ਸੁਰੱਖਿਅਤ ਭੋਜਨ ਬਾਰੇ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ’ਚ ਈਟ ਰਾਈਟ ਪਹਿਲਕਦਮੀਆਂ ’ਤੇ ਵਿਚਾਰ-ਵਟਾਂਦਰਾ

ਜਲੰਧਰ, 31 ਜਨਵਰੀ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਸੁਰੱਖਿਅਤ ਭੋਜਨ ਬਾਰੇ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਲੋਕਾਂ ਨੂੰ ਸੁਰੱਖਿਅਤ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਉਪਲਬਧ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਈਟ ਰਾਈਟ ਸਕੂਲ, ਈਟ ਰਾਈਟ ਕੈਂਪਸ, ਕਲੀਨ ਫੂਡ ਸਟ੍ਰੀਟ, ਫੂਡ ਸੇਫ਼ਟੀ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ, ਹਾਈਜੀਨ ਰੇਟਿੰਗ, ਜਲੰਧਰ ’ਚ ਹਾਈ ਰਿਸਕ ਆਡਿਟ ਕੀਤੇ ਜਾਣ ਸਮੇਤ ਈਟ ਰਾਈਟ ਪਹਿਲਕਦਮੀਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੁਰੱਖਿਅਤ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਉਪਲਬਧ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਮਿਲਕ ਸੈਲਰ ਐਸੋਸੀਏਸ਼ਨ ਨੂੰ ਪੂਰੀ ਪ੍ਰਮਾਣਿਕਤਾ ਦੇ ਨਾਲ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ।
ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈਟ ਰਾਈਟ ਮੇਲਾ ਲਗਾਉਣ ਸਬੰਧੀ ਰੂਪ-ਰੇਖਾ ਵੀ ਉਲੀਕੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਮਿਆਰੀ ਅਤੇ ਉੱਚ ਗੁਣਵੱਤਾ ਵਾਲੇ ਭੋਜਨ ਦੇ ਨਾਲ-ਨਾਲ ਖਾਣ-ਪੀਣ ਵਾਲੀਆਂ ਥਾਵਾਂ ’ਤੇ ਸਾਫ਼-ਸਫਾਈ ਵੀ ਯਕੀਨੀ ਬਣਾਉਣ ਲਈ ਕਿਹਾ।
ਇਸ ਦੌਰਾਨ ਦਸੰਬਰ ਮਹੀਨੇ ਦੀ ਮਹੀਨਵਾਰ ਰਿਪੋਰਟ ’ਤੇ ਵੀ ਵਿਚਾਰ-ਚਰਚਾ ਵੀ ਕੀਤੀ ਗਈ।

Leave a Comment

Your email address will not be published. Required fields are marked *

Scroll to Top