਸਰੇ ਦਿਨ ਹੀ ਇਹਨਾਂ ਨੂੰ ਫੋਰਸ ਨੰਬਰ ਅਤੇ ਹੋਰ ਸੀ. ਆਰ.ਪੀ. ਐਫ. ਦਾ ਜਰੂਰੀ ਸਮਾਨ ਦੇ ਦਿੱਤਾ।
ਕੁਝ ਹੀ ਦਿਨਾਂ ਵਿੱਚ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਜੋਗਿੰਦਰ ਸਿੰਘ ਬਹੁਤ ਹੀ ਚੁਸਤੀ ਅਤੇ ਫੁਰਤੀ ਨਾਲ ਟ੍ਰੇਨਿੰਗ ਕਰਦੇ ਸਨ। ਪਰੇਡ ਸਮੇਂ ਜੋਗਿੰਦਰ ਸਿੰਘ ਨੂੰ ਸੀ.ਆਰ.ਪੀ.ਐਫ. ਦੇ ਉਸਤਾਦ ਪਹਿਲੇ ਨੰਬਰ ਦਾ ਗਾਈਡ ਹੀ ਲਗਾਉਂਦੇ ਸਨ। ਜੋਗਿੰਦਰ ਸਿੰਘ ਜਦੋਂ ਪਰੇਡ ਕਰਦਾ ਤਾਂ ਸੀਨੀਅਰ ਅਧਿਕਾਰੀ ਇਹਨਾਂ ਜਵਾਨਾਂ ਤੇ ਮਾਣ ਮਹਿਸੂਸ ਕਰਦੇ ਸਨ। ਜੋਗਿੰਦਰ ਸਿੰਘ ਨੇ ਪਰੇਡ ਵਿੱਚ ਆਪਣੇ ਪਿੰਡ ਦਾ ਨਾਮ ਤਾਂ ਰੋਸ਼ਨ ਕੀਤਾ ਹੀ ਸੀ ਤੇ ਉਸਦੇ ਨਾਲ ਨਾਲ ਜਿਲ੍ਹੇ ਅਤੇ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ।
ਟਰੇਨਿੰਗ ਪੂਰੀ ਹੋਣ ਤੇ ਇਹਨਾਂ ਦੀ ਯੂਨਿਟ ਜੰਗਲ ਕੈਂਪ ਲਈ ਚਲੀ ਗਈ। ਜੰਗਲ ਕੈਂਪ ਵਿੱਚ ਪਹੁੰਚਦਿਆਂ ਹੀ ਉਸਤਾਦਾਂ ਨੇ ਜਵਾਨਾਂ ਨੂੰ ਜੰਗਲੀ ਜੜੀਆਂ ਬੂਟੀਆਂ ਖਾਣ ਤੋਂ ਮਨਾ ਕਰ ਦਿੱਤਾ। ਜੰਗਲ ਦੀ ਹੋਰ ਹਦਾਇਤਾਂ ਬਾਰੇ ਵੀ ਦੱਸਿਆ ਗਿਆ। ਗਰਮੀ ਦਾ ਬਹੁਤ ਜ਼ੋਰ ਸੀ ਅਤੇ ਜਿਆਦਾ ਗਰਮੀ ਹੋਣ ਕਰਕੇ ਪਾਣੀ ਦੀ ਘਾਟ ਵੀ ਮਹਿਸੂਸ ਹੋ ਰਹੀ ਸੀ। ਸੀਨੀਅਰ ਅਧਿਕਾਰੀਆਂ ਨੇ ਪਾਣੀ ਦੇ ਵਾਟਰ ਟੈਂਕਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀ ਇਹਨਾਂ ਜਵਾਨਾਂ ਨੂੰ ਸਵੇਰ ਦੇ ਸਮੇਂ ਤੋਂ ਹੀ ਜੰਗਲ ਵਿੱਚ ਲੈ ਜਾਂਦੇ ਅਤੇ ਪੂਰਾ ਦਿਨ ਜੰਗਲ ਵਿੱਚ ਹੀ ਬਤੀਤ ਕਰਦੇ। ਜੰਗਲ ਵਿੱਚ ਪਾਣੀ ਦੀ ਘਾਟ ਹੋਣ ਕਰਕੇ ਜੋਗਿੰਦਰ ਸਿੰਘ ਬਾਕੀ ਜਵਾਨਾਂ ਨੂੰ ਪਾਣੀ ਦੀ ਸੇਵਾ ਵੀ ਕਰਦੇ ਸਨ। ਸੀ. ਆਰ. ਪੀ. ਐਫ. ਦੇ ਸੀਨੀਅਰ ਅਧਿਕਾਰੀ ਜੋਗਿੰਦਰ ਸਿੰਘ ਦੀਆਂ ਚੰਗੀਆਂ ਸੇਵਾਵਾਂ ਦੇਖ ਕੇ ਇਸ ਦਾ ਮਾਨ ਸਨਮਾਨ ਕਰਦੇ ਹੀ ਰਹਿੰਦੇ।
