ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ  ਨੇ ਆਰ-ਪਰਿਵਾਰ ਨਾਲੋਂ ਵਿਛੜ ਕੇ ਇਸ ਯਾਦਗਾਰ ਛੰਨ ਵਿੱਚ ਗੁਜ਼ਾਰੀ ਰਾਤ

ਰੂਪਨਗਰ – 6 ਪੋਹ 1761 ਬਿਕ੍ਰਮੀ 20 ਦਸੰਬਰ 1704 ਈਸਵੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਕਿਲ੍ਹਾ ਅਨੰਦਪੁਰ (ਆਨੰਦਪੁਰ ਸਾਹਿਬ) ਨੂੰ ਸੱਦਾ ਲਈ ਛੱਡ ਦਿੱਤਾ, ਅੱਗੇ ਸਰਸਾ ਨਦੀ ਤੇ ਆਏ ਹੜ ਕਾਰਨ ਅਤੇ ਬੈਰੀ ਦਲ ਦੇ ਧੋਖੇ ਨਾਲ ਕੀਤੇ ਅਚਨਚੇਤ ਹਮਲੇ ਨੇ ਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਵਾਲੇ ਅਸਥਾਨ ਤੋਂ ਤਿੰਨ ਹਿੱਸਿਆਂ ਵਿੱਚ ਵਿਛੋੜ ਦਿੱਤਾ। ਕਲਗੀਧਰ ਪਾਤਸ਼ਾਹ ਜੀ ਕੁਝ ਸਿੰਘਾਂ ਤੇ ਵੱਡੇ ਦੋਨੋਂ ਸਾਹਿਬਜ਼ਾਦਿਆਂ ਸਮੇਤ 7 ਪੋਹ ਦੀ ਸ਼ਾਮ ਚਮਕੌਰ ਦੀ ਕੱਚੀ ਗੜੀ ਵਿੱਚ ਜਾ ਪਹੁੰਚੇ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਭਾਗੋ ਤੇ ਬੀਬੋ ਸਮੇਤ ਰੋਪੜ ਜਾ ਠਹਿਰੇ। ਆਰ ਪਰਿਵਾਰ ਨਾਲੋਂ ਵਿਛੜ ਕੇ ਦਾਦੀ ਮਾਂ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਔਝੜ ਰਾਹਾਂ ਰਾਹੀਂ ਹੁੰਦੇ ਹੋਏ ਸਰਸਾ ਨਦੀ ਦੇ ਕਿਨਾਰੇ ਕਿਨਾਰੇ ਸਤਲੁਜ ਦਰਿਆ ਦੇ ਪੱਤਣ ਤੇ ਪਹੁੰਚ ਗਏ, ਜਿੱਥੇ ਕਿ ਸਰਸਾ ਨਦੀ ਸਤਲੁਜ ਦਰਿਆ ਵਿੱਚ ਪੈ ਕੇ ਖਤਮ ਹੋ ਜਾਂਦੀ ਹੈ। ਇੱਥੇ ਉਹਨਾਂ ਨੇ ਬੇੜੀ ਦੇ ਗਰੀਬ ਮਲਾਹ ਕੁੰਮੇ ਮਾਸ਼ਕੀ ਕੋਲ ਉਸਦੀ ਝੌਂਪੜੀ ਵਿੱਚ ਆਸਰਾ ਲਿਆ। ਕੁੰਮੇ ਮਾਸ਼ਕੀ ਨੇ ਬਿਰਧ ਦਾਦੀ ਮਾਂ ਤੇ ਉਸਦੇ ਛੋਟੇ ਦੋ ਪੋਤਿਆਂ ਨੂੰ ਆਪਣੀ ਕੱਖਾਂ ਕਾਨਿਆਂ ਦੀ ਬਣੀ ਚੋਪੜੀ ਚ ਅਥਾਹ ਸ਼ਰਧਾ ਨਾਲ ਨਿਵਾਸ ਕਰਵਾਇਆ। ਨੇੜੇ ਕਿਸੇ ਨਗਰ ਵਿੱਚ ਵਸਦੀ ਮਾਈ ਲਕਸ਼ਮੀ ਨਾਂ ਦੀ ਬ੍ਰਾਹਮਣੀ ਨੇ ਰੁਖੇ ਸੁੱਖੇ ਭੋਜਨ ਦਾ ਸ਼ਰਧਾ ਪੂਰਵਕ ਇੰਤਜਾਮ ਕੀਤਾ। ਇਹ ਦਰਦਨਾਕ ਰਾਤ ਆਰ ਪਰਿਵਾਰ ਨਾਲੋਂ ਵਿਛੜ ਕੇ ਦਾਦੀ ਅਤੇ ਪੋਤਿਆਂ ਨੇ ਇਹਨਾਂ ਝੱਲ ਝਾੜੀਆਂ ਵਿੱਚ ਸਰਸਾਂ ਨਦੀ ਤੇ ਸਤਲੁਜ ਦਰਿਆ ਦੇ ਸਾਂਝੇ ਕਿਨਾਰੇ ਤੇ ਕੁੰਮੇ ਮਾਸ਼ਕੀ ਦੀ ਝੋਪੜੀ ਚ ਇਸ ਥਾਂ ਤੇ ਬਤੀਤ ਕੀਤੀ ਸੀ।

