ਜਲੰਧਰ/ਨਕੋਦਰ, 21 ਅਪ੍ਰੈਲ : ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਮਹਿਲਾਵਾਂ ਨੂੰ ਰੋਜ਼ਗਾਰ ਮੁਖੀ ਸਿਖ਼ਲਾਈ ਪ੍ਰਦਾਨ ਕਰਨ ਕਰਕੇ ਉਨ੍ਹਾਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਨਕੋਦਰ ਵਿਖੇ ਚੱਲ ਰਹੇ ਸਕਿੱਲ ਸੈਂਟਰ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ’ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ, ਜਲੰਧਰ ਦੇ ਸਹਿਯੋਗ ਨਾਲ ਮਹਿਲਾਵਾਂ ਨੂੰ ‘ਨਿਊ ਚਾਈਲਡ ਐਂਡ ਮਦਰ ਕੇਅਰ’ ਕੋਰਸ ਕਰਵਾਇਆ ਜਾ ਰਿਹਾ ਹੈ।
ਇਸ ਕੋਰਸ ਲਈ ਨਕੋਦਰ ਦੇ ਸੈਲਫ਼ ਹੈਲਪ ਗਰੁੱਪਾਂ ਵਿੱਚੋਂ 30 ਉਮੀਦਵਾਰ ਚੁਣੀਆਂ ਗਈਆਂ ਹਨ, ਜੋ ਇਸ ਟ੍ਰੇਨਿੰਗ ਵਿੱਚ ਭਾਗ ਲੈ ਰਹੀਆਂ ਹਨ। ਕੋਰਸ ਦੀ ਸਮਾਪਤੀ ਉਪਰੰਤ ਉਮੀਦਵਾਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਵੱਲੋਂ ਨਕੋਦਰ ਵਿਖੇ ਚੱਲ ਰਹੇ ਇਸ ਸਕਿੱਲ ਟ੍ਰੇਨਿੰਗ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਟ੍ਰੇਨਿੰਗ ਲੈ ਰਹੀਆਂ ਸਿਖਿਆਰਥਣਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਿਖਿਆਰਥਣਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਸ ਮੌਕੇ ਜ਼ਿਲ੍ਹਾ ਮੈਨੇਜਰ (ਪੀ.ਐਸ.ਡੀ.ਐਮ.) ਸੂਰਜ ਕਲੇਰ, ਪ੍ਰਿੰਸੀਪਲ ਸਤਯਮ ਪਾਲੀਟੈਕਨਿਕ ਕਾਲਜ, ਨਕੋਦਰ ਪਰਸ ਚੱਢਾ ਵੀ ਮੌਜੂਦ ਸਨ।

















