ਜੰਗਲ ਕੈਂਪ ਦੀ ਟ੍ਰੇਨਿੰਗ ਪੂਰੀ ਹੋਣ ਤੇ ਅਖੀਰ ਦਿਨ ਸੀ.ਆਰ.ਪੀ.ਐਫ. ਦੇ ਅਧਿਕਾਰੀਆਂ ਨੇ ਇੱਕ ਰਾਤ ਸੱਭਿਆਚਾਰਕ ਪ੍ਰੋਗਰਾਮ ਵੀ ਰੱਖਿਆ। ਜਿਸ ਵਿੱਚ ਜੋਗਿੰਦਰ ਸਿੰਘ ਨੇ ਬਹੁਤ ਵਧੀਆ ਰੋਲ ਅਦਾ ਕੀਤਾ। ਜੰਗਲ ਟ੍ਰੇਨਿੰਗ ਪੂਰੀ ਹੋਣ ਤੇ ਸਾਰੇ ਜਵਾਨ ਬਟਾਲੀਅਨ ਹੈਡ ਕੁਆਰਟਰ ਵਾਪਸ ਆ ਗਏ। ਇਹਨਾਂ ਜਵਾਨਾਂ ਨੂੰ ਕੁਝ ਦਿਨਾਂ ਬਾਅਦ ਡਿਊਟੀ ਵਾਸਤੇ ਅਸਾਮ ਭੇਜ ਦਿੱਤਾ ਗਿਆ ਅਤੇ ਕੁਝ ਦਿਨ ਡਿਊਟੀ ਕਰਨ ਤੋਂ ਬਾਅਦ ਜੋਗਿੰਦਰ ਸਿੰਘ 15 ਦਿਨ ਦੀ ਛੁੱਟੀ ਲੈ ਕੇ ਆਪਣੇ ਪਿੰਡ ਆ ਗਏ।
ਪਿੰਡ ਪਹੁੰਚਣ ਤੇ ਸਾਰਾ ਪਿੰਡ ਇਹਨਾਂ ਨੂੰ ਦੇਖਣ ਲਈ ਇਕੱਤਰ ਹੋ ਗਿਆ। ਇਹਨਾਂ ਦੇ ਪਿਤਾ ਪੂਰਨ ਚੰਦ ਅਤੇ ਮਾਤਾ ਖੁਸ਼ੀ ਨਾਲ ਸਮਾਏ ਨਹੀਂ ਜਾ ਰਹੇ ਸਨ। ਪਿੰਡ ਵਾਲੇ ਲੋਕ ਇਹਨਾਂ ਨਾਲ ਸੀ.ਆਰ.ਪੀ.ਐਫ. ਦੀ ਚਰਚਾ ਕਰਦੇ ਸਨ ਕਿਉਂਕਿ ਉਸ ਸਮੇਂ ਸੀ. ਆਰ. ਪੀ. ਐਫ. ਦੇ ਬਾਰੇ ਲੋਕ ਬਹੁਤ ਘੱਟ ਜਾਣੂ ਸਨ। ਜੋਗਿੰਦਰ ਸਿੰਘ ਨੇ ਜਦੋਂ ਟ੍ਰੇਨਿੰਗ ਦੀ ਸਾਰੀ ਚਰਚਾ ਪਰਿਵਾਰ ਦੇ ਲੋਕਾਂ ਨਾਲ ਕੀਤੀ ਤਾਂ ਸਾਰੇ ਹੈਰਾਨ ਰਹਿ ਜਾਂਦੇ ਅਤੇ ਨਾਲ ਹੀ ਨਾਲ ਘਰਦਿਆਂ ਨੇ ਜੋਗਿੰਦਰ ਸਿੰਘ ਨਾਲ ਉਹਨਾਂ ਦੇ ਵਿਆਹ ਦੀ ਚਰਚਾ ਵੀ ਕੀਤੀ। ਪਰ ਜੋਗਿੰਦਰ ਸਿੰਘ ਨੇ ਆਪਣੇ ਪਿਤਾ ਜੀ ਤੋਂ ਵਿਆਹ ਲਈ ਥੋੜਾ ਟਾਈਮ ਮੰਗਿਆ ਅਤੇ ਵਾਪਸ ਆਪਣੀ ਯੂਨਿਟ ਵਿੱਚ ਛੁੱਟੀ ਕੱਟ ਕੇ ਚਲੇ ਗਏ। ਵਾਪਸ ਆ ਕੇ ਰੁਟੀਨ ਦੀ ਤਰ੍ਹਾਂ ਜੋਗਿੰਦਰ ਸਿੰਘ ਨੇ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ।