ਹਕੀਮ ਹਰਾਮੀ ਗੰਗੂ ਪਾਪੀ ਇਸ ਥਾਂ ਤੇ ਹੀ ਆ ਕੇ ਮਿਲਿਆ ਸੀ ਤੇ ਉਥੋਂ ਕੁੰਮੇ ਮਾਸ਼ਕੀ ਦੀ ਬੇੜੀ ਚ ਬਿਠਾ ਕੇ ਦਾਦੀ ਮਾਂ ਤੇ ਦੋਨੋਂ ਪੋਤਿਆਂ ਨੂੰ ਗੰਗੂ ਅਤੇ ਇੱਕ ਖੱਚਰ ਸਮੇਤ ਸਤਲੁਜ ਦਰਿਆ ਦੇ ਵਿੱਚ ਦੀ ਰੋਪੜ ਵੱਲ ਦੇ ਪਾਸੇ ਕਿਨਾਰੇ ਲੱਗ ਕੇ ਇੱਕ ਪਲਟਣ ਦੇ ਦਰਖਤ ਥੱਲੇ ਜਾ ਉਤਰੇ। ਇਹ ਪੁਰਾਤਨ ਦਰਖਤ ਪਿੰਡ ਢੇਰ ਚੱਕ ਵਿਖੇ ਹੁਣ ਵੀ ਮੌਜੂਦ ਹੈ। ਬਾਬਾ ਕੁੰਮਾ ਮਾਸ਼ਕੀ ਜੀ ਇਸ ਦਰਖਤ ਨਾਲ ਬੇੜੀ ਬੰਨਿਆ ਕਰਦੇ ਸਨ। ਮਾਤਾ ਗੁਜਰ ਕੌਰ ਜੀ ਨੇ ਜਾਣ ਲੱਗਿਆਂ ਮਾਈ ਲਕਸ਼ਮੀ ਨੂੰ ਦੋ ਮੋਹਰਾਂ ਦੇ ਮੁੱਲ ਦੀ ਆਰਸੀ ਦਿੱਤੀ ਜੋ ਅੰਗੂਠੇ ਚ ਪਾਉਣ ਵਾਲਾ ਸ਼ੀਸ਼ਾ ਜੜਿਆ ਕੀਮਤੀ ਗਹਿਣਾ ਹੁੰਦਾ ਹੈ ਤੇ ਨਾਲ ਸੋਨੇ ਦੀਆਂ ਪੰਜ ਚੂੜੀਆਂ ਵੀ ਦਿੱਤੀਆਂ। ਕੁੰਮੇ ਮਾਸ਼ਕੀ ਨੂੰ ਮਾਤਾ ਜੀ ਨੇ ਪੰਜ ਰੁਪਏ ਦਿੱਤੇ, ਉਸਨੇ ਬਹੁਤ ਸ਼ਰਧਾ ਨਾਲ ਮਾਤਾ ਜੀ ਨੂੰ ਮੱਥਾ ਟੇਕ ਕੇ ਲੈ ਲਏ ਤੇ ਹੱਥ ਜੋੜ ਕੇ ਕਈ ਵਾਰ ਸ਼ਰਧਾ ਨਾਲ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਸਿਰ ਨਿਵਾਇਆ। ਉਥੋਂ ਗੰਗੂ ਪਾਪੀ ਲਾਲਚ ਵਸ ਹੋ ਕੇ ਰੋਪੜ ਦੀ ਸਹੀ ਰਾਹ ਛੱਡ ਕੇ ਜਾਣ ਬੁਝ ਕੇ ਇਧਰ ਉਧਰ ਦੀ ਹੁੰਦਾ ਹੋਇਆ ਅੱਠ ਪੋਹ ਦੀ ਰਾਤ ਪਿੰਡ ਕਾਈਨੋਰ ਦੇ ਤਲਾਅ ਦੇ ਕਿਨਾਰੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਤੀਤ ਕਰਵਾ ਕੇ ਅਗਲੀ ਸਵੇਰ ਨੂੰ ਐਮੇ ਸਾਹਿਬ ਵਿਖੇ ਸਥਾਨ ਤੋਂ ਹੁੰਦਾ ਹੋਇਆ 9 ਪੋਹ ਦੀ ਰਾਤ ਨੂੰ ਆਪਣੇ ਪਿੰਡ ਘਰ ਪਿੰਡ ਸਹੇੜੀ (ਖੇੜੀ) ਲੈ ਗਿਆ। ਅਗਲੀ ਸਵੇਰ ਨੂੰ ਗੰਗੂ ਪਾਪੀ ਨੇ ਮਰਿੰਡੇ ਦੇ ਹਾਕਮਾਂ ਨੂੰ ਇਤਲਾਹ ਦੇ ਕੇ ਆਪਣੇ ਘਰੋਂ ਦਾਦੀ ਮਾਂ ਤੇ ਪੋਤਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। 10 ਪੋਹ ਦੀ ਰਾਤ ਦੋਨੋਂ ਪੋਤਿਆਂ ਨੇ ਦਾਦੀ ਮਾਂ ਦੀ ਬੁੱਕਲ ਚ ਮਰਿੰਡੇ ਦੀ ਕੋਤਵਾਲੀ ਵਿੱਚ ਬਤੀਤ ਕੀਤੀ। ਇਥੋਂ ਇਹਨਾਂ ਤਿੰਨ ਰੱਬੀ ਰੂਹਾਂ ਨੂੰ ਸਰਹੰਦ ਭੇਜ ਦਿੱਤਾ ਗਿਆ। 