ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਨ ’ਚ ਸਹਾਈ ਸਾਬਤ ਹੋਵੇਗੀ ਕਪੂਰਥਲਾ ਜ਼ਿਲ੍ਹੇ ਦੀ ਯਾਦਗਾਰ ’ਤੇ ਬਣੀ ਇਹ ਫਿਲਮ: ਡਵੀਜ਼ਨਲ ਕਮਿਸ਼ਨਰ

ਜਲੰਧਰ, 27 ਸਤੰਬਰ :- ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਨ ਲਈ ਅੱਜ ਵਿਸ਼ਵ ਸੈਰ ਸਪਾਟਾ ਦਿਵਸ ’ਤੇ ਵਿਸ਼ੇਸ਼ ਪਹਿਲਕਦਮੀ ਕਰਦਿਆਂ ਡਵੀਜ਼ਨਲ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਇਕ ਡਾਕੂਮੈਂਟਰੀ ਫਿਲਮ ‘ਮੌਰਿਸ਼ ਮਸਜਿਦ’ ਰਿਲੀਜ਼ ਕੀਤੀ ਗਈ। ਇਸ ਮੌਕੇ ਇਸ ਦਸਤਾਵੇਜ਼ੀ ਫਿਲਮ ਦੇ ਲੇਖਕ ਅਤੇ ਹੈਰੀਟੇਜ ਪ੍ਰਮੋਟਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੀ ਮੌਜੂਦ ਸਨ।
ਸ਼੍ਰੀ ਸੱਭਰਵਾਲ ਨੇ ਇਸ ਫਿਲਮ ਸਬੰਧੀ ਦੱਸਦਿਆ ਕਿਹਾ ਕਿ ਇਹ ਡਾਕੂਮੈਂਟਰੀ ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਨ ਵਿੱਚ ਸਹਾਈ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਕਪੂਰਥਲਾ ਵਿਖੇ ਮੌਰਿਸ਼ ਮਸਜਿਦ ਜੋ ਪੰਜਾਬ ਦੀ ਅਮੀਰ ਵਿਰਾਸਤ ਹੈ, ਨੂੰ ਇਸ ਦਸਤਾਵੇਜ਼ੀ ਫਿਲਮ ਰਾਹੀਂ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਅਜਿਹੀਆਂ ਇਤਿਹਾਸਕ ਯਾਦਗਾਰਾਂ ਅਤੇ ਸੱਭਿਆਚਾਰ ਦੀ ਸੰਭਾਲ ਲਈ ਅਜਿਹੇ ਉਪਰਾਲਿਆਂ ਦੀ ਲੋੜ ਹੈ।


ਸ਼੍ਰੀ ਸੱਭਰਵਾਲ ਨੇ ਦੱਸਿਆ ਕਿ ਦਸਤਾਵੇਜ਼ੀ ਫ਼ਿਲਮ ਵਿੱਚ ਵਾਸਤੂਕਲਾ ਦੇ ਬਿਹਤਰੀਨ ਕੰਮ ਅਤੇ ਮਹੱਤਵਪੂਰਨ ਵਿਰਾਸਤੀ ਸਥਾਨ ਮੌਰਿਸ਼ ਮਸਜਿਦ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ੀ ਫਿਲਮ ਲੇਖਕ ਅਤੇ ਹੈਰੀਟੇਜ ਪ੍ਰਮੋਟਰ ਹਰਪ੍ਰੀਤ ਸੰਧੂ ਵੱਲੋਂ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤੀ ਖੂਬਸੂਰਤੀ ਨੂੰ ਪ੍ਰਫੱਲਿਤ ਕਰਨ ਲਈ ਤਿਆਰ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦਸਤਾਵੇਜ਼ੀ ਫ਼ਿਲਮ ਦਾ ਮਕਸਦ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਸੱਭਿਆਚਾਰਕ ਸਥਾਨਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਇਹ ਫ਼ਿਲਮ ਵਿਰਾਸਤੀ ਇਮਾਰਤ ਮੌਰਿਸ਼ ਮਸਜਿਦ ਬਾਰੇ ਚਾਨਣਾ ਪਾਉਂਦੀ ਹੈ, ਜੋ ਕਿ ਮਹਾਰਾਜਾ ਜਗਤਜੀਤ ਸਿੰਘ ਵੱਲੋਂ ਬਣਾਈ ਗਈ ਅਤੇ ਗਰੈਂਡ ਮਸਜਿਦ ਮਾਰਾਕੇਸ਼ ਤੋਂ ਪ੍ਰੇਰਿਤ ਹੈ।ਇਹ ਵਿਰਾਸਤੀ ਇਮਾਰਤ ਵਿਸ਼ਵ ਸੱਭਿਆਚਾਰ ਅਤੇ ਵਾਸਤੂਕਲਾ ਦੀ ਬੇਮਿਸਾਲ ਗਵਾਹੀ ਭਰਦਿਆਂ ਇਕ ਸਥਾਈ ਪ੍ਰਮਾਣ ਵਜੋਂ ਖੜ੍ਹੀ ਹੈ।
ਕਮਿਸ਼ਨਰ ਜਲੰਧਰ ਡਵੀਜ਼ਨ ਵੱਲੋਂ ਦਸਤਾਵੇਜ਼ੀ ਫਿਲਮ ਦੇਖਣ ਉਪਰੰਤ ਤਸਵੀਰਾਂ ਰਾਹੀਂ ਇਸ ਵਿਰਾਸਤੀ ਸਥਾਨ ਦੀ ਮਹੱਤਤਾ ਨੂੰ ਦਰਸਾਉਣ ਲਈ ਪੂਰੀ ਲਗਨ ਤੇ ਮਿਹਨਤ ਨਾਲ ਕੀਤੇ ਗਏ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।


