ਇਨਸਾਨ ਨੂੰ ਕਾਮਯਾਬ ਬਣਾਉਣ ’ਚ ਰਾਹ ਦਸੇਰਾ ਸਾਬਤ ਹੁੰਦੀਆਂ ਨੇ ਵਿੱਦਿਅਕ ਸੰਸਥਾਵਾਂ : ਡਵੀਜ਼ਨਲ ਕਮਿਸ਼ਨਰ

ਜਲੰਧਰ, 27 ਸਤੰਬਰ :- ਡਵੀਜ਼ਨਲ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਅੱਜ ਕਿਹਾ ਕਿ ਇਨਸਾਨ ਨੂੰ ਕਾਮਯਾਬ ਬਣਾਉਣ ਵਿੱਚ ਵਿੱਦਿਅਕ ਸੰਸਥਾਵਾਂ ਰਾਹ ਦਸੇਰਾ ਵਜੋਂ ਯੋਗਦਾਨ ਪਾਉਂਦੀਆਂ ਹਨ।
ਉਹ ਅੱਜ ਇਥੇ ਆਪਣੇ ਬਚਪਨ ਦੇ ਸਕੂਲਾਂ ਸਾਈਂ ਦਾਸ ਐਂਗਲੋ ਸੰਸਕ੍ਰਿਤ ਪ੍ਰਾਇਮਰੀ ਸਕੂਲ ਅਲੀ ਮੁਹੱਲਾ ਅਤੇ ਸਾਈਂ ਦਾਸ ਏ.ਐਸ. ਸੀਨੀਅਰ ਸੈਕੰਡਰੀ ਸਕੂਲ ਪਟੇਲ ਚੌਕ ਵਿਖੇ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਸਕੂਲ ਸਮੇਂ ਬਿਤਾਈਆਂ ਯਾਦਾਂ ਸਾਂਝੀਆਂ ਕੀਤੀਆਂ।


ਪ੍ਰਾਇਮਰੀ ਸਕੂਲ ਵਿਖੇ ਨਤਮਸਤਕ ਹੋਣ ਉਪਰੰਤ ਡਵੀਜ਼ਨਲ ਕਮਿਸ਼ਨਰ ਆਪਣੇ ਪੁਰਾਣੇ ਸਾਥੀਆਂ ਸਮੇਤ ਕਲਾਸਾਂ ਦੇ ਉਨ੍ਹਾਂ ਬੈਂਚਾਂ ’ਤੇ ਵੀ ਬੈਠੇ, ਜਿਥੇ ਉਹ ਸਕੂਲ ਸਮੇਂ ਆਪਣੇ ਉਜਵਲ ਭਵਿੱਖ ਲਈ ਪੜ੍ਹਿਆ ਕਰਦੇ ਸਨ।
ਸ਼੍ਰੀ ਸੱਭਰਵਾਲ ਨੇ ਦੱਸਿਆ ਕਿ ਉਹ ਪ੍ਰਾਇਮਰੀ ਸਕੂਲ ਵਿੱਚ 1970 ਵਿੱਚ ਪਹਿਲੀ ਕਲਾਸ ਵਿੱਚ ਦਾਖ਼ਲ ਹੋਏ ਸਨ। ਇਥੋਂ ਪੰਜਵੀਂ ਪਾਸ ਕਰਕੇ 1976 ਵਿੱਚ ਉਹ 6ਵੀਂ ਕਲਾਸ ਵਿੱਚ ਸਾਈਂ ਦਾਸ ਏ.ਐਸ. ਸੀਨੀਅਰ ਸੈਕੰਡਰੀ ਸਕੂਲ ਪਟੇਲ ਚੌਕ ਵਿਖੇ ਦਾਖ਼ਲ ਹੋਏ ਅਤੇ ਇਸੇ ਸਕੂਲ ਤੋਂ 1980 ਵਿੱਚ ਮੈਟ੍ਰਿਕ ਤੇ 1981 ਵਿੱਚ ਹਾਇਰ ਸੈਕੰਡਰੀ ਪਾਸ ਕੀਤੀ।


ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਦਿਅਕ ਸੰਸਥਾਵਾਂ ਦੀ ਬਦੌਲਤ ਹੀ ਉਹ ਇਹ ਮੁਕਾਮ ਹਾਸਲ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਹਰੇਕ ਸਫ਼ਲ ਵਿਅਕਤੀ ਪਿੱਛੇ ਸਕੂਲੀ ਸਿੱਖਿਆ ਦਾ ਬਹੁਮੱਲਾ ਰੋਲ ਹੁੰਦਾ ਹੈ ਕਿਉਂਕਿ ਠੋਸ ਬੁਨਿਆਦ ਹੀ ਇਨਸਾਨ ਨੂੰ ਬੁਲੰਦੀਆਂ ’ਤੇ ਪਹੁੰਚਾਉਂਦੀ ਹੈ। ਉਨ੍ਹਾਂ ਆਪਣੇ ਉਕਤ ਸਕੂਲਾਂ ਦੀਆਂ ਲੋੜਾਂ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਉਹ ਹਰ ਵੇਲੇ ਸਕੂਲਾਂ ਦੀ ਮਦਦ ਲਈ ਉਪਲਬਧ ਹਨ। ਮੌਜੂਦਾ ਸਮੇਂ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਦੇਖ ਕੇ ਉਨ੍ਹਾਂ ਖੁਸ਼ੀ ਵੀ ਪ੍ਰਗਟ ਕੀਤੀ।


ਸ਼੍ਰੀ ਸੱਭਰਵਾਲ ਨੇ ਸਕੂਲੀ ਬੱਚਿਆਂ ਨਾਲ ਸਮਾਂ ਬਿਤਾਉਂਦਿਆਂ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਸਖ਼ਤ ਮਿਹਨਤ ਦਾ ਲੜ ਫੜਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ। ਮਿਹਨਤੀ ਇਨਸਾਨ ਜ਼ਿੰਦਗੀ ਵਿੱਚ ਹਰ ਮੰਜ਼ਿਲ ਸਰ ਕਰ ਸਕਦਾ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸਾਵਧਾਨੀ ਨਾਲ ਕਰਨ ਲਈ ਵੀ ਕਿਹਾ।


ਸ਼੍ਰੀ ਸੱਭਰਵਾਲ ਨੇ ਵਿਦਿਆਰਥੀਆਂ ਨੂੰ ਆਪਣੇ ਸਕੂਲ ਸਮੇਂ ਦੇ ਉਨ੍ਹਾਂ ਪਹਿਲੂਆਂ ਤੋਂ ਵੀ ਜਾਣੂ ਕਰਵਾਇਆ, ਜੋ ਪਹਿਲੂ ਕਾਮਯਾਬ ਜ਼ਿੰਦਗੀ ਵਿੱਚ ਸਾਰਥਕ ਸਾਬਤ ਹੋਏ।


ਉਨ੍ਹਾਂ ਵਿਦਿਆਰਥੀਆਂ ਨਾਲ ਸਕੂਲ ਦੀ ਇਕ ਯਾਦ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਉਹ 8ਵੀਂ (ਏ) ਕਲਾਸ ਵਿੱਚ ਪੜ੍ਹਾਈ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਵਿਗਿਆਨ ਵਿਸ਼ਾ ਸਾਇੰਸ ਮਾਸਟਰ ਹੀਰਾ ਲਾਲ ਪੜ੍ਹਾਉਂਦੇ ਸਨ, ਜਿਨ੍ਹਾਂ ਦੇ ਛੁੱਟੀ ਜਾਣ ’ਤੇ ਮਾ. ਜਸਵੰਤ ਸਿੰਘ ਦੀ ਉਨ੍ਹਾਂ ਨੂੰ ਪੜ੍ਹਾਉਣ ਦੀ ਡਿਊਟੀ ਲੱਗੀ। ਇਕ ਦਿਨ ਆਮ ਗਿਆਨ ਦੇ ਸਵਾਲ ਪੁੱਛਦਿਆਂ ਮਾ. ਜਸਵੰਤ ਸਿੰਘ ਨੇ ਡਿਪਟੀ ਕਮਿਸ਼ਨਰ ਜਲੰਧਰ ਦਾ ਨਾਮ ਪੁੱਛਿਆ ਤਾਂ ਪੂਰੀ ਕਲਾਸ ਵਿੱਚੋਂ ਸਿਰਫ਼ ਉਨ੍ਹਾਂ ਦਾ ਹੀ ਹੱਥ ਖੜ੍ਹਾ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਸ਼੍ਰੀ ਜਵਾਹਰ ਲਾਲ ਸਰੀਨ ਜਲੰਧਰ ਦੇ ਡਿਪਟੀ ਕਮਿਸ਼ਨਰ ਸਨ। ਉਨ੍ਹਾਂ ਦੱਸਿਆ ਕਿ ਮਾਸਟਰ ਜੀ ਨੇ ਇਸ ਗੱਲ ’ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਕ ਦਿਨ ਉਹ (ਪ੍ਰਦੀਪ ਕੁਮਾਰ ਸੱਭਰਵਾਲ) ਵੀ ਡਿਪਟੀ ਕਮਿਸ਼ਨਰ ਬਣਨਗੇ।


ਉਨ੍ਹਾਂ ਇਸ ਮੌਕੇ ਆਪਣੇ ਪੋਲੀਟੀਕਲ ਸਾਇੰਸ ਦੇ ਅਧਿਆਪਕ ਅਤੇ ਮੈਂਟੋਰ ਕੇ.ਕੇ. ਘਈ ਨੂੰ ਯਾਦ ਕਰਦਿਆਂ ਕਿਹਾ ਕਿ ਮੇਰੇ ਹੁਨਰ ਨੂੰ ਤਰਾਸ਼ਣ ਵਿੱਚ ਉਨ੍ਹਾਂ ਦਾ ਬਹੁਤ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਘਈ ਵੱਲੋਂ ਦਿੱਤੀ ਸੇਧ ਸਦਕਾ ਉਹ ਇਸ ਮੁਕਾਮ ’ਤੇ ਪਹੁੰਚੇ ਹਨ।


ਇਸ ਦੌਰਾਨ ਡਵੀਜ਼ਨਲ ਕਮਿਸ਼ਨਰ ਵੱਲੋਂ ਆਪਣੇ ਮਾਤਾ ਸ਼੍ਰੀਮਤੀ ਰਕਸ਼ਾ ਰਾਣੀ, ਪਿਤਾ ਸ਼੍ਰੀ ਪ੍ਰੇਮ ਪਾਲ ਸੱਭਰਵਾਲ ਅਤੇ ਭਰਾ ਸ਼੍ਰੀ ਸੁਰਿੰਦਰ ਕੁਮਾਰ ਸੱਭਰਵਾਲ ਪੀ.ਸੀ.ਐਸ. ਦੀ ਯਾਦ ਵਿੱਚ ਦੋਵੇਂ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਲਈ ਹਰ ਸਾਲ ਇਕ ਲੱਖ ਰੁਪਏ ਸਕਾਲਰਸ਼ਿਪ ਵਜੋਂ ਦੇਣ ਦਾ ਕੀਤਾ ਐਲਾਨ ਵੀ ਕੀਤਾ ਗਿਆ।


ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਜਿਥੇ ਡਵੀਜ਼ਨਲ ਕਮਿਸ਼ਨਰ ਦਾ ਸਨਮਾਨ ਕੀਤਾ ਗਿਆ ਉਥੇ ਸ਼੍ਰੀ ਸੱਭਰਵਾਲ ਵੱਲੋਂ ਵਿਦਿਆਰਥੀਆਂ ਨੂੰ ਖਾਣ-ਪੀਣ ਦਾ ਸਮਾਨ ਵੀ ਵੰਡਿਆ ਗਿਆ। 


ਇਸ ਮੌਕੇ ਉਨ੍ਹਾਂ ਦੇ ਸਕੂਲ ਦੇ ਪੁਰਾਣੇ ਸਾਥੀ ਵਿਪਨ ਸੱਭਰਵਾਲ, ਅਸ਼ੋਕ ਭੀਲ, ਕੀਮਤੀ ਲਾਲ ਤੋਂ ਇਲਾਵਾ ਸੁਪਰਡੈਂਟ ਅਸ਼ੋਕ ਵਧਾਵਨ, ਇੰਜ. ਸਹਿਦੇਵ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਇੰਚਾਰਜ ਪ੍ਰਾਇਮਰੀ ਸਕੂਲ ਮੀਰਾ ਪੁਰੀ, ਅਧਿਆਪਕ ਸੰਜੀਵ ਸ਼ਰਮਾ, ਨਵਨੀਤ ਸ਼ਾਰਦਾ, ਨੀਰਜਾ ਸ਼ਰਮਾ, ਰਾਜੇਸ਼ ਮਹਿਤਾ, ਸੁਦੀਪ ਜੈਨ ਅਤੇ ਸਮੀਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top