11-12 ਪੋਹ ਦੀਆਂ ਠਰੀਆਂ ਦੋ ਰਾਤਾਂ ਠੰਡੇ ਬੁਰਜ ਵਿੱਚ ਕੈਦ ਕਰਕੇ 13 ਪੋਹ 1761 ਬਿਕਰਮੀ 27 ਸਤੰਬਰ 1704 ਈਸਵੀ ਨੂੰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹੰਦ ਦੇ ਜਾਲਮੀ ਹਾਕਮ ਵਜ਼ੀਰ ਖਾਨ ਦੇ ਹੁਕਮ ਨਾਲ ਜਿਉਂਦੇ ਜੀ ਨੀਹਾਂ ਵਿੱਚ ਚਿਣਾ ਕੇ ਸ਼ਹੀਦ ਕਰ ਦਿੱਤਾ ਗਿਆ। ਪੋਤਿਆਂ ਦੀ ਸ਼ਹੀਦੀ ਦਾ ਬਿਤਰਾਂਤ ਸੁਣ ਕੇ ਦਾਦੀ ਮਾਂ ਗੁਜਰ ਕੌਰ ਜੀ ਆਤਮਿਕ ਬਲ ਨਾਲ ਸਮਾਧੀ ਲੀਨ ਹੋ ਕੇ ਠੰਡੇ ਬੁਰਜ ਵਿੱਚ ਸਰੀਰ ਤਿਆਗ ਗਏ। ਉਹ ਮਾਸੂਮ ਤੇ ਦਲੇਰ ਪੋਤਿਆਂ ਨਾਲ ਜਾ ਮਿਲੇ। ਇਸੇ ਸ਼ਾਮ ਨੂੰ ਢੋਡਰ ਮੱਲ ਜੈਨ ਦੇ ਧਰਤੀ ਤੇ ਮੋਹਰਾਂ ਵਿਛਾ ਕੇ ਸਾਰੀ ਦੁਨੀਆਂ ਤੋਂ ਮਹਿੰਗਾ ਮੁੱਲ ਤਾਰ ਕੇ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਵਾਲੀ ਥਾਂ ਤੇ ਮਾਤਾ ਗੁਜਰ ਕੌਰ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਇਕੱਠਾ ਸੰਸਕਾਰ ਕਰ ਦਿੱਤਾ। ਗੁਰਦੁਆਰਾ ਮਾਤਾ ਗੁਜਰ ਕੌਰ (ਯਾਦਗਾਰ ਸਨ ਬਾਬਾ ਕੁੰਮਾ ਮਾਸਕੀ ਜੀ) ਪਿੰਡ ਚੱਕ ਢੇਰਾਂ ਵਾਲੇ ਅਸਥਾਨ ਦੀ ਖੋਜ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਚਾਰ ਸਾਲਾਂ ਦੀ ਕਰੜੀ ਮਿਹਨਤ ਕਰਵਾ ਕੇ ਭਾਈ ਸੁਰਿੰਦਰ ਸਿੰਘ ਖਾਲਸਾ ਪਿੰਡ ਖਜੂਰਲਾ ਪਾਸੋਂ 2004 ਈਸਵੀ ਨੂੰ ਕਰਵਾਈ। ਇਸ ਸਥਾਨ ਤੇ 6-7-8 ਪੋਹ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਅਤੇ ਬਹੁਤ ਭਾਰੀ ਇਕੱਠ ਵਿੱਚ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਹੈ।

ਸਮੂਹ ਸਾਧ ਸੰਗਤ ਜੀਓ ਇਸ ਅਸਥਾਨ ਦੀ ਕਾਰ ਸੇਵਾ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲ ਰਹੀ ਹੈ ਆਪ ਜੀ ਵੀ ਕ੍ਰਿਪਾ ਕਰਕੇ ਇਸ ਚੱਲ ਰਹੀ ਸੇਵਾ ਵਿਚ ਤਨ, ਮਨ, ਧਨ ਨਾਲ ਵਧ ਚੜ੍ਹ ਕੇ ਹਿੱਸਾ ਪਾਓ। ਇਸ ਅਸਥਾਨ ਦੀ ਸੇਵਾ ਲਈ ਦੇਸ-ਵਿਦੇਸ਼ ਵਿੱਚ ਕਿਤੇ ਵੀ ਉਗਰਾਹੀ ਨਹੀਂ ਕੀਤੀ ਜਾਂਦੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top