ਸ਼੍ਰੀ ਸੱਭਰਵਾਲ ਨੇ ਕਿਹਾ ਕਿ ਦਸਤਾਵੇਜ਼ੀ ਫਿਲਮ ਦੇਖਣ ’ਤੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਪੰਜਾਬ ਵਿੱਚ ਅਣਮੁੱਲੀਆਂ ਯਾਦਗਾਰਾਂ ਦਾ ਖਜ਼ਾਨਾ ਛੁਪਿਆ ਹੋਇਆ ਹੈ, ਜਿਸ ਨੂੰ ਅਜਿਹੇ ਉਪਰਾਲਿਆਂ ਨਾਲ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਵਿਸ਼ਵ ਸੈਰ-ਸਪਾਟਾ ਦਿਵਸ ਨੂੰ ਸਮਰਪਿਤ ਹੈ, ਜੋ ਕਿ ‘ਸੈਰ ਸਪਾਟਾ ਅਤੇ ਸ਼ਾਂਤੀ’ ਦੇ ਵਿਸ਼ੇ ਨੂੰ ਉਜਾਗਰ ਕਰਦੀ ਹੈ ਅਤੇ ਸਮਾਜ, ਸੱਭਿਆਚਾਰ, ਆਰਥਿਕਤਾ ਅਤੇ ਵਾਤਾਵਰਣ ਵਿੱਚ ਸੈਰ-ਸਪਾਟੇ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਫੈਲਾਉਂਦੀ ਹੈ।
ਹਰਪ੍ਰੀਤ ਸੰਧੂ ਨੇ ਦੱਸਿਆ ਕਿ ਵਿਰਾਸਤੀ ਸਥਾਨਾਂ ਦੀ ਫੋਟੋਗ੍ਰਾਫੀ ਦੇ ਜਨੂਨ ਨੇ ਉਸ ਨੂੰ ਮੌਰਿਸ਼ ਮਸਜਿਦ ’ਤੇ ਦਸਤਾਵੇਜ਼ੀ ਫ਼ਿਲਮ ਤਿਆਰ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਪੰਜਾਬ ਦੀਆਂ ਯਾਦਗਾਰਾਂ ਤੇ ਸੱਭਿਆਚਾਰ ਨੂੰ ਸੰਭਾਲਣ ਯਤਨ ਕਰਦੇ ਰਹਿਣਗੇ।
ਇਸ ਮੌਕੇ ਡਵੀਜ਼ਨਲ ਕਮਿਸ਼ਨਰ ਵੱਲੋਂ ਦਸਤਾਵੇਜ਼ੀ ਫਿਲਮ ਤੋਂ ਇਲਾਵਾ ਤਸਵੀਰਾਂ ਸਮੇਤ ਬਰੋਸ਼ਰ ਵੀ ਰਿਲੀਜ਼ ਕੀਤਾ ਗਿਆ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top