ਪਿਤਾ ਪੂਰਨ ਚੰਦ ਅਤੇ ਪਰਿਵਾਰ ਦੇ ਵਾਰ ਵਾਰ ਕਹਿਣ ਤੇ ਜੋਗਿੰਦਰ ਸਿੰਘ ਦੀ ਮੰਗਣੀ ਸ੍ਰੀਮਤੀ ਸੱਤਿਆ ਕੌਰ ਨਾਲ ਤੈਅ ਕਰ ਦਿੱਤੀ ਅਤੇ ਘਰਦਿਆਂ ਨੇ ਜੋਗਿੰਦਰ ਸਿੰਘ ਨੂੰ ਵਿਆਹ ਲਈ ਰਾਜ਼ੀ ਕਰ ਲਿਆ। ਜੋਗਿੰਦਰ ਸਿੰਘ ਛੁੱਟੀ ਲੈ ਕੇ ਘਰ ਆ ਗਿਆ ਅਤੇ ਇਹਨਾਂ ਦਾ ਵਿਆਹ ਸ਼੍ਰੀਮਤੀ ਸੱਤਿਆ ਕੌਰ ਨਾਲ ਕਰ ਦਿੱਤਾ ਗਿਆ। ਜੋਗਿੰਦਰ ਸਿੰਘ ਦੀ ਪਤਨੀ ਬਹੁਤ ਹੀ ਖੁਸ਼ ਸੀ ਕਿ ਉਹਨਾਂ ਨੂੰ ਇੱਕ ਚੰਗਾ ਜੀਵਨ ਸਾਥੀ ਮਿਲਿਆ। ਕੁਝ ਦਿਨ ਵਿਆਹ ਕਰਵਾ ਕੇ ਜੋਗਿੰਦਰ ਸਿੰਘ ਦੋ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਅਸਾਮ ਆਪਣੀ ਯੂਨਿਟ ਵਿੱਚ ਚਲੇ ਗਏ।
ਉੱਥੇ ਪਹੁੰਚਦਿਆਂ ਹੀ ਜੋਗਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਖੁਸ਼ੀ ਸਾਂਝੀ ਕੀਤੀ। ਅਸਾਮ ਦੇ ਜੰਗਲਾਂ ਵਿੱਚ ਢੋਲ ਵਜਾ ਕੇ ਆਪਣੇ ਦੋਸਤਾਂ ਨਾਲ ਖੁਸ਼ੀ ਸਾਂਝੀ ਕੀਤੀ। ਜੋਗਿੰਦਰ ਸਿੰਘ ਦੇ ਕਈ ਪੰਜਾਬੀ ਦੋਸਤ ਬੋਲੀਆਂ ਵੀ ਪਾ ਲੈਂਦੇ ਸੀ, ਜਿਨ੍ਹਾਂ ਨੇ ਜੋਗਿੰਦਰ ਸਿੰਘ ਨਾਲ ਪੂਰੀ ਖੁਸ਼ੀ ਮਨਾਈ। ਇਸੇ ਤਰ੍ਹਾਂ ਜੋਗਿੰਦਰ ਸਿੰਘ ਨੇ ਰੁਟੀਨ ਵਿੱਚ ਡਿਊਟੀ ਸ਼ੁਰੂ ਕਰ ਦਿੱਤੀ। ਪਿੰਡ ਆਉਂਦੇ ਤੇ ਚਲੇ ਜਾਂਦੇ। ਜੋਗਿੰਦਰ ਸਿੰਘ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਜਦੋਂ ਵੀ ਜੋਗਿੰਦਰ ਸਿੰਘ ਛੁੱਟੀ ਆਉਂਦੇ ਤਾਂ ਹਰ ਵਾਰੀ ਬੱਚਿਆਂ ਅਤੇ ਪਰਿਵਾਰ ਲਈ ਕੁਝ ਨਾ ਕੁਝ ਗਿਫਟ ਲੈ ਕੇ ਜਰੂਰ ਆਉਂਦੇ। ਜੋਗਿੰਦਰ ਸਿੰਘ ਡਿਊਟੀ ਦੇ ਨਾਲ ਨਾਲ ਆਪਣੇ ਬੱਚਿਆਂ ਦੀ ਵੀ ਪਰਵਰਿਸ਼ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਸਨ।
ਡਿਊਟੀ ਤੇ ਵੀ ਜੋਗਿੰਦਰ ਸਿੰਘ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੇ ਫਰਜ ਨਿਭਾਉਂਦੇ ਸਨ। ਸੀਨੀਅਰ ਅਧਿਕਾਰੀ ਜੋਗਿੰਦਰ ਸਿੰਘ ਦੇ ਕੰਮ ਤੋਂ ਖੁਸ਼ ਹੋ ਕੇ ਕੋਈ ਨਾ ਕੋਈ ਇਨਾਮ ਦਿੰਦੇ ਹੀ ਰਹਿੰਦੇ ਅਤੇ ਇਹਨਾਂ ਦੀ ਯੂਨਿਟ ਮਨੀਪੁਰ ਦੇ ਜੰਗਲਾਂ ਵਿੱਚ ਮੂਵ ਹੋ ਗਈ। 98 ਬਟਾਲੀਅਨ ਵਿੱਚ ਜੋਗਿੰਦਰ ਸਿੰਘ ਨੂੰ ਕਮਾਂਡੋ ਕਹਿ ਕੇ ਵੀ ਪੁਕਾਰਿਆ ਜਾਂਦਾ ਸੀ। ਇਸੇ ਤਰ੍ਹਾਂ ਸੀ.ਆਰ.ਪੀ.ਐਫ. ਵਿੱਚ ਜੋਗਿੰਦਰ ਸਿੰਘ ਆਪਣੀ ਡਿਊਟੀ ਦਾ ਫਰਜ ਨਿਭਾਉਂਦੇ ਰਹੇ ਅਤੇ ਜਵਾਨਾਂ ਦੇ ਨਾਲ ਹਮੇਸ਼ਾ ਜੰਗਲਾਂ ਦੀ ਛਾਣਬੀਣ ਕਰਨ ਵਿੱਚ ਜੋਗਿੰਦਰ ਸਿੰਘ ਦੀ ਅਹਿਮ ਭੂਮਿਕਾ ਹੁੰਦੀ ਸੀ।
98 ਬਟਾਲੀਅਨ ਦੇ ਜਵਾਨ ਇੱਕ ਦਿਨ ਜੰਗਲ ਵਿੱਚ ਛਾਣਬੀਣ ਕਰ ਰਹੇ ਸਨ। ਅਚਾਨਕ ਇਹਨਾਂ ਨੂੰ ਬਹੁਤ ਵੱਡੀ ਮਾਤਰਾ ਵਿੱਚ ਗੋਲਾ ਬਰੂਦ ਮਿਲਿਆ। ਜੋਗਿੰਦਰ ਸਿੰਘ ਦੇ ਕੰਮ ਦੇਖ ਸੀਨੀਅਰ ਅਧਿਕਾਰੀਆਂ ਨੇ ਇਹਨਾਂ ਦੀ ਪ੍ਰਮੋਸ਼ਨ ਅਤੇ ਮੈਡਲ ਲਈ ਵੀ ਰੈਕਮੈਟ ਕੀਤਾ ਹੋਇਆ ਸੀ। ਭਾਰੀ ਅਸਲਾ ਬਰੂਦ ਪਕੜਨ ਨਾਲ ਅੱਤਵਾਦੀਆਂ ਦਾ ਗਰੁੱਪ ਜੋਗਿੰਦਰ ਸਿੰਘ ਤੇ ਨਿਗਾਹ ਰੱਖ ਰਿਹਾ ਸੀ। ਅੱਤਵਾਦੀਆਂ ਦੇ ਗਰੁੱਪ ਨੇ ਜੋਗਿੰਦਰ ਸਿੰਘ ਅਤੇ ਨਾਲ ਦੇ ਜਵਾਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਧਰੋਂ ਮਨੀਪੁਰ ਦੀਆਂ ਲੋਕ ਸਭਾ ਦੀਆਂ ਚੋਣਾਂ ਵੀ ਚੱਲ ਰਹੀਆਂ ਸਨ।
ਸਬ ਇੰਨਸਪੈਕਟਰ ਜੋਗਿੰਦਰ ਸਿੰਘ 98 ਬਟਾਲੀਅਨ ਦੇ ਜਵਾਨਾਂ ਦੇ ਇੱਕ ਦਲ ਨਾਲ ਕਮਾਂਡ ਕਰ ਰਹੇ ਸੀ। ਮਨੀਪੁਰ ਦੇ ਅਚਾਨਕ ਪੀ ਐਲ ਏ ਅੱਤਵਾਦੀ ਸੰਗਠਨ ਦੇ ਲਗਭਗ 30 ਅੱਤਵਾਦੀਆਂ ਦੁਆਰਾ ਇਹਨਾਂ ਉੱਤੇ ਹਮਲਾ ਕਰ ਦਿੱਤਾ। ਜਿਸ ਵਿੱਚ ਸਬ ਇੰਸਪੈਕਟਰ ਜੋਗਿੰਦਰ ਸਿੰਘ ਦੁਆਰਾ ਆਪਣੇ ਸਾਥੀਆਂ ਨਾਲ ਪੁਜੀਸ਼ਨ ਲੈ ਕੇ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ। ਗੋਲਾਬਾਰੀ ਦੌਰਾਨ ਇਕ ਜਵਾਨ ਜਿਆਦਾ ਜ਼ਖਮੀ ਹੋ ਗਿਆ ਅਤੇ ਜੋਗਿੰਦਰ ਸਿੰਘ ਉਹਨਾਂ ਕੋਲ ਰੇਂਗਦੇ ਹੋਏ ਜਵਾਨ ਦੇ ਕੋਲ ਪਹੁੰਚ ਗਏ ਅਤੇ ਹਥਿਆਰਾਂ ਨਾਲ ਫਾਇਰ ਦਾ ਜਵਾਬ ਦਿੱਤਾ। ਇਸ ਹਮਲੇ ਵਿੱਚ ਸਬ ਇੰਸਪੈਕਟਰ ਜੋਗਿੰਦਰ ਸਿੰਘ ਜਿਆਦਾ ਜਖਮੀ ਹੋਣ ਦੇ ਬਾਵਜੂਦ ਵੀ ਆਪਣੇ ਸਾਥੀਆਂ ਦਾ ਹੌਸਲਾ ਵਧਾਉਂਦੇ ਹੋਏ ਜਵਾਬੀ ਕਾਰਵਾਈ ਵਿੱਚ ਫਾਇਰ ਕਰਕੇ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਕਈਆਂ ਨੂੰ ਜਖਮੀ ਕਰ ਦਿੱਤਾ। ਇਸ ਆਪਰੇਸ਼ਨ ਵਿੱਚ ਜੋਗਿੰਦਰ ਸਿੰਘ ਨੇ ਪੀਐਲਏ ਸੰਗਠਨ ਦੇ ਅੱਤਵਾਦੀਆਂ ਦੇ ਛੱਕੇ ਛੁਡਾ ਦਿੱਤੇ।
ਅਖੀਰ ਵਿੱਚ ਬਚੇ ਹੋਏ ਅੱਤਵਾਦੀਆਂ ਛੁਪ ਦੇ ਹੋਏ ਜੰਗਲਾਂ ਵਿੱਚ ਭੱਜ ਗਏ ਪਰ ਇਸ ਵਿੱਚ ਸੀ.ਆਰ.ਪੀ.ਐਫ. ਦੇ 8 ਜਵਾਨ ਵੀ ਸ਼ਹੀਦ ਹੋ ਗਏ। ਜਿਸ ਵਿੱਚ ਸਬ ਇੰਸਪੈਕਟਰ ਜੋਗਿੰਦਰ ਸਿੰਘ ਵੀ ਸਨ ਅਤੇ 15/02/1998 ਨੂੰ ਦੇਸ਼ ਨੂੰ ਅਲਵਿਦਾ ਕਹਿ ਗਏ। ਇਸ ਆਪਰੇਸ਼ਨ ਦੀ ਪੂਰੀ ਕਾਰਵਾਈ ਨੂੰ ਧਿਆਨ ਵਿੱਚ ਰੱਖ ਕੇ ਸਬ ਇੰਸਪੈਕਟਰ ਜੋਗਿੰਦਰ ਸਿੰਘ ਦੀ ਬਹਾਦਰੀ ਅਤੇ ਹੌਸਲਾ ਦੇਸ਼ ਲਈ ਕਰਤੱਵ ਨਿਸ਼ਟਾ ਨੂੰ ਦੇਖਦੇ ਹੋਏ ਇਹਨਾਂ ਨੂੰ ਰਾਸ਼ਟਰੀ ਵੀਰਤਾ ਦੇ ਪੁਲਿਸ ਪਦਮ ਨਾਲ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ।
ਸ਼ਹੀਦ ਜੋਗਿੰਦਰ ਸਿੰਘ ਦੀ ਸ਼ਹੀਦੀ ਦੀ ਖਬਰ ਗਰੁੱਪ ਸੈਂਟਰ ਜਲੰਧਰ ਅਤੇ ਉਹਨਾਂ ਦੇ ਘਰ ਵੀ ਦਿੱਤੀ ਗਈ। ਠੀਕ ਤਿੰਨ ਚਾਰ ਦਿਨਾਂ ਬਾਅਦ ਸ਼ਹੀਦ ਜੋਗਿੰਦਰ ਸਿੰਘ ਦਾ ਤਿਰੰਗੇ ਵਿੱਚ ਲਪੇਟਿਆ ਹੋਇਆ ਮ੍ਰਿਤਕ ਸਰੀਰ ਉਹਨਾਂ ਦੇ ਪਿੰਡ ਕੁਤਬਪੁਰ ਬਲਾਕ ਭੂੰਗਾ ਜ਼ਿਲਾ ਹੁਸ਼ਿਆਰਪੁਰ ਪਹੁੰਚਿਆ। ਪਿੰਡ ਪਹੁੰਚਣ ਤੇ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਉਹਨਾਂ ਦੀ ਗੱਡੀ ਦੇਖ ਕੇ ਸ਼ਹੀਦ ਜੋਗਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਇਹ ਗੱਡੀ ਪਿੰਡ ਵੱਲ ਚਲਦੀ ਗਈ। ਇਸ ਗੱਡੀ ਵਿੱਚ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਤਿਰੰਗੇ ਝੰਡੇ ਵੀ ਫੜੇ ਹੋਏ ਸਨ। ਸ਼ਹੀਦ ਜੋਗਿੰਦਰ ਸਿੰਘ ਜਿੰਦਾਬਾਦ, ਸੀ.ਆਰ.ਪੀ.ਐਫ. ਜਿੰਦਾਬਾਦ, ਸ਼ਹੀਦ ਜੋਗਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਵੀ ਲੱਗਦੇ ਗਏ।
ਇਹ ਗੱਡੀ ਘਰ ਪਹੁੰਚਣ ਤੇ ਪਰਿਵਾਰ ਵਾਲੇ ਸ਼ਹੀਦ ਜੋਗਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੇਖ ਕੇ ਢਾਹੀ ਢਾਹੀ ਰੋਣ ਲੱਗੇ। ਇਹਨਾਂ ਦੇ ਪਿਤਾ ਪੂਰਨ ਚੰਦ ਅਤੇ ਪਤਨੀ ਸੱਤਿਆ ਕੌਰ ਨੇ ਆਪਣੇ ਬੱਚਿਆਂ ਸਮੇਤ ਸ਼ਹੀਦ ਜੋਗਿੰਦਰ ਸਿੰਘ ਦੇ ਦਰਸ਼ਨ ਕੀਤੇ। ਬੱਚੇ ਆਪਣੇ ਪਿਤਾ ਨੂੰ ਦੇਖ ਕੇ ਬਹੁਤ ਹੀ ਰੋ ਕੁਰਲਾ ਰਹੇ ਸਨ। ਜਿੱਥੇ ਉਹਨਾਂ ਦਾ ਪਿਤਾ ਬੱਚਿਆਂ ਲਈ ਕੁਝ ਨਾ ਕੁਝ ਗਿਫਟ ਲੈ ਕੇ ਆਉਂਦਾ ਸੀ ਪਰ ਅੱਜ ਬੱਚੇ ਦੇਖ ਰਹੇ ਸਨ ਕਿ ਸਾਡਾ ਪਿਤਾ ਕਿਉਂ ਨਹੀਂ ਉੱਠ ਰਿਹਾ। ਸੀ.ਆਰ.ਪੀ.ਐਫ. ਦੇ ਜਵਾਨ ਅਤੇ ਪਿੰਡ ਵਾਸੀਆਂ ਨੇ ਇਹਨਾਂ ਦੇ ਪਰਿਵਾਰ ਨੂੰ ਦਿਲਾਸਾ ਦਿੱਤਾ।
ਗੱਡੀਆਂ ਨੂੰ ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀ ਸਿਵਿਆਂ ਨੂੰ ਲੈ ਕੇ ਚੱਲ ਪਏ। ਜਿਸ ਵਿੱਚ ਮੌਕੇ ਦੇ ਜਲੰਧਰ ਗਰੁੱਪ ਸੈਂਟਰ ਦੇ ਡੀਆਈਜੀ ਵੀ ਮੌਜੂਦ ਸਨ। ਹੁਸ਼ਿਆਰਪੁਰ ਜਿਲ੍ਹੇ ਦੇ ਡੀਸੀ, ਐਸਐਸਪੀ ਅਤੇ ਇਲਾਕੇ ਦੇ ਹੋਰ ਨੇਤਾ ਵੀ ਮੌਜੂਦ ਸਨ। ਸਿਵਿਆਂ ਤੇ ਪਹੁੰਚਣ ਤੇ ਇਹਨਾਂ ਦੇ ਪਿਤਾ ਨੇ ਸ਼ਹੀਦ ਜੋਗਿੰਦਰ ਸਿੰਘ ਦਾ ਸੰਸਕਾਰ ਕਰਨ ਦੀ ਤਿਆਰੀ ਕਰ ਲਈ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਫਾਇਰ ਕਰਕੇ ਸਲਾਮੀ ਭੇਟ ਕੀਤੀ ਅਤੇ ਸੀਨੀਅਰ ਅਧਿਕਾਰੀਆਂ ਨੇ ਫੁੱਲਾਂ ਦੀਆਂ ਮਾਲਾਵਾਂ ਨਾਲ ਸ਼ਰਧਾ ਦੇ ਫੁੱਲ ਭੇਟ ਵੀ ਕੀਤੇ। ਹੁਸ਼ਿਆਰਪੁਰ ਜਿਲ੍ਹੇ ਦੇ ਆਏ ਹੋਏ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਜੋਗਿੰਦਰ ਸਿੰਘ ਨੂੰ ਸਲੂਟ ਦੇ ਕੇ ਸਨਮਾਨ ਦਿੱਤਾ।
ਇਹਨਾਂ ਦੇ ਧਰਮ ਪਤਨੀ ਸੱਤਿਆ ਕੌਰ ਨੇ ਵੀ ਆਖਰੀ ਵਾਰ ਆਪਣੇ ਬੱਚਿਆਂ ਨੂੰ ਪਿਤਾ ਦੇ ਦਰਸ਼ਨ ਕਰਵਾਏ। ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਨੇ ਸਾਰੇ ਪਰਿਵਾਰ ਨੂੰ ਸੰਭਾਲ ਲਿਆ ਅਤੇ ਪਿਤਾ ਨੇ ਆਪਣੇ ਬੇਟੇ ਨੂੰ ਅਗਨੀ ਭੇਟ ਕਰ ਦਿੱਤਾ। ਕੁਝ ਹੀ ਦੇਰ ਬਾਅਦ ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਨੇ ਸਬ ਇੰਸਪੈਕਟਰ ਸ਼ਹੀਦ ਜੋਗਿੰਦਰ ਸਿੰਘ ਦੇ ਪਿਤਾ ਅਤੇ ਪਤਨੀ ਸੱਤਿਆ ਕੌਰ ਨਾਲ ਗੱਲਬਾਤ ਕੀਤੀ ਅਤੇ ਗਰੁੱਪ ਸੈਂਟਰ ਜਲੰਧਰ ਬੁਲਾਇਆ। ਕੁਝ ਦਿਨਾਂ ਬਾਅਦ ਪਰਿਵਾਰ ਗਰੁੱਪ ਸੈਂਟਰ ਜਲੰਧਰ ਪਹੁੰਚ ਗਿਆ ਅਤੇ ਡੀਆਈਜੀ ਸਰ ਨੇ ਇਹਨਾਂ ਦਾ ਮਾਨ ਸਨਮਾਨ ਕੀਤਾ।
2014 ਵਿੱਚ ਗਰੁੱਪ ਸੈਂਟਰ ਦੇ ਡੀਆਈਜੀ ਸੁਨੀਲ ਥੋਰਪੇ ਨੇ ਸ਼ਹੀਦ ਜੋਗਿੰਦਰ ਸਿੰਘ ਦੀ ਧਰਮ ਪਤਨੀ ਸੱਤਿਆ ਕੌਰ ਅਤੇ ਉਹਨਾਂ ਦੇ ਬੱਚਿਆਂ ਨੂੰ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸ਼ੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਅਤੇ ਹੋਰ ਅਹੁਦੇਦਾਰਾਂ ਨਾਲ ਮੁਲਾਕਾਤ ਕਰਵਾਈ। ਐਸੋਸੀਏਸ਼ਨ ਨੇ ਇਹਨਾਂ ਦਾ ਮਾਨ ਸਨਮਾਨ ਕੀਤਾ ਅਤੇ ਭਰੋਸਾ ਵੀ ਦਿੱਤਾ ਕਿ ਹਰ ਸ਼ਹੀਦ ਦੀ ਤਰ੍ਹਾਂ ਤੁਹਾਡੇ ਪਰਿਵਾਰ ਦਾ ਵੀ ਮਾਨ ਸਨਮਾਨ ਹਰ ਸਾਲ ਕੀਤਾ ਜਾਵੇਗਾ।
ਕੁਝ ਦੇਰ ਬਾਅਦ ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਸਰ ਸੁਨੀਲ ਥੋਰਪੇ ਨੇ ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਅਤੇ ਪਰਿਵਾਰ ਦੀ ਮਦਦ ਨਾਲ ਸ਼ਹੀਦ ਜੋਗਿੰਦਰ ਸਿੰਘ ਦੀ ਸ਼ਹੀਦੀ ਨੂੰ ਤਾਜ਼ਾ ਰੱਖਣ ਲਈ ਸਰਕਾਰ ਦੇ ਸਹਿਯੋਗ ਨਾਲ ਉਹਨਾਂ ਦੇ ਪਿੰਡ ਕੁਤਬਪੁਰ ਨਵੀ ਆਬਾਦੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸ਼ਹੀਦ ਜੋਗਿੰਦਰ ਸਿੰਘ ਦੀ ਯਾਦ ਵਿੱਚ ਗੇਟ ਅਤੇ ਸਕੂਲ ਦਾ ਨਾਮ ਸਰਕਾਰ ਨੂੰ ਭੇਜਿਆ। ਸਰਕਾਰ ਨੇ ਜੋਗਿੰਦਰ ਸਿੰਘ ਦੀ ਕੁਰਬਾਨੀ ਨੂੰ ਧਿਆਨ ਵਿੱਚ ਰੱਖ ਕੇ ਪਰਿਵਾਰ ਨੂੰ ਗੇਟ ਬਣਾਉਣ ਦੀ ਇਜਾਜ਼ਤ ਦੇ ਦਿੱਤੀ।
ਮੌਕੇ ਤੇ ਨਾਲ ਹੀ ਸਰਕਾਰ ਨੇ ਸ਼ਹੀਦ ਜੋਗਿੰਦਰ ਸਿੰਘ ਦੇ ਨਾਮ ਤੇ ਉਹਨਾਂ ਦੇ ਪਿੰਡ ਦੇ ਸਕੂਲ ਦਾ ਨਾਮ ਸ. ਐ. ਸਮਾਰਟ ਸਕੂਲ ਕੁਤਬਪੁਰ ਬਲਾਕ ਭੂੰਗਾ-1 ਵੀ ਰੱਖਿਆ ਗਿਆ। ਅੱਜ ਇਲਾਕੇ ਦੇ ਬੱਚੇ ਸਕੂਲ ਆਉਂਦੇ ਅਤੇ ਇਸ ਸ਼ਹੀਦ ਨੂੰ ਸਲਾਮ ਵੀ ਕਰਦੇ ਹਨ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਇਹਨਾਂ ਸ਼ਹੀਦਾਂ ਨੂੰ ਸਦਾ ਸਲਾਮ ਕਰਦੀ ਰਹੇਗੀ।
🇮🇳 उनके हौंसले का मुकाबला ही नहीं है कोई,
जिनकी कुर्बानी का कर्ज हम पर उधार है,
आज हम इसीलिए खुशहाल हैं क्यूंकि,
सीमा पे जवान बलिदान को तैयार है।🇮🇳
ਜੈ ਹਿੰਦ